207 ਟੀਮਾਂ ਦੇ 2037 ਖਿਡਾਰੀਆਂ ਦੀ ਸ਼ਮੂਲੀਅਤ ਨਾਲ ‘ਖੇਡਾਂ ਹਲਕਾ ਸੁਨਾਮ ਦੀਆਂ’ ਨੇ ਪੇਂਡੂ ਖੇਡਾਂ ਦੇ ਖੇਤਰ 'ਚ ਕਾਇਮ ਕੀਤਾ ਮੀਲ ਪੱਥਰ- ਅਮਨ ਅਰੋੜਾ
ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਪਰ ਲੀਗ ਤਹਿਤ ਆਯੋਜਿਤ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਆਗਾਜ਼ ਕਰਨ ਮੌਕੇ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਿਰਕਤ ਕੀਤੀ।
Sangrur news: ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਪਰ ਲੀਗ ਤਹਿਤ ਆਯੋਜਿਤ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੇਂਡੂ ਖੇਡਾਂ ਦੇ ਖੇਤਰ ਵਿੱਚ ਇੱਕੋ ਹਲਕੇ ਵਿੱਚੋਂ ਰਿਕਾਰਡ 207 ਟੀਮਾਂ ਦੇ 2037 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਹ ਮਾਣ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਸੁਨਾਮ ਦੇ ਅਟੁੱਟ ਹਿੱਸੇ ਲੌਂਗੋਵਾਲ ਨੂੰ ਮਿਲਿਆ ਹੈ।
ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਹਜ਼ਾਰਾਂ ਖਿਡਾਰੀਆਂ ਦੀ ਸਰਗਰਮ ਸ਼ਮੂਲੀਅਤ ਨੇ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਉਨ੍ਹਾਂ ਦੇ ਹੌਂਸਲੇ ਨੂੰ ਵਧਾਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਡੀ ਗਿਣਤੀ ਖਿਡਾਰੀ ਨਾ ਕੇਵਲ ਸੂਬੇ ਬਲਕਿ ਦੇਸ਼ ਤੇ ਵਿਦੇਸ਼ਾਂ ਵਿੱਚ ਖੇਡ ਹੀਰਿਆਂ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਤ ਕਰਨਗੇ।
ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਉਸੇ ਤਰਜ਼ ’ਤੇ ਆਯੋਜਿਤ ‘ਖੇਡਾਂ ਹਲਕਾ ਸੁਨਾਮ ਦੀਆਂ’ ਵਿੱਚ ਪ੍ਰਾਇਮਰੀ ਸਕੂਲ ਦੇ ਖਿਡਾਰੀਆਂ ਤੋਂ ਲੈ ਕੇ ਓਪਨ ਵਰਗ ਦੇ ਖਿਡਾਰੀਆਂ ਦੀ ਸ਼ਮੂਲੀਅਤ ਖੇਡਾਂ ਦੇ ਖੇਤਰ ਵਿੱਚ ਨਵੀਂ ਇਬਾਰਤ ਲਿਖਣ ਦੀ ਦਿਸ਼ਾ ਵਿੱਚ ਸਾਰਥਕ ਕਦਮ ਸਾਬਤ ਹੋਵੇਗੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਖਿਡਾਰੀਆਂ ਦੇ ਜੋਸ਼, ਜਜ਼ਬੇ ਅਤੇ ਹੁਨਰ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੋ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਹਲਕਾ ਸੁਨਾਮ ਦੇ ਪਿੰਡਾਂ ਦੇ ਇਹ ਖੇਡ ਯੋਧੇ ਆਪਣੀ ਮਿਹਨਤ ਤੇ ਦ੍ਰਿੜਤਾ ਨਾਲ ਮਾਣਾਂਮੱਤੀਆਂ ਨਾਲ ਪ੍ਰਾਪਤੀਆਂ ਦਰਜ ਕਰਨਗੇ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪ੍ਰਸਿੱਧ ਮੁੱਕੇਬਾਜ਼ ਪਦਮ ਸ਼੍ਰੀ ਸ. ਕੌਰ ਸਿੰਘ ਅਤੇ ਪ੍ਰਸਿੱਧ ਅਥਲੀਟ ਪਦਮਸ਼੍ਰੀ ਸੁਨੀਤਾ ਰਾਣੀ ਨੂੰ ਖੇਡ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਅਰੋੜਾ ਨੇ ਕਿਹਾ ਕਿ ਦੇਸ਼ ਦੇ ਇਹ ਅਨਮੋਲ ਹੀਰੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੁੱਕੇਬਾਜ਼ੀ ਤੇ ਅਥਲੈਟਿਕਸ ਦੇ ਖੇਤਰ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਫੈਲਾਅ ਰਹੇ ਹਨ ਅਤੇ ਇਨ੍ਹਾਂ ਦੀ ਪ੍ਰੇਰਨਾ ਸਦਕਾ ਅਨੇਕਾਂ ਹੀ ਖਿਡਾਰੀ ਅੱਜ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਫਾਊਂਡੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੇਵਾ ਕੇਂਦਰ, ਮੈਡੀਕਲ ਖੇਤਰ, ਸਿਲਾਈ ਕਢਾਈ ਸੈਂਟਰ, ਖੇਡ ਕਿੱਟਾਂ ਆਦਿ ਦੀ ਵੰਡ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਹੁਣ ਉਹ ਵੀ ਪਿਛਲੇ 10 ਮਹੀਨਿਆਂ ਤੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵਾਸੀਆਂ ਦੀਆਂ ਮੰਗਾਂ ਨੂ ਤਰਜੀਹੀ ਆਧਾਰ ’ਤੇ ਪੂਰਾ ਕਰਨ ਲਈ ਯਤਨਸ਼ੀਲ ਹਨ।
ਇਹ ਵੀ ਪੜ੍ਹੋ: ਹਿਮਾਚਲ ਸਰਕਾਰ ਅੰਡਾਨੀ ਕੰਪਨੀ ‘ਤੇ ਸ਼ਿਕੰਜਾ ਕੱਸਣ ਲਈ ਤਿਆਰ, ਹੁਣ ਨਹੀਂ ਮੰਨੀ ਤਾਂ ਕਾਨੂੰਨੀ ਕਾਰਵਾਈ ਕਰੇਗੀ ਸਰਕਾਰ
ਅਰੋੜਾ ਨੇ ਦੱਸਿਆ ਕਿ ਜਲਦੀ ਹੀ ਲੌਂਗੋਵਾਲ ਵਿਖੇ 3.97 ਕਰੋੜ ਦੀ ਲਾਗਤ ਵਾਲਾ ਖੇਡ ਸਟੇਡੀਅਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜਦਕਿ 1.31 ਕਰੋੜ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ, ਸਿਵਲ ਹਸਪਤਾਲ ਦੀ ਚਾਰਦੀਵਾਰੀ ਲਈ 38 ਲੱਖ ਅਤੇ ਲੜਕੀਆਂ ਦੇ ਸਕੂਲ ਦੀਆਂ ਦੋ ਮੰਜ਼ਿਲਾ ਇਮਾਰਤ ਬਣਾਉਣ ਲਈ ਵੀ ਪੰਜਾਬ ਸਰਕਾਰ ਵੱਲੋਂ 3.62 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਨਾਮ ਹਲਕੇ ਲਈ ਦੋ ਸਕੂਲ ਆਫ਼ ਐਮੀਨੈਂਸ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਵਿਚ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਨਾਮ ਸ਼ਾਮਲ ਹਨ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਐਨ.ਸੀ.ਸੀ ਕੈਡਿਟ ਵੱਲੋਂ ਕੀਤੀ ਗਈ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਨੇ ਗੁਬਾਰੇ ਤੇ ਕਬੂਤਰ ਛੱਡਣ ਦੀ ਰਸਮ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਦੇਸ਼ਭਗਤੀ ਦੇ ਗੀਤ ਦਾ ਆਨੰਦ ਮਾਣਿਆ ਅਤੇ ਖੇਡ ਮੈਦਾਨ ਵਿੱਚ ਜਾ ਕੇ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਹੌਂਸਲਾ ਅਫਜਾਈ ਕੀਤੀ।