Patiala News : ਕੈਪਟਨ ਦੇ ਨੇੜਲੇ ਭਰਤਇੰਦਰ ਚਹਿਲ 'ਤੇ ਮੁੜ ਸ਼ਿਕੰਜਾ, ਪਹਿਲਾਂ ਬਾਦਲ ਸਰਕਾਰ ਵੇਲੇ ਚੱਲਿਆ ਸੀ ਮੁਕੱਦਮਾ, ਹੁਣ ਭਗਵੰਤ ਮਾਨ ਸਰਕਾਰ ਦਾ ਐਕਸ਼ਨ
Patiala News : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ਉੱਪਰ ਆ ਗਏ ਹਨ
Patiala News : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ਉੱਪਰ ਆ ਗਏ ਹਨ। ਇਸ ਤੋਂ ਪਹਿਲਾਂ ਸਾਲ 2007 ’ਚ ਬਣੀ ਬਾਦਲ ਸਰਕਾਰ ਦੌਰਾਨ ਵੀ ਚਹਿਲ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਇਆ ਸੀ। ਉਹ ਕਈ ਦਿਨ ਪੁਲਿਸ ਰਿਮਾਂਡ ’ਤੇ ਵੀ ਰਹੇ ਤੇ ਫੇਰ ਜੇਲ੍ਹ ਵੀ ਜਾਣਾ ਪਿਆ ਸੀ ਪਰ ਅਜਿਹੇ ਦੋਸ਼ ਸਾਬਤ ਨਾ ਹੋਣ ’ਤੇ ਉਹ ਅਦਾਲਤ ਵਿੱਚੋਂ ਬਰੀ ਹੋ ਗਏ ਸਨ।
ਹੁਣ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਚਹਿਲ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਡੀਐਸਪੀ ਸੱਤਪਾਲ ਸ਼ਰਮਾ ਦੀ ਅਗਵਾਈ ਹੇਠਾਂ ਮੁਹਾਲੀ ਤੋਂ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਸੋਮਵਾਰ ਨੂੰ ਪਟਿਆਲਾ ਪੁੱਜੀ ਜਿਸ ਨੇ ਚਹਿਲ ਦੇ ਜੇਲ੍ਹ ਰੋਡ ’ਤੇ ਮਿਨੀ ਸਕੱਤਰੇਤ ਨੇੜੇ ਸਥਿਤ ‘ਮਾਲ ਗ੍ਰੈਂਡ ਰੀਗਲ’ ਨਾਂ ਦੇ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਕੀਤੀ। ਟੀਮ ਨੇ ਇਸ ਸ਼ਾਪਿੰਗ ਕੰਪਲੈਕਸ ਦੀ ਛੱਤ ’ਤੇ ਪਹੁੰਚ ਕੇ ਬਾਕਾਇਦਾ ਫੀਤੇ ਨਾਲ ਇਮਾਰਤ ਦੀ ਲੰਬਾਈ-ਚੌੜਾਈ ਨਾਪੀ।
ਚਰਚਾ ਹੈ ਕਿ ਪਿਛਲੇ ਸਮੇਂ ਦੌਰਾਨ ਹੀ ਚਹਿਲ ਖ਼ਿਲਾਫ਼ ਕਿਸੇ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਤ ਇੱਕ ਸ਼ਿਕਾਇਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਸ਼ਿਕਾਇਤ ਨੂੰ ਲੈ ਕੇ ਹੀ ਹੁਣ ਵਿਜੀਲੈਂਸ ਵੱਲੋਂ ਅਜਿਹੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਜ ਵਿਜੀਲੈਂਸ ਦੇ ਸੂਤਰਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਦਰਜ ਹੋਇਆ।
ਸੂਤਰਾਂ ਮੁਤਾਬਕ ਮੁਤਾਬਕ ਵਿਜੀਲੈਂਸ ਦੀ ਟੀਮ ਨੇ ਚਹਿਲ ਪਰਿਵਾਰ ਦੇ ਸਰਹਿੰਦ ਰੋਡ ਸਥਿਤ ‘ਅਲਕਾਜ਼ਾਰ’ ਨਾਂ ਮੈਰਿਜ ਪੈਲੇਸ ਦੀ ਵੀ ਫੇਰੀ ਪਾਈ ਪਰ ਉਥੇ ਤਾਲਾ ਲੱਗਾ ਹੋਣ ਕਰਕੇ ਇੱਕ ਵਾਰ ਟੀਮ ਖਾਲੀ ਹੱਥ ਮੁੜ ਆਈ। ਵਿਜੀਲੈਂਸ ਨੇ ਪਿਛਲੇ ਦਿਨੀਂ ਚਹਿਲ ਦੇ ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ‘ਤਵੱਕਲੀ ਮੋੜ’ ਖੇਤਰ ਵਿਚ ਸਥਿਤ ਨਿੱਜੀ ਰਿਹਾਇਸ਼ ’ਤੇ ਵੀ ਫੇਰਾ ਪਾਇਆ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।