ਭਾਰਤ ਭੂਸ਼ਣ ਸ਼ਰਮਾ ਦੀ ਰਿਪੋਰਟ


Patiala News: ਸਰਦੀਆਂ ਦਾ ਮੌਸਮ ਆਉਂਦੇ ਹੀ ਗੁੜ ਭਾਰਤ ਦੇ ਲੋਕਾਂ ਦੀ ਖੁਰਾਕ ਦਾ ਹਿੱਸਾ ਬਣ ਜਾਂਦਾ ਹੈ। ਅੱਜ-ਕੱਲ੍ਹ ਗੁੜ ਦੀਆਂ ਮਠਿਆਈਆਂ ਵੀ ਭਰਪੂਰ ਮਾਤਰਾ ਵਿੱਚ ਵਿਕਣ ਲੱਗੀਆਂ ਹਨ। ਸਿਹਤ ਪ੍ਰਤੀ ਜਾਗਰੂਕ ਲੋਕ ਗੁੜ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਲੱਗੇ ਹਨ। ਦੂਜੇ ਪਾਸੇ ਚੀਨੀ ਨਾਲੋਂ ਬਿਹਤਰ ਮੰਨੇ ਜਾਣ ਵਾਲੇ ਗੁੜ ਨੂੰ ਬਣਾਉਣ ਦੀ ਪ੍ਰਕਿਰਿਆ ਵੀ ਘੱਟ ਦਿਲਚਸਪ ਨਹੀਂ। ਇਸ ਬਾਰੇ ਏਬੀਪੀ ਸਾਂਝਾ ਦੀ ਟੀਮ ਨੇ ਕਿਸਾਨ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਪਰਮਜੀਤ ਸਿੰਘ ਦੀ ਸ਼ਾਹੀ ਸ਼ਹਿਰ ਪਟਿਆਲਾ ਦੀ ਸਰਹਿੰਦ ਰੋਡ 'ਤੇ ਸਰਦਾਰ ਜੀ ਗੁੜ ਘਲਾੜੀ ਹੈ।


ਜਾਣੋ ਕਿਵੇਂ ਬਣਾਇਆ ਜਾਂਦਾ ਗੁੜ੍ਹ


ਗੰਨੇ ਨੂੰ ਖੇਤਾਂ ਵਿੱਚੋਂ ਕੱਟ ਕੇ ਗੁੜ ਬਣਾਉਣ ਵਾਲੀ ਘਲਾੜੀ ਵਿੱਚ ਲਿਆਂਦਾ ਜਾਂਦਾ ਹੈ। ਫਿਰ ਵੇਲ੍ਹਣੇ (ਕਰੱਸ਼ਰ) ਵਿੱਚ ਪੀਸਿਆ ਜਾਂਦਾ ਹੈ ਜਿੱਥੋਂ ਰੌਅ (ਜੂਸ) ਕੱਢੀ ਜਾਂਦੀ ਹੈ। ਰੌਅ ਨੂੰ ਫਿਲਟਰ ਕਰਨ ਤੋਂ ਬਾਅਦ ਇੱਕ ਵੱਡੇ ਕੜਾਹੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਉਬਾਲਿਆ ਜਾਂਦਾ ਹੈ। ਇਸ ਸਮੇਂ ਦੌਰਾਨ ਕੜਾਹੇ ਵਿੱਚ ਚਿੱਟੀ ਝੱਗ ਬਣਨੀ ਸ਼ੁਰੂ ਹੋ ਜਾਂਦੀ ਹੈ ਜੋ ਅਸਲ ਵਿੱਚ ਗੰਦਗੀ ਹੁੰਦੀ ਹੈ। ਇਸ ਨੂੰ ਕੱਢੀ ਜਾਈਦਾ ਤਾਂ ਜੋ ਸਾਫ ਗੁੜ ਬਣ ਸਕੇ। 


ਉਬਾਲਣ ਦੀ ਪ੍ਰਕਿਰਿਆ ਇੱਕ ਬਰਤਨ ਵਿੱਚ ਨਹੀਂ ਹੁੰਦੀ ਸਗੋਂ ਦੋ-ਤਿੰਨ ਭਾਂਡੇ ਵਰਤੇ ਜਾਂਦੇ ਹਨ। ਉਬਾਲਣ ਨਾਲ ਰੌਅ ਗਾੜ੍ਹੀ ਹੋ ਜਾਂਦੀ ਹੈ ਤੇ ਇਸ ਦਾ ਰੰਗ ਭੂਰਾ ਤੇ ਪੀਲਾ ਹੋ ਜਾਂਦਾ ਹੈ। ਆਖਰ ਕੜਾਹੀ ਵਿੱਚ ਇਹ ਬਹੁਤ ਚੰਗੀ ਤਰ੍ਹਾਂ ਪੱਕ ਜਾਂਦਾ ਹੈ ਤੇ ਇੱਕ ਵਧੀਆ ਖੁਸ਼ਬੂਦਾਰ ਪੇਸਟ ਦੇ ਰੂਪ ਵਿੱਚ ਦਿਖਾਈ ਦੇਣ ਲੱਗਦਾ ਹੈ।


ਗਾੜ੍ਹੇ ਪੇਸਟ ਨੂੰ ਹੁਣ ਇੱਕ ਲੱਕੜੀ ਦੇ ਚੌਖਟੇ ਜਿਸ ਨੂੰ ਗੰਢ ਕਹਿੰਦੇ ਹਨ, ਵਿੱਚ ਠੰਢਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਸਖ਼ਤ ਹੋ ਜਾਂਦਾ ਹੈ ਤੇ ਗੁੜ ਦੇ ਰੂਪ ਵਿੱਚ ਆਉਂਦਾ ਹੈ। ਗੁੜ ਨੂੰ ਕਈ ਆਕਾਰ ਦਿੱਤੇ ਜਾਂਦੇ ਹਨ। ਅੱਜ ਕੱਲ੍ਹ ਇਸ ਨੂੰ ਬਰਫ਼ੀ ਵਰਗੇ ਪਤਲੇ ਟੁਕੜਿਆਂ ਵਿੱਚ ਵੀ ਢਾਲਿਆ ਜਾਂਦਾ ਹੈ ਤੇ ਪੈਕ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ: Student Visa: ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦਾ ਝਟਕਾ ! ਨਿਯਮ ਸਖ਼ਤ ਕਰਕੇ ਘਟਾਈ ਜਾਵੇਗੀ ਵੀਜ਼ਿਆਂ ਦੀ ਗਿਣਤੀ


ਗੁੜ ਕਈ ਰੂਪਾਂ ਵਿੱਚ ਵੇਚਿਆ ਜਾਂਦਾ ਹੈ। ਇਸ ਕਾਰਨ ਤਿਆਰ ਕਰਦੇ ਸਮੇਂ ਇਸ ਵਿੱਚ ਕਈ ਚੀਜ਼ਾਂ ਮਿਲਾ ਦਿੱਤੀਆਂ ਜਾਂਦੀਆਂ ਹਨ। ਗੁੜ ਵਿੱਚ ਬਦਾਮ, ਕਾਜੂ, ਮੁੰਗਫਲੀ, ਸੌਂਫ, ਅਜਵਾਇਨ ਆਦਿ ਸੁੱਕੇ ਮੇਵੇ ਪਾ ਕੇ ਵੇਚਦੇ ਹਨ। ਇਹ ਸਿਹਤ ਲਈ ਊਰਜਾਵਾਨ, ਖੂਨ ਵਧਾਉਣ ਤੇ ਸ਼ੁੱਧ ਕਰਨ ਵਾਲਾ, ਆਇਰਨ ਦੀ ਕਮੀ ਨੂੰ ਪੂਰਾ ਕਰਨ ਵਾਲਾ ਤੇ ਜ਼ੁਕਾਮ ਨੂੰ ਘੱਟ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ।


ਇਹ ਵੀ ਪੜ੍ਹੋ: Punjabi Gur: ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ 'ਚ ਜਾਂਦਾ ਪੰਜਾਬ ਦੇ ਵੇਲਣੇ ਦਾ ਗੁੜ