Sangrur news: ਈਟੀਟੀ 5994 ਯੂਨੀਅਨ ਨੇ ਸਤੌਜ ਨੇੜੇ ਕੱਢਿਆ ਰੋਸ ਮਾਰਚ, ਕਿਹਾ, “....ਅਗਾਮੀ ਚੌਣਾਂ ਦੌਰਾਨ ਘਰ-ਘਰ ਜਾ ਕੇ ਕਰਾਂਗੇ ਭੰਡੀ ਪ੍ਰਚਾਰ”
Sangrur news: ਈਟੀਟੀ 5994 ਯੂਨੀਅਨ ਨੇ ਸੀਐਮ ਦੇ ਪਿੰਡ ਸਤੌਜ ਨੇੜੇ ਚੀਮਾ ਵਿਖੇ ਰੋਸ ਮਾਰਚ ਕੱਢਿਆ। ਇਸ ਦੌਰਾਨ ਪੁਲਿਸ ਨਾਲ ਵੀ ਧੱਕਾ-ਮੁੱਕੀ ਹੋਈ ਤੇ ਉਨ੍ਹਾਂ ਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ।
Sangrur news: ਈਟੀਟੀ 5994 ਯੂਨੀਅਨ ਨੇ ਸੀਐਮ ਦੇ ਪਿੰਡ ਸਤੌਜ ਨੇੜੇ ਚੀਮਾ ਵਿਖੇ ਰੋਸ ਮਾਰਚ ਕੱਢਿਆ। ਇਸ ਦੌਰਾਨ ਪੁਲਿਸ ਨਾਲ ਵੀ ਧੱਕਾ-ਮੁੱਕੀ ਹੋਈ ਤੇ ਉਨ੍ਹਾਂ ਨੂੰ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪ੍ਰਦਰਸ਼ਨਕਾਰੀ ਕਾਫੀ ਗੁੱਸੇ ਵਿੱਚ ਸਨ, ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਦਿੱਤਿਆਂ ਹੋਇਆਂ 9 ਮਹੀਨੇ ਬੀਤੇ ਚੁੱਕੇ ਹਨ ਪਰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ।
ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਤੋਂ ਤੰਗ ਆ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਨੇੜੇ ਚੀਮਾ ਵਿਖੇ ਰੋਸ ਮਾਰਚ ਕੱਢਿਆ ਗਿਆ।
ਇਸ ਰੋਸ ਮਾਰਚ ਸਬੰਧੀ ਸੂਬੇ ਭਰ ਦਾ ਈਟੀਟੀ ਕਾਡਰ ਪਹਿਲਾਂ ਪਿੰਡ ਚੀਮਾ ਵਿਖੇ ਇਕੱਤਰ ਹੋਇਆ। ਇਸ ਤੋਂ ਬਾਅਦ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਰੋਸ ਮਾਰਚ ਪਿੰਡ ਸਤੌਜ ਵੱਲ ਨੂੰ ਰਵਾਨਾ ਹੋਇਆ।
ਇਸ ਰੋਸ ਮਾਰਚ ਦੀ ਅਗਵਾਈ ਕਰ ਰਹੇ ਸੂਬਾ ਕਮੇਟੀ ਮੈਂਬਰਾ ਨੇ ਕਿਹਾ ਕਿ ਆਮ ਆਦਮੀ ਦੀ ਸਰਕਾਰ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਲਗਭਗ 09 ਮਹੀਨੇ ਪਹਿਲਾਂ ਬਤੌਰ ਪ੍ਰਾਇਮਰੀ ਅਧਿਆਪਕ ਚੁਣੇ ਗਏ ਨੌਜਵਾਨਾਂ ਨੂੰ ਜੁਆਇਨਿੰਗ ਲੈਣ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਈਟੀਟੀ 5994 ਭਰਤੀ ਮਾਨਯੋਗ ਹਾਈਕੋਰਟ ਅਧੀਨ ਹੈ। ਇਸ ਭਰਤੀ ’ਤੇ ‘‘ਮੌਖਿਕ ਰੋਕ’’ ਲੱਗੀ ਹੈ। ਇਸ ਰੋਕ ਲਈ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਪਰ ਸਰਕਾਰ ਦੀਆਂ ਗਲਤੀਆਂ ਦਾ ਨਤੀਜਾ ਉਮੀਦਵਾਰਾਂ ਨੂੰ ਸੜਕਾਂ ’ਤੇ ਠੰਡੀਆਂ ਰਾਤਾਂ ਕੱਟਣ ਕਰਕੇ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸਾਲ 2022 ਵਿੱਚ ਪੰਜਾਬ ਸਰਕਾਰ ਵੱਲੋਂ ਇਸ 5994 ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਣਾ ਸੀ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਯੂਨੀਅਨ ਨਾਲ ਕੀਤੀਆਂ ਜਾਂਦੀਆਂ ਮੀਟਿੰਗਾਂ ਵਿੱਚ ਵਾਰ-ਵਾਰ ਇਹ ਦਾਅਵਾ ਕੀਤਾ ਜਾਂਦਾ ਸੀ ਕਿ ਭਰਤੀ ਸਬੰਧੀ ਨੋਟੀਫਿਕੇਸ਼ਨ ਚਾਹੇ ਲੇਟ ਜਾਰੀ ਕੀਤਾ ਜਾਵੇ ਪਰ ਇਹੋ ਜਿਹਾ ਨੋਟੀਫਿਕੇਸ਼ਨ ਤਿਆਰ ਕੀਤਾ ਜਾਵੇਗਾ ਕਿ ਭਰਤੀ ਅਦਾਲਤਾਂ ਵਿੱਚ ਨਹੀ ਰੁਲੇਗੀ।
ਇਸ ਦੇ ਚੱਲਦਿਆਂ ਯੂਨੀਅਨ ਆਗੂਆਂ ਨੇ ਸਰਕਾਰ ’ਤੇ ਭਰੋਸਾ ਕਰਦਿਆਂ ਨੋਟੀਫਿਕੇਸ਼ਨ ਕੁਝ ਮਹੀਨੇ ਲੇਟ ਜਾਰੀ ਕਰਵਾਇਆ ਤਾਂ ਜੋ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ ਪਰ ਫਿਰ ਵੀ ਪਿਛਲੇ ਲਗਭਗ 8-9 ਮਹੀਨੇ ਤੋਂ ਉਕਤ ਈਟੀਟੀ 5994 ਭਰਤੀ ਮਾਨਯੋਗ ਹਾਈਕੋਰਟ ਵਿੱਚ ਰੁਲ ਰਹੀ ਹੈ।
ਇਸ ਦੇ ਚੱਲਦਿਆਂ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪੇ ਵੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਉਕਤ 5994 ਅਸਾਮੀਆਂ ਲਈ ਪ੍ਰੀਖਿਆ 05 ਮਾਰਚ 2023 ਨੂੰ ਚੰਡੀਗੜ੍ਹ ਅਤੇ ਮੋਹਾਲੀ ਵਿਖੇ ਸਥਾਪਤ ਕੀਤੇ ਪ੍ਰੀਖਿਆਂ ਕੇਂਦਰਾਂ ਵਿੱਚ ਲਈ ਗਈ ਸੀ।
ਸਿੱਖਿਆ ਮੰਤਰੀ ਦੇ ਪਿੰਡ 46 ਦਿਨ ਤੋਂ ਲੱਗਾ ਹੋਇਆ ਪੱਕਾ ਮੋਰਚਾ
ਇਸ ਦੇ ਨਾਲ ਹੀ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ 11 ਅਕਤੂਬਰ 2023 ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ, ਜੋ ਅੱਜ 47ਵੇਂ ਦਿਨ ’ਚ ਦਾਖਲ ਹੋ ਚੁੱਕਿਆ ਹੈ।
ਜੇਕਰ ਪੰਜਾਬ ਸਰਕਾਰ ਨੇ ਉਕਤ ਈਟੀਟੀ 5994 ਅਧਿਆਪਕਾਂ ਦੀ ਭਰਤੀ ਨੂੰ ਮਾਨਯੋਗ ਹਾਈਕੋਰਟ ਵਿੱਚੋਂ ਬਾਹਰ ਕਢਵਾਉਣ ਲਈ ਵਿਸ਼ੇਸ਼ ਯਤਨ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਆਗਾਮੀ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤ ਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਉਨ੍ਹਾਂ ਖਿਲਾਫ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Ludhiana news: ਲਾਡੋਵਾਲ ਟੋਲ ਪਲਾਜ਼ਾ ਦੀਆਂ ਕੀਮਤਾਂ 'ਚ ਮੁੜ ਇਜ਼ਾਫਾ, ਰਾਹਗੀਰਾਂ ਨੇ ਜਤਾਈ ਨਾਰਾਜ਼ਗੀ, ਕਿਹਾ- ਮਨਮਰਜ਼ੀ ਨਾਲ ਹੀ...