Patiala News: ਪਟਿਆਲੇ 'ਚ ਧੁੱਪ 'ਚ ਹੀ ਪਿਆ ਮੀਂਹ, ਵੱਧੀ ਹੋਰ ਹੁੰਮਸ, IMD ਵੱਲੋਂ ਕੀਤੀ ਗਈ ਇਹ ਭਵਿੱਖਬਾਣੀ
Patiala News: ਪਟਿਆਲੇ ਦੇ ਵਿੱਚ ਬਦਲਿਆ ਮੌਸਮ, ਧੁੱਪ ਦੇ ਵਿੱਚ ਹੀ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। IMD ਵੱਲੋਂ ਸੋਮਵਾਰ ਤੋਂ ਦੋ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
Punjab Weather Update: ਮੌਸਮ ਵਿਭਾਗ ਨੇ ਸੋਮਵਾਰ ਤੋਂ ਦੋ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਐਤਵਾਰ ਰਾਤ ਤੋਂ ਮਾਨਸੂਨ ਸਰਗਰਮ ਹੋ ਜਾਵੇਗਾ। ਜਿਸ ਕਾਰਨ ਪੰਜਾਬ ਵਿੱਚ ਦੋ ਦਿਨਾਂ ਤੱਕ ਤੇਜ਼ ਹਵਾਵਾਂ ਦੇ ਵਿਚਕਾਰ ਬਾਰਿਸ਼ ਹੋਵੇਗੀ। ਜਿਸ ਦੇ ਚੱਲਦੇ ਪਟਿਆਲੇ ਦੇ ਵਿੱਚ ਕੁੱਝ ਸਮੇਂ ਪਹਿਲਾਂ ਹੀ ਮੀਂਹ ਸ਼ੁਰੂ ਹੋਇਆ ਹੈ। ਪਰ ਧੁੱਪ ਦੇ ਵਿੱਚ ਹੀ ਮੀਂਹ ਪੈਣ ਕਰਕੇ ਹੁੰਮਸ ਹੋਰ ਵੱਧ ਗਈ ਹੈ।
ਕੁਦਰਤ ਦਾ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ, ਧੁੱਪ ਦੇ ਵਿੱਚ ਹੀ ਮੀਂਹ ਪੈਂਦਾ ਹੋਇਆ ਨਜ਼ਰ ਆਇਆ।
IMD ਵੱਲੋਂ ਕੀਤੀ ਗਈ ਇਹ ਭਵਿੱਖਬਾਣੀ
IMD ਮੁਤਾਬਕ ਐਤਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ, ਨਾਲ ਹੀ ਨਮੀ ਵਾਲੀ ਗਰਮੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਵੀ ਮੌਸਮ ਵਿਭਾਗ ਨੇ ਪਿਛਲੇ ਹਫ਼ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ, ਜੋ ਸਹੀ ਸਾਬਤ ਨਹੀਂ ਹੋਈ ਸੀ। ਹੁਣ ਦੇਖਣਾ ਇਹ ਹੈ ਕਿ ਮਾਨਸੂਨ ਜੁਲਾਈ ਦੇ ਆਖ਼ਰੀ ਹਫ਼ਤੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਜ਼ੋਰਦਾਰ ਮੀਂਹ ਪਵੇਗਾ ਜਾਂ ਨਹੀਂ।
ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਅਦ ਦੁਪਹਿਰ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਬਠਿੰਡਾ ਦਾ ਸਭ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਵਿੱਚ 38.6 ਡਿਗਰੀ, ਸੰਗਰੂਰ ਵਿੱਚ 39.7 ਡਿਗਰੀ, ਚੰਡੀਗੜ੍ਹ ਵਿੱਚ 36 ਡਿਗਰੀ, ਲੁਧਿਆਣਾ ਵਿੱਚ 36.2 ਡਿਗਰੀ, ਪਠਾਨਕੋਟ ਵਿੱਚ 37.7 ਡਿਗਰੀ, ਪਠਾਨਕੋਟ ਵਿੱਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ, ਜਲੰਧਰ ਵਿਚ 37.5 ਡਿਗਰੀ ਤਾਪਮਾਨ 37.6 ਡਿਗਰੀ ਦਰਜ ਕੀਤਾ ਗਿਆ।
ਪੰਜਾਬ 'ਚ ਵੀ ਮੀਂਹ ਪੈਣ ਦੀ ਸੰਭਾਵਨਾ
ਪੰਜਾਬ ਬਾਰੇ IMD ਨੇ ਇੱਕ ਬੁਲੇਟਿਨ ਜਾਰੀ ਕਰਦਿਆਂ ਕਿਹਾ ਹੈ ਕਿ ਐਤਵਾਰ ਅਤੇ ਸੋਮਵਾਰ ਨੂੰ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਪੂਰੇ ਸੂਬੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐਮਡੀ ਦਾ ਕਹਿਣਾ ਹੈ ਕਿ ਅਗਲੇ ਦੋ ਦਿਨਾਂ ਤੱਕ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ। ਕਈ ਥਾਵਾਂ 'ਤੇ ਤੇਜ਼ ਹਵਾਵਾਂ ਵੀ ਚੱਲਣਗੀਆਂ।
ਇਸ ਮੌਸਮ ਦੇ ਵਿੱਚ ਰੱਖੋ ਖਾਸ ਖਿਆਲ
ਬਰਸਾਤ ਦੇ ਮੌਸਮ ਦੌਰਾਨ ਕਈ ਥਾਵਾਂ ’ਤੇ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ। ਬੱਚੇ ਪਾਣੀ ਦੇ ਜ਼ਿਆਦਾ ਸ਼ੌਕੀਨ ਹੁੰਦੇ ਹਨ, ਇਸ ਲਈ ਉਹ ਮੀਂਹ ਦੇ ਮੌਸਮ ਦੇ ਵਿੱਚ ਪਾਣੀ ਵਿਚ ਜ਼ਿਆਦਾ ਖੇਡਦੇ ਹਨ। ਇਸ ਕਾਰਨ ਉਹ ਆਸਾਨੀ ਨਾਲ ਇਨਫੈਕਸ਼ਨ ਅਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਲਈ ਇਸ ਮੌਸਮ 'ਚ ਬੱਚਿਆਂ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਬਰਸਾਤ ਦੇ ਮੌਸਮ ਦੌਰਾਨ ਮੱਛਰ ਪੈਦਾ ਹੁੰਦੇ ਹਨ, ਜਿਸ ਨਾਲ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਖਤਰਨਾਕ ਲਾਗਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਪੂਰੀ ਬਾਹਾਂ ਵਾਲੇ ਸੂਤੀ ਕੱਪੜੇ ਪਾਓ, ਘਰ ਦਾ ਤਿਆਰ ਕੀਤਾ ਹੀ ਭੋਜਨ ਖਾਓ। ਜੇਕਰ ਬੁਖਾਰ ਹੁੰਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।