Patiala News: ਘੱਗਰ ਤੇ ਟਾਂਗਰੀ ਨੇ ਫਿਰ ਡਰਾਏ ਲੋਕ, ਹਿਮਾਚਲ 'ਚ ਬਾਰਸ਼ ਕਰਕੇ ਨਦੀਆਂ 'ਚ ਚੜ੍ਹਿਆ ਪਾਣੀ
Patiala News: ਹਿਮਾਚਲ ਪ੍ਰਦੇਸ਼ ’ਚ ਹੋਈ ਬਾਰਸ਼ ਨੇ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਵਧਾ ਦਿੱਤਾ ਹੈ। ਉਂਝ ਰਾਹਤ ਦੀ ਗੱਲ ਹੈ ਕਿ ਹੁਣ ਮੌਸਮ ਸਾਫ ਹੋ ਰਿਹਾ ਹੈ। ਹਿਮਾਚਲ ਵਿੱਚ ਬਾਰਸ਼ ਕਰਕੇ ਪਟਿਆਲਾ ਜ਼ਿਲ੍ਹੇ ...
Patiala News: ਹਿਮਾਚਲ ਪ੍ਰਦੇਸ਼ ’ਚ ਹੋਈ ਬਾਰਸ਼ ਨੇ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਵਧਾ ਦਿੱਤਾ ਹੈ। ਉਂਝ ਰਾਹਤ ਦੀ ਗੱਲ ਹੈ ਕਿ ਹੁਣ ਮੌਸਮ ਸਾਫ ਹੋ ਰਿਹਾ ਹੈ। ਹਿਮਾਚਲ ਵਿੱਚ ਬਾਰਸ਼ ਕਰਕੇ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਦਾ ਪੱਧਰ ਵਧਣ ਲੱਗਾ ਹੈ। ਭਾਵੇਂ ਦੇਰ ਰਾਤ ਤੱਕ ਹਾਲਾਤ ਪੂਰੀ ਤਰ੍ਹਾਂ ਕਾਬੂ ’ਚ ਸਨ, ਪਰ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਖੇਤਰ ਦੇ ਲੋਕ ਦੋ ਵਾਰ ਹੜ੍ਹਾਂ ਦੀ ਮਾਰ ਝੱਲ ਚੁੱਕੇ ਹਨ। ਇੱਥੋਂ ਤੱਕ ਕਿ ਕਈ ਕਿਸਾਨਾਂ ਨੂੰ ਤਾਂ ਤੀਜੀ ਵਾਰ ਝੋਨਾ ਲਾਉਣਾ ਪਿਆ ਹੈ। ਇਸ ਤੋਂ ਇਲਾਵਾ ਇਸ ਖੇਤਰ ’ਚ ਕਈ ਮਨੁੱਖੀ ਅਨੇਕਾਂ ਹੀ ਪਸ਼ੂਆਂ ਦੀਆਂ ਜਾਨਾਂ ਵੀ ਹੜ੍ਹ ਦੀ ਭੇਟ ਚੜ੍ਹ ਚੁੱਕੀਆਂ ਹਨ। ਉਧਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾ ਚੌਕਸ ਹੈ।
ਹਾਸਲ ਜਾਣਕਾਰੀ ਅਨਸਾਰ ਪਟਿਆਲਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਹੜ੍ਹਾਂ ਦਾ ਕਾਰਨ ਬਣਦੇ ਘੱਗਰ ਦੇ ਸਰਾਲਾ ਹੈੱਡ ’ਤੇ 24 ਅਗਸਤ ਨੂੰ ਸਵੇਰੇ ਪੌਣੇ ਚੌਦਾਂ ਫੁੱਟ ਤੱਕ ਪਾਣੀ ਸੀ, ਜੋ ਸ਼ਾਮ ਤੱਕ ਵਧ ਚੁੱਕਾ ਸੀ। ਇੱਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਉਂਜ ਪਿਛਲੇ ਦਿਨੀਂ ਆਏ ਹੜ੍ਹਾਂ ਦੌਰਾਨ ਇੱਥੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਚਾਰ ਫੁੱਟ ਉੱਪਰ, ਭਾਵ ਵੀਹ ਫੁੱਟ ਤੱਕ ਵਹਿੰਦਾ ਰਿਹਾ ਹੈ ਪਰ ਇਸ ਦੌਰਾਨ ਕੁਝ ਥਾਵਾਂ ਤੋਂ ਘੱਗਰ ਉੱਛਲ ਤੇ ਟੁੱਟ ਗਿਆ ਸੀ ਜਿਸ ਕਰਕੇ ਹੁਣ ਵੀ ਲੋਕਾਂ ਦੀਆਂ ਨਿਗਾਹਾਂ ਇਸੇ ਹੈੱਡ ’ਤੇ ਟਿਕੀਆਂ ਹੋਈਆਂ ਹਨ।
ਹੜ੍ਹ ਰੋਕੂ ਸੰਘਰਸ਼ ਕਮੇਟੀ ਦੇ ਆਗੂ ਪ੍ਰੇਮ ਸਿੰਘ ਭੰਗੂ, ਜਸਮੇਰ ਸਿੰਘ ਲਾਛੜੂ, ਪਵਨ ਸੋਗਲਪੁਰ ਤੇ ਕਈ ਹੋਰਨਾ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਹੀ ਇਸ ਖੇਤਰ ਦੇ ਲੋਕਾਂ ਨੂੰ ਹੜ੍ਹਾਂ ਦੀ ਮਾਰ ਝੱਲਣੀ ਪੈਂਦੀ ਹੈ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਦੀ ਅਗਵਾਈ ਹੇਠ ਕਮੇਟੀ ਦੇ ਵਫਦ ਨੇ ਪਟਿਆਲਾ ਆ ਕੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕੁਝ ਸੁਝਾਅ ਤੇ ਮੰਗਾਂ ਵੀ ਪੇਸ਼ ਕੀਤੀਆਂ ਹਨ।
ਇਸੇ ਤਰ੍ਹਾਂ ਪਟਿਆਲਾ ਪਿਹੋਵਾ ਰੋਡ ’ਤੇ ਦੇਵੀਗੜ੍ਹ ਕੋਲ਼ ਸਥਿਤ ਟਾਂਗਰੀ ਨਦੀ ਦੇ ਪੁਲ ’ਤੇ ਵੀਰਵਾਰ ਨੂੰ ਜਿੱਥੇ ਸਵੇਰੇ 10 ਵਜੇ ਪਾਣੀ ਦਾ ਪੱਧਰ ਸਾਢੇ ਛੇ ਫੁੱਟ ਤੱਕ ਸੀ, ਜੋ ਸ਼ਾਮ ਤੱਕ ਵਧ ਕੇ ਨੌ ਫੁੱਟ ਹੋ ਗਿਆ ਸੀ। ਇਸ ਟਾਂਗਰੀ ’ਚ ਪਾਣੀ ਵਧਣ ਨਾਲ ਵੀ ਕਿਉਂਕਿ ਕਾਫੀ ਨੁਕਸਾਨ ਹੁੰਦਾ ਆਇਆ ਹੈ, ਜਿਸ ਕਰਕੇ ਇਥੇ ਪਾਣੀ ਦੇ ਪੱਧਰ ਦਾ ਵਧਣਾ ਵੀ ਲੋਕਾਂ ਲਈ ਚਿੰਤਾਵਾਂ ਦਾ ਕਾਰਨ ਬਣਿਆ ਹੋਇਆ ਹੈ। ਮਾਰਕੰਡਾ, ਜਿਸ ’ਚ ਖਤਰੇ ਦਾ ਨਿਸ਼ਾਨ ਵੀਹ ਫੁੱਟ ’ਤੇ ਹੈ, ਵਿੱਚ ਵੀ ਸਵੇਰੇ 10 ਵਜੇ ਦੇ ਮੁਕਾਬਲੇ ਪਾਣੀ ਦਾ ਪੱਧਰ ਇੱਥ ਫੁੱਟ ਵਧ ਗਿਆ ਹੈ ਕਿਉਂਕਿ ਸਵੇਰੇ ਇਥੇ 14 ਫੁੱਟ ਅਤੇ ਸ਼ਾਮ ਨੂੰ 15 ਫੁੱਟ ਪਾਣੀ ਵਹਿ ਰਿਹਾ ਸੀ।