PM Modi: ਪੀਐਮ ਮੋਦੀ ਦੀ ਪਟਿਆਲਾ ਫੇਰੀ, ਸੁਰੱਖਿਆ ਦੇ ਕਰੜੇ ਇੰਤਜ਼ਾਮ, ਵੱਡੀ ਗਿਣਤੀ 'ਚ ਪੈਰਾ-ਮਿਲਟਰੀ ਫੋਰਸ ਕੀਤੀ ਤਾਇਨਾਤ
PM Modi in Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਫੇਰੀ 'ਤੇ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
PM Modi in Punjab: ਪੰਜਾਬ ਵਿੱਚ ਚੋਣਾਂ ਨੂੰ ਸਿਰਫ 7 ਦਿਨ ਬਾਕੀ ਰਹਿ ਗਏ ਹਨ ਅਤੇ ਸਿਆਸੀ ਆਗੂ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਫੇਰੀ 'ਤੇ ਪੰਜਾਬ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਪੁਲਿਸ ਨੇ ਬੁੱਧਵਾਰ ਦੁਪਹਿਰ ਤੋਂ ਹੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਨੂੰ ਚਾਰੇ ਪਾਸਿਓਂ ਸੀਲ ਕਰ ਦਿੱਤਾ ਹੈ।
ਇਥੋਂ ਤੱਕ ਕਿ ਪੋਲੋ ਗਰਾਊਂਡ ਵਾਲੇ ਰਸਤਿਆਂ ਦੀ ਵੀ ਬੈਰੀਕੇਡਿੰਗ ਕਰਕੇ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਪੋਲੋ ਗਰਾਊਂਡ ਦੇ ਨਾਲ-ਨਾਲ ਵਾਈ. ਪੀ. ਐੱਸ. ਸਟੇਡੀਅਮ ਜਿਥੇ ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਲੈਂਡ ਕਰੇਗਾ ਤੇ ਨਿਊ ਮੋਤੀ ਮਹਿਲ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਟੈਂਟ ਲਗਾਉਣ, ਕੁਰਸੀਆਂ ਤੇ ਸਟੇਜ ਆਦਿ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਦੇਰ ਰਾਤ ਤੱਕ ਇਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਰੈਲੀ ਵਾਲੀ ਥਾਂ ਤੋਂ ਬਾਹਰ ਕਰ ਦਿੱਤਾ ਗਿਆ। ਪੁਲਿਸ ਵਲੋਂ ਜਿਹਡ਼ਾ ਰੂਟ ਪਲਾਨ ਬਣਾਇਆ ਗਿਆ ਸੀ, ਉਸ ਮੁਤਾਬਕ ਸਾਰੀਆਂ ਥਾਵਾਂ ’ਤੇ ਬੈਰੀਕੇਡਿੰਗ ਕਰਕੇ ਟ੍ਰੈਫਿਕ ਨੂੰ ਹੋਲੀ ਕਰਕੇ ਲੰਘਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਪੰਜਾਬ ਦੇ 4 ਜ਼ਿਲ੍ਹਿਆਂ ਦੀ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਪੈਰਾ-ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।
ਪੁਲਿਸ ਤੇ ਪੈਰਾ-ਮਿਲਟਰੀ ਫੋਰਸ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੋਰਚੇ ਸੰਭਾਲ ਲਏ ਸਨ। ਸ਼ਾਮ ਨੂੰ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਤੇ ਐੱਸ. ਐੱਸ. ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਸੁਰੱਖਿਆ ਸਬੰਧੀ ਰਿਹਰਸਲ ਵੀ ਕੀਤੀ ਗਈ। ਦਿਨ ’ਚ ਰੈਲੀ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਤੌਰ ’ਤੇ ਪਹੁੰਚੇ। ਸ਼ਾਮ ਤੱਕ ਸੁਰੱਖਿਆ ਫੋਰਸਾਂ ਨੇ ਸਾਰੀ ਰੈਲੀ ਵਾਲੀ ਥਾਂ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਤਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਪੂਰੀ ਤਿਆਰੀ ਕਰ ਲਈ ਹੈ ਪਰ ਉੱਥੇ ਕਿਸਾਨਾਂ ਨੇ ਵੀ ਪੀਐਮ ਮੋਦੀ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: Punjab Weather Update: 46 ਡਿਗਰੀ ਤੋਂ ਪਾਰ ਪਹੁੰਚਿਆ ਪਾਰਾ, 10 ਜ਼ਿਲ੍ਹਿਆਂ 'ਚ ਰੈਡ ਅਲਰਟ ਜਾਰੀ, ਹੋਰ ਵਧੇਗਾ ਤਾਪਮਾਨ