Patiala News: ਕਾਂਗਰਸ ਨੂੰ ਲੱਗ ਰਹੇ ਵੱਡੇ ਝਟਕਿਆਂ ਮਗਰੋਂ ਰਾਜਾ ਵੜਿੰਗ ਨੇ ਖੁਦ ਸੰਭਾਲੀ ਕਮਾਨ, ਕੈਪਟਨ ਦੇ ਗੜ੍ਹ ਲਈ ਕੀਤੀ ਖਾਸ ਪਲਾਨਿੰਗ
Patiala News: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਨੂੰ ਵੱਡੇ ਝਟਕੇ ਲੱਗ ਰਹੇ ਹਨ। ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਹੁਣ ਹਾਲਾਤ ਨੂੰ ਸੰਭਾਲਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ
Patiala News: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਨੂੰ ਵੱਡੇ ਝਟਕੇ ਲੱਗ ਰਹੇ ਹਨ। ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਹੁਣ ਹਾਲਾਤ ਨੂੰ ਸੰਭਾਲਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਕਮਾਨ ਸੰਭਾਲੀ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਗੜ੍ਹ ਪਟਿਆਲਾ 'ਚ ਕਾਂਗਰਸ ਦੀ ਮੁੜ ਉਭਾਰਨ ਦੀ ਕੋਸ਼ਿਸ਼ ਕੀਤੀ ਹੈ।
ਰਾਜਾ ਵੜਿੰਗ ਵੱਲੋਂ ਸਥਾਨਕ ਪੱਧਰ 'ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾਈ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸੀਨੀਅਰ ਆਗੂ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਇਲਾਕੇ ਵਿੱਚ ਰੈਲੀਆਂ ਤੇ ਮੀਟਿੰਗਾਂ ਕਰਕੇ ਲੋਕ ਸਭਾ ਚੋਣਾਂ ਲਈ ਵਰਕਰਾਂ ਦਾ ਉਤਸ਼ਾਹ ਵਧਾਉਣ ਦੀ ਰਣਨੀਤੀ ਘੜੀ ਗਈ ਹੈ।
ਇਸੇ ਲੜੀ ਤਹਿਤ ਹੁਣ ਪਟਿਆਲਾ ਸ਼ਹਿਰੀ ਬਲਾਕ ਆਲੋਵਾਲ ਲਈ 31 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਿਯੁਕਤ ਕੀਤੇ ਗਏ ਲੋਕਾਂ ਨੂੰ ਸਕੱਤਰ ਤੋਂ ਲੈ ਕੇ ਸੀਨੀਅਰ ਮੀਤ ਪ੍ਰਧਾਨ ਤੱਕ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ ਉਨ੍ਹਾਂ ਨੇ ਜਨਵਰੀ 'ਚ ਵੀ ਇੱਕ ਕਮੇਟੀ ਬਣਾਈ ਸੀ।
ਦਰਅਸਲ, ਪਟਿਆਲਾ ਸ਼ੁਰੂ ਤੋਂ ਹੀ ਕਾਂਗਰਸ ਲਈ ਬਹੁਤ ਅਹਿਮ ਰਿਹਾ ਹੈ। ਦੋ ਦਹਾਕਿਆਂ ਤੋਂ ਪਟਿਆਲਾ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਦੀ ਪਛਾਣ ਬਣੀ ਹੋਈ ਸੀ। ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿਣਾ ਪਿਆ ਸੀ। ਉਸ ਤੋਂ ਬਾਅਦ ਉਹ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਮੈਦਾਨ ਵਿੱਚ ਉੱਤਰੇ ਤੇ ਇਸ ਤੋਂ ਬਾਅਦ ਕਾਂਗਰਸ ਵਿਚ ਫੁੱਟ ਪੈ ਗਈ।
ਕੁਝ ਲੋਕ ਕੈਪਟਨ ਦੇ ਸਮਰਥਕ ਬਣ ਗਏ ਤੇ ਕਈ ਵਰਕਰ ਤੇ ਸਮਰਥਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਹੁਣ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਪਟਿਆਲਾ ਵਿੱਚ ਇਸ ਵਾਰ ਕਾਂਗਰਸ ਇੱਕ ਨਵੇਂ ਚਿਹਰੇ ਨਾਲ ਚੋਣ ਮੈਦਾਨ ਵਿੱਚ ਉਤਰੇਗੀ, ਜਿਸ ਲਈ ਪਾਰਟੀ ਪੂਰੀ ਮਿਹਨਤ ਕਰ ਰਹੀ ਹੈ।
ਪਾਰਟੀ ਇੰਚਾਰਜ ਦੇਵੇਂਦਰ ਯਾਦਵ ਤੇ ਰਾਜਾ ਵੜਿੰਗ ਨੇ ਖੁਦ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕ ਸਭਾ ਚੋਣਾਂ ਦੀ ਰਣਨੀਤੀ ਘੜੀ ਹੈ। ਇਸ ਤੋਂ ਇਲਾਵਾ ਇੱਕ ਸੀਨੀਅਰ ਆਗੂ ਵੀ ਜਲਦੀ ਹੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਲਾਕੇ ਵਿੱਚ ਉਸ ਦਾ ਚੰਗਾ ਪ੍ਰਭਾਵ ਹੈ। ਪਾਰਟੀ ਉਸ ਨੂੰ ਆਪਣਾ ਉਮੀਦਵਾਰ ਵੀ ਬਣਾ ਸਕਦੀ ਹੈ। ਇਸ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਸਮੇਤ ਕਈ ਵੱਡੇ ਆਗੂ ਇਲਾਕੇ ਵਿੱਚ ਸਰਗਰਮ ਹਨ। ਇਸ ਦੇ ਨਾਲ ਹੀ ਪਾਰਟੀ ਨੇ ਟਿਕਟ ਦੇ ਦਾਅਵੇਦਾਰਾਂ ਵਜੋਂ ਪੰਜ ਤੋਂ ਸੱਤ ਲੋਕਾਂ ਦੇ ਨਾਂ ਭੇਜੇ ਹਨ।