Punjab News: ਬਜ਼ੁਰਗਾਂ ਲਈ ਮਾਨ ਸਰਕਾਰ ਲੈ ਕੇ ਆਈ ਆਹ ਸਕੀਮ, ਅੱਜ ਹੋਵੇਗੀ ਸ਼ੁਰੂਆਤ, ਦੇਖੋ ਤੁਹਾਡੇ ਪਿੰਡ ਕਦੋਂ ਪਹੁੰਚ ਰਹੇ ਅਫ਼ਸਰ
Saade Bjurag Sadda Maan - ਬਜ਼ੁਰਗ ਵਿਅਕਤੀਆਂ ਦੇ ਜਾਇਦਾਦ ਅਤੇ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਐਕਟ ਵਿੱਚ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਐਕਟ ਅਤੇ

ਪੰਜਾਬ ਸਰਕਾਰ ਵੱਲੋਂ ਹੈਲਪੇਜ ਇੰਡੀਆ ਨਾਲ ਮਿਲਕੇ ਚਲਾਈ ਗਈ ''ਸਾਡੇ ਬਜੁਰਜ ਸਾਡਾ ਮਾਣ ਮੁਹਿੰਮ" ਸ਼ੁਰੂ ਕਰਨ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਇਸ ਮੁਹਿੰਮ ਦਾ ਆਗਾਜ਼ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਤੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਡਾ. ਬਲਜੀਤ ਕੌਰ ਮਿਤੀ 03 ਅਕਤੂਬਰ ਯਾਨੀ ਅੱਜ ਕਰਨਗੇ। ਇਹ ਜਾਣਕਾਰੀ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਕਰਨ ਬਰਾੜ ਨੇ ਦਿੱਤੀ।
ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਬਜ਼ੁਰਗ ਵਿਅਕਤੀਆਂ ਦੇ ਜਾਇਦਾਦ ਅਤੇ ਜਾਨ-ਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਐਕਟ ਵਿੱਚ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਐਕਟ ਅਤੇ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 3 ਅਕਤੂਬਰ ਨੂੰ ਜਿਲ੍ਹੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਅਮਰ ਆਸ਼ਰਮ, ਨੇੜੇ ਅਮਰਦੀਪ ਸਿੰਘ ਬਾਸੀ ਚੌਂਕ ਸਰਕੂਲਰ ਰੋਡ ਫਰੀਦਕੋਟ ਵਿਖੇ ਸਵੇਰੇ 10.00 ਵਜੇ ਕੀਤਾ ਜਾਵੇਗਾ। ਜਿਸ ਵਿੱਚ ਬਜ਼ੁਰਗ ਨਾਗਰਿਕਾਂ ਦੀ ਜਾਂਚ ਅਤੇ ਬਲੱਡ ਟੈਸਟ, ਨੱਕ ਕੰਨ ਅਤੇ ਗਲੇ ਸਬੰਧੀ ਟੈਸਟ, ਅੱਖਾਂ ਦੇ ਟੈਸਟ, ਐਨਕਾਂ ਦੀ ਵੰਡ, ਅੱਖਾਂ ਦੇ ਅਪ੍ਰੇਸ਼ਨਾਂ ਲਈ ਲੋੜਵੰਦਾਂ ਦੀ ਪਹਿਚਾਣ, ਬੁਢਾਪਾ ਪੈਨਸ਼ਨ ਲਗਾਉਣ ਸਬੰਧੀ, ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਸਬੰਧੀ ਆਦਿ ਸੇਵਾਵਾਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਜਿਲ੍ਹੇ ਦੇ ਬਜੁਰਗ ਨਾਗਰਿਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਲਈ ਸੂਬੇ ਵਿੱਚ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹਰ ਜਿਲ੍ਹਾ ਪੱਧਰ ਤੇ ਸਿਹਤ ਕੈਪ ਲਗਾਏ ਜਾਣਗੇ, ਜਿਥੇ ਬਜ਼ੁਰਗਾਂ ਨੂੰ ਪੂਰੀ ਜਰੀਏਟ੍ਰਿਕ (ਬੁਢਾਪੇ ਨਾਲ ਸਬੰਧਿਤ ਬਿਮਾਰੀਆਂ) ਜਾਂਚ, ਈ.ਐਨ.ਟੀ (ਕੰਨ ਨੱਕ ਗਲਾ) ਦੀ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ।
ਡਾ. ਬਲਜੀਤ ਕੌਰ ਨੇ ਲੋੜਵੰਦ ਬਜ਼ੁਰਗਾਂ ਨੂੰ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਵਿੱਚ ਕ੍ਰਮਵਾਰ 3 ਅਕਤੂਬਰ ਨੂੰ ਫਰੀਦਕੋਟ, 5 ਅਕਤੂਬਰ ਨੂੰ ਮੋਗਾ, 9 ਅਕਤੂਬਰ ਨੂੰ ਲੁਧਿਆਣਾ, 11 ਅਕਤੂਬਰ ਨੂੰ ਮੁਕਤਸਰ ਸਾਹਿਬ, 13 ਅਕਤੂਬਰ ਨੂੰ ਫਿਰੋਜਪੁਰ, 16 ਅਕਤੂਬਰ ਨੂੰ ਫਾਜ਼ਿਲਕਾ, 18 ਅਕਤੂਬਰ ਨੂੰ ਬਠਿੰਡਾ, 20 ਅਕਤੂਬਰ ਨੂੰ ਮਾਨਸਾ, 23 ਅਕਤੂਬਰ ਨੂੰ ਸੰਗਰੂਰ, 25 ਅਕਤੂਬਰ ਨੂੰ ਮਾਲੇਰਕੋਟਲਾ, 27 ਅਕਤੂਬਰ ਨੂੰ ਬਰਨਾਲਾ, 30 ਅਕਤੂਬਰ ਨੂੰ ਪਠਾਨਕੋਟ, 1 ਨਵੰਬਰ ਨੂੰ ਗੁਰਦਾਸਪੁਰ,3 ਨਵੰਬਰ ਅਮ੍ਰਿੰਤਸਰ, 6 ਨਵੰਬਰ ਤਰਨਤਾਰਨ, 8 ਨਵੰਬਰ ਨੂੰ ਜਲੰਧਰ, 10 ਨਵੰਬਰ ਨੂੰ ਐਸ.ਬੀ.ਐਸ ਨਗਰ, 13 ਨਵੰਬਰ ਨੂੰ ਹੁਸ਼ਿਆਰਪੁਰ , 15 ਨਵੰਬਰ ਨੁੰ ਕਪੂਰਥਲਾ, 17 ਨਵੰਬਰ ਨੂੰ ਐਸ.ਏ.ਐਸ ਨਗਰ, 20 ਨਵੰਬਰ ਨੂੰ ਪਟਿਆਲਾ, 22 ਨਵੰਬਰ ਨੂੰ ਰੂਪਨਗਰ ਅਤੇ 24 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
