(Source: ECI/ABP News/ABP Majha)
Patiala News: 60 ਸੀਟਾਂ 'ਤੇ 187 ਵਿਦਿਆਰਥੀਆਂ ਦੇ ਦਾਖ਼ਲੇ? ਯੂਨੀਵਰਸਿਟੀ ਦੇ ਚਾਂਸਲਰ ਸਣੇ 16 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ
Desh Bhagat University: ਪੁਲਿਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਯੂਨੀਵਰਸਿਟੀ ਦੇ ਕੁਲਪਤੀ ਤੇ 11 ਅਧਿਕਾਰੀਆਂ ਸਣੇ 16 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ...
Patiala News: ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਨਰਸਿੰਗ ਦੀਆਂ 60 ਸੀਟਾਂ ਦੀ ਥਾਂ 187 ਵਿਦਿਆਰਥੀਆਂ ਦੇ ਦਾਖ਼ਲੇ ਦਾ ਮਾਮਲਾ ਭੱਖ ਗਿਆ ਹੈ। ਪੁਲਿਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਯੂਨੀਵਰਸਿਟੀ ਦੇ ਕੁਲਪਤੀ ਤੇ 11 ਅਧਿਕਾਰੀਆਂ ਸਣੇ 16 ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਧਰਨਾ ਮੁੱਖ ਮਾਰਗ ਤੋਂ ਹਟਾ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਤਬਦੀਲ ਕਰ ਲਿਆ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਨੂੰ ਵਿਦਿਆਰਥੀਆਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜ਼ਿਲ੍ਹਾ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ, ਕਮਲਜੀਤ ਸਿੰਘ ਗਿੱਲ ਤੇ ਹੋਰ ਵਰਕਰ ਧਰਨੇ ’ਤੇ ਬੈਠੇ ਵਿਦਿਆਰਥੀਆਂ ਨੂੰ ਮਿਲੇ ਸਨ।
ਉਧਰ, ਇੱਕ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ 14 ਵਿਦਿਆਰਥੀਆਂ ’ਤੇ ਕੇਸ ਦਰਜ ਕਰ ਦਿੱਤਾ ਸੀ, ਜਿਸ ਬਾਰੇ ਜਾਣਕਾਰੀ ਮਿਲਣ ’ਤੇ ਧਰਨੇ ਦੌਰਾਨ ਪੰਜ ਵਿਦਿਆਰਥਣਾਂ ਬੇਹੋਸ਼ ਹੋ ਗਈਆਂ, ਜਿਨ੍ਹਾਂ ਨੂੰ ਅਕਾਲੀ ਆਗੂਆਂ ਨੇ ਹਸਪਤਾਲ ਦਾਖ਼ਲ ਕਰਵਾਇਆ। ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਗੁੱਸੇ ਵਿਚ ਆਏ ਧਰਨਾਕਾਰੀਆਂ ਤੇ ਅਕਾਲੀ ਆਗੂਆਂ ਨੇ ਮੰਡੀ ਗੋਬਿੰਦਗੜ੍ਹ-ਨਾਭਾ ਮੁੱਖ ਮਾਰਗ ’ਤੇ ਮਾਰਗ ਜਾਮ ਕਰ ਦਿੱਤਾ। ਇਸ ਮੌਕੇ ਉਪ ਪੁਲੀਸ ਕਪਤਾਨ ਗੁਰਬੰਸ ਸਿੰਘ ਬੈਂਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦੇ ਹੋਏ ਭਰੋਸਾ ਦਿਤਾ ਕਿ ਵਿਦਿਆਰਥੀਆਂ ਵਿਰੁੱਧ ਦਰਜ ਕੇਸ ਰੱਦ ਕੀਤਾ ਜਾਵੇਗਾ।
ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਕਾਲਜ ਨੇ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਅਲਾਟ ਕੀਤੀਆਂ ਸੀਟਾਂ ਨਾਲੋਂ ਵੱਧ ਵਿਦਿਆਰਥੀ ਦਾਖ਼ਲ ਕਰਕੇ ਉਨ੍ਹਾਂ ਦਾ ਭਵਿੱਖ ਖ਼ਰਾਬ ਕੀਤਾ ਹੈ। ਕਾਲਜ ਨੂੰ 60 ਸੀਟਾਂ ਅਲਾਟ ਹਨ ਪਰ ਕਾਲਜ ਨੇ 187 ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਹੈ। ਕਾਲਜ ਅਧਿਕਾਰੀ ਲਾਲ ਸਿੰਘ ਕਾਲਜ ਦੀ ਡਿਗਰੀ ਦੀ ਪੇਸ਼ਕਸ਼ ਕਰ ਰਹੇ ਹਨ ਜਿਸ ਨੂੰ ਆਈਐਨਸੀ ਤੇ ਕਿਸੇ ਦੂਸਰੇ ਸੂਬੇ ਦੀ ਮਾਨਤਾ ਨਹੀਂ।
ਉਨ੍ਹਾਂ ਮੰਗ ਕੀਤੀ ਕਿ ਨਰਸਿੰਗ ਕੌਂਸਲ ਤੋਂ ਮਨਜ਼ੂਰ ਕਾਲਜ ਤੋਂ ਉਨ੍ਹਾਂ ਦੀਆਂ ਡਿਗਰੀਆਂ ਦਾ ਪ੍ਰਬੰਧ ਕਰਵਾਇਆ ਜਾਵੇ। ਇਸ ਤੋਂ ਬਾਅਦ ਬੀਐਸਸੀ ਨਰਸਿੰਗ ਬੈਚ 2020 ਦੇ ਸਾਲ ਤੀਜੇ ਦੇ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ, ਉਪ ਕੁਲਪਤੀ ਤਜਿੰਦਰ ਕੌਰ, ਮੀਤ ਪ੍ਰਧਾਨ ਹਰਸ਼ਦੀਪ ਸਿੰਘ, ਪੈਰਾ ਮੈਡੀਕਲ ਦੇ ਐਚ.ਕੇ.ਸਿੱਧੂ, ਸਕਿਉਰਿਟੀ ਇੰਚਾਰਜ ਦਰਸ਼ਨ ਸਿੰਘ, ਵੈਲਡਰ ਸੋਨੂ, ਸੀਐਸਓ ਕੁਲਦੀਪ ਸਿੰਘ, ਸਟਾਫ਼ ਮੈਂਬਰ ਹਰਵਿੰਦਰ ਸਿੰਘ, ਸੰਦੀਪ, ਖੁਸ਼ਬੂ, ਡਾਇਰੈਕਟਰ ਲਵ ਸਪੂਰਨ ਅਤੇ ਪ੍ਰਧਾਨ ਸੰਦੀਪ ਸਿੰਘ ਸਮੇਤ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।