Sangrur: ਪੰਜਾਬ ਦੇ ਲੋਕਾਂ ਨੂੰ ਗੰਜੇਪਣ ਦਾ ਮੁਫਤ ਇਲਾਜ ਕਰਵਾਉਣਾ ਪਿਆ ਮਹਿੰਗਾ, ਅੱਖਾਂ ਦਾ ਕਰ ਬੈਠੇ ਨੁਕਸਾਨ, ਇਲਾਕੇ 'ਚ ਮੱਚੀ ਤਰਥੱਲੀ
ਕਈ ਵਾਰ ਮੁਫਤ ਦੀਆਂ ਚੀਜ਼ਾਂ ਦੀ ਵਰਤੋਂ ਕਰਨਾ ਮਹਿੰਗਾ ਸਾਬਿਤ ਹੋ ਜਾਂਦਾ ਹੈ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਸੰਗਰੂਰ ਤੋਂ, ਜਿੱਥੇ ਮੁਫਤ ਦੇ ਕੈਂਪ ਵਿੱਚ ਸਿਰ ਉੱਤੇ ਗੰਜਾਪਣ ਦੂਰ ਕਰਨ ਵਾਲੀ ਦਵਾਈ ਲਗਵਾਉਣੀ ਲੋਕਾਂ ਨੂੰ ਮਹਿੰਗੀ ਸਾਬਿਤ ਹੋ ਗਈ..

Sangrur News: ਸੰਗਰੂਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਅੱਖਾਂ ਦੀ ਇਨਫੈਕਸ਼ਨ ਤੋਂ ਪੀੜਤ ਪਾਏ ਗਏ। ਜਦੋਂ ਇਹ ਲੋਕ ਇੱਕ ਤੋਂ ਬਾਅਦ ਇੱਕ ਕਰਕੇ ਹਸਪਤਾਲ ਦੇ ਵਿੱਚ ਆਉਣ ਲੱਗੇ ਤਾਂ ਡਾਕਟਰ ਵੀ ਹੈਰਾਨ ਹੋ ਗਏ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਸਾਰੇ ਲੋਕ ਇੱਕ ਗੰਜਾਪਣ ਦੂਰ ਕਰਨ ਲਈ ਲਾਏ ਕੈਂਪ ਦੇ ਵਿੱਚ ਪਹੁੰਚੇ ਸਨ। ਜਿੱਥੇ ਜਦੋਂ ਲੋਕਾਂ ਦੇ ਸਿਰ 'ਤੇ ਕੋਈ ਤੇਲ ਲਗਾਇਆ ਗਿਆ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਅਤੇ ਜਲਨ ਹੋਣ ਲੱਗ ਪਈ। 20 ਲੋਕਾਂ ਦੀਆਂ ਅੱਖਾਂ ਵਿਚ ਇਨਫੈਕਸ਼ਨ ਹੋ ਗਈ।
ਗੰਜੇਪਣ ਨੂੰ ਦੂਰ ਕਰਵਾਉਣ ਲਈ ਲਗਵਾਇਆ ਗਿਆ ਸੀ ਕੈਂਪ
ਅੱਖਾਂ ਵਿਚ ਹੁੰਦੇ ਦਰਦ ਨਾਲ ਤੜਫਦੇ ਹੋਏ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।ਜਾਣਕਾਰੀ ਅਨੁਸਾਰ, ਸ਼ਹਿਰ ਦੇ ਮਾਤਾ ਕਾਲੀ ਦੇਵੀ ਮੰਦਰ ਵਿਚ ਸਿਰ 'ਤੇ ਦੁਬਾਰਾ ਬਾਲ ਲਿਆਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਲੋਕ ਪੁੱਜੇ ਸਨ। ਪਰ ਕੈਂਪ ਵਿਚ ਲੋਕਾਂ ਦੇ ਸਿਰ 'ਤੇ ਅਜਿਹਾ ਤੇਲ ਲਾਇਆ ਗਿਆ, ਜਿਸ ਨਾਲ ਲੋਕਾਂ ਦੀਆਂ ਅੱਖਾਂ ਸੁੱਜ ਗਈਆਂ, ਲਾਲੀ ਆ ਗਈ ਅਤੇ ਬਹੁਤ ਜ਼ਿਆਦਾ ਦਰਦ ਹੋਣ ਲੱਗਾ। ਦਰਦ ਨਾਲ ਤੜਫਦੇ ਹੋਏ ਲੋਕ ਐਮਰਜੈਂਸੀ ਪੁੱਜਣ ਲੱਗੇ।ਦੇਖਦਿਆਂ-ਦੇਖਦਿਆਂ ਲੋਕਾਂ ਦੀ ਗਿਣਤੀ ਵਧਣ ਲੱਗ ਗਈ।
ਐਮਰਜੈਂਸੀ ਵਿਚ ਤਾਇਨਾਤ ਡਾਕਟਰ ਮੁਤਾਬਕ ਹੁਣ ਤੱਕ 20 ਲੋਕ ਆਪਣਾ ਇਲਾਜ ਕਰਵਾਕੇ ਚਲੇ ਗਏ ਹਨ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਅੱਖਾਂ ਦੇ ਮਾਹਿਰ ਨੂੰ ਦੁਬਾਰਾ ਦਿਖਾਉਣ ਦੀ ਸਲਾਹ ਦਿੱਤੀ ਗਈ। ਐਮਰਜੈਂਸੀ ਵਿਚ ਇਲਾਜ ਲਈ ਪੁੱਜੇ ਲੋਕਾਂ ਨੇ ਦੱਸਿਆ ਉਹ ਕੈਂਪ ਵਿਚ ਸਿਰ 'ਤੇ ਮੁੜ ਵਾਲ ਲਿਆਉਣ ਦੀ ਉਮੀਦ ਨਾਲ ਪੁੱਜੇ ਸਨ। ਪਰ ਕੈਂਪ ਵਿਚ ਉਨ੍ਹਾਂ ਦੇ ਸਿਰ 'ਤੇ ਤੇਲ ਲਾ ਕੇ ਕਹਿ ਦਿੱਤਾ ਕਿ ਘਰ ਜਾ ਕੇ 10-15 ਮਿੰਟ ਬਾਅਦ ਸਿਰ ਨੂੰ ਧੋ ਲਿਆ ਜਾਵੇ, ਪਰ ਜਦੋਂ ਲੋਕਾਂ ਨੇ ਘਰ ਪੁੱਜ ਕੇ ਆਪਣਾ ਸਿਰ ਧੋਇਆ ਤਾਂ ਅਚਾਨਕ ਉਨ੍ਹਾਂ ਦੀਆਂ ਅੱਖਾਂ ਵਿਚ ਲਾਲੀ ਆਉਣ ਦੇ ਨਾਲ-ਨਾਲ ਤੇਜ਼ ਦਰਦ ਹੋਣ ਲੱਗ ਪਿਆ ਅਤੇ ਇਸਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਆਉਣਾ ਪਿਆ।
ਐਮਰਜੈਂਸੀ ਵਿਚ ਤਾਇਨਾਤ ਡਾਕਟਰ ਗੀਤਾਂਸ਼ੂ ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ 25 ਤੋਂ 30 ਮਰੀਜ਼ ਅਜਿਹੇ ਆਏ ਹਨ, ਜਿਨ੍ਹਾਂ ਦੀਆਂ ਅੱਖਾਂ ਵਿਚ ਦਰਦ ਹੋਣ ਦੀ ਸ਼ਿਕਾਇਤ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਹਸਪਤਾਲ ਆਉਣ ਅਤੇ ਅੱਖਾਂ ਵਿਚ ਦਵਾਈ ਦੀਆਂ ਬੂੰਦਾਂ ਪਵਾਉਣ ਦੇ ਨਾਲ-ਨਾਲ ਆਪਣਾ ਸਹੀ ਇਲਾਜ ਕਰਵਾਉਣ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
