(Source: ECI/ABP News)
Firing in Wedding: ਸਰਪੰਚ ਦੇ ਮੁੰਡੇ ਦੇ ਵਿਆਹ 'ਚ ਚੱਲੀਆਂ ਤਾੜ-ਤਾੜ ਗੋਲੀਆਂ! ਫੁਕਰਪੰਤੀ 'ਚ ਕੀਤਾ ਵੱਡਾ ਕਾਰਾ
Firing at wedding of Sarpanch son in Hoshiarpur: ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸਰਪੰਚ ਦੇ ਪੁੱਤਰ ਦੇ ਵਿਆਹ ਵਿੱਚ ਤਾੜ-ਤਾੜ ਗੋਲੀਆਂ ਚੱਲ਼ਣ ਲੱਗੀਆਂ। ਵਿਆਹ ਸਮਾਗਮ ਵਿੱਚ ਡੀਜੇ 'ਤੇ ਡਾਂਸ ਚੱਲ ਰਿਹਾ ਸੀ। ਫਿਰ ਨੌਜਵਾਨਾਂ

Firing at wedding of Sarpanch son in Hoshiarpur: ਪੰਜਾਬ ਦੇ ਹੁਸ਼ਿਆਰਪੁਰ ਵਿੱਚ ਸਰਪੰਚ ਦੇ ਪੁੱਤਰ ਦੇ ਵਿਆਹ ਵਿੱਚ ਤਾੜ-ਤਾੜ ਗੋਲੀਆਂ ਚੱਲ਼ਣ ਲੱਗੀਆਂ। ਵਿਆਹ ਸਮਾਗਮ ਵਿੱਚ ਡੀਜੇ 'ਤੇ ਡਾਂਸ ਚੱਲ ਰਿਹਾ ਸੀ। ਫਿਰ ਨੌਜਵਾਨਾਂ ਨੇ ਪਿਸਤੌਲ ਤੇ ਬੰਦੂਕਾਂ ਕੱਢੀ ਲਈਆਂ ਤੇ ਤਾੜ-ਤਾੜ ਗੋਲੀਆਂ ਚਲਾਉਣ ਲੱਗੇ। ਇਸ ਦੌਰਾਨ ਦਹਿਸ਼ਤ ਦਾ ਮਾਹੌਲ ਬਣ ਗਿਆ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਗਨ ਕਲਚਰ 'ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਲਗਪਗ ਤਿੰਨ ਸਾਲ ਪਹਿਲਾਂ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਪਾਬੰਦੀ ਲਗਾ ਦਿੱਤੀ ਸੀ। ਪੰਜਾਬ ਸਰਕਾਰ ਨੇ ਇਸ ਸਬੰਧੀ ਇੱਕ ਗਾਈਡਲਾਈਨ ਵੀ ਜਾਰੀ ਕੀਤੀ ਸੀ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਸਖ਼ਤ ਪਾਬੰਦੀ ਹੋਵੇਗੀ। ਇਸ ਦੇ ਬਾਵਜੂਦ ਪੰਜਾਬ ਵਿੱਚ ਜਸ਼ਨ ਮਨਾਉਣ ਲਈ ਫਾਇਰਿੰਗ ਦੀਆਂ ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ। ਖੁਸ਼ੀ ਦੇ ਸਮਾਰੋਹਾਂ ਦੌਰਾਨ ਜਸ਼ਨ ਮਨਾਉਣ ਲਈ ਫਾਇਰਿੰਗ ਦੀ ਰਵਾਇਤ ਬੰਦ ਨਹੀਂ ਹੋਈ।
ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਇਲਾਕੇ ਦੇ ਪਿੰਡ ਖੁਰਦਾਨ ਦਾ ਹੈ। ਪਿੰਡ ਵਿੱਚ ਇੱਕ ਵਿਆਹ ਦੌਰਾਨ ਕੁਝ ਨੌਜਵਾਨ ਡੀਜੇ 'ਤੇ ਵਜਾਏ ਜਾ ਰਹੇ ਗੀਤਾਂ ਦੀ ਧੁਨ 'ਤੇ ਨੱਚ ਰਹੇ ਸਨ। ਇਸ ਦੌਰਾਨ ਕੁਝ ਨੌਜਵਾਨਾਂ ਨੇ ਖੁੱਲ੍ਹੇਆਮ ਆਪਣੇ ਹਥਿਆਰਾਂ ਨਾਲ ਹਵਾ ਵਿੱਚ ਕਈ ਗੋਲੀਆਂ ਚਲਾਈਆਂ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਗੋਲੀ ਚਲਾਉਣ ਵਾਲਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਦੇ ਅਨੁਸਾਰ ਪਿੰਡ ਖੁਰਦਾਨ ਦੇ ਸਰਪੰਚ ਜਸਪਾਲ ਸਿੰਘ ਦੇ ਛੋਟੇ ਪੁੱਤਰ ਮਨਪ੍ਰੀਤ ਸਿੰਘ ਦੇ ਵਿਆਹ ਵਿੱਚ ਉਸ ਦੇ ਪਰਿਵਾਰਕ ਮੈਂਬਰ ਤੇ ਹੋਰ ਰਿਸ਼ਤੇਦਾਰ ਡੀਜੇ 'ਤੇ ਭੰਗੜਾ ਪਾ ਰਹੇ ਸਨ। ਇਸ ਦੌਰਾਨ ਪਿੰਡ ਖੁਰਦਾਨ ਦੇ ਵਸਨੀਕ ਗੁਰਪ੍ਰੀਤ ਸਿੰਘ ਉਰਫ਼ ਹੈਪੀ ਨੇ ਆਪਣੇ ਨਾਲ ਆਏ 3-4 ਅਣਪਛਾਤੇ ਨੌਜਵਾਨਾਂ ਨਾਲ ਮਿਲ ਕੇ ਹਵਾ ਵਿੱਚ ਗੋਲੀਆਂ ਚਲਾਈਆਂ, ਜਿਸ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਪ੍ਰੀਤ ਸਿੰਘ ਉਰਫ਼ ਹੈਪੀ ਤੇ 3-4 ਹੋਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਇਸ ਸਬੰਧੀ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਉਰਫ਼ ਹੈਪੀ ਤੇ ਹੋਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਫਾਇਰਿੰਗ ਵਿੱਚ ਵਰਤਿਆ ਗਿਆ ਇੱਕ ਪਿਸਤੌਲ ਤੇ ਬੰਦੂਕ ਵੀ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਇਸ ਵੇਲੇ ਫਰਾਰ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੀਐਸਪੀ ਨੇ ਕਿਹਾ ਕਿ ਮੁਲਜ਼ਮਾਂ ਦੇ ਹਥਿਆਰ ਲਾਇਸੈਂਸ ਵੀ ਰੱਦ ਕਰ ਦਿੱਤੇ ਜਾਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
