Sangrur News: ਦੇਸੀ ਘਿਓ ਖਾਣ ਵਾਲੇ ਸਾਵਧਾਨ! ਸਰਫ਼ ਫੈਕਟਰੀ 'ਚ ਇੰਝ ਹੁੰਦਾ ਘਿਓ ਤਿਆਰ
Fake Desi Ghee: ਡ ਸੇਫਟੀ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਉਣ ਦਾ ਭਾਂਡਾ ਭੰਨ੍ਹਿਆ ਹੈ। ਹੈਰਾਨੀ ਦੀ ਗੱਲ਼ ਹੈ ਕਿ ਇਹ ਘਿਓ ਸਰਫ਼ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਸੀ।
Sangrur News: ਬਾਜ਼ਾਰ ਵਿੱਚੋਂ ਲੋਕਲ ਬ੍ਰਾਂਡਾਂ ਦਾ ਦੇਸੀ ਘਿਓ (Desi Ghee) ਖਰੀਦਣ ਵਾਲੇ ਸਾਵਧਾਨ ਹੋ ਜਾਣ। ਇਸ ਘਿਓ ਦੀ ਅਸਲੀਅਤ ਜਾਣ ਕੇ ਤੁਹਾਡੇ ਹੋਸ਼ ਉਡ ਜਾਣਗੇ। ਇਸ ਬਾਰੇ ਤਾਜ਼ਾ ਖੁਲਾਸਾ ਫੂਡ ਸੇਫਟੀ ਵਿਭਾਗ ਨੇ ਕੀਤਾ ਹੈ। ਫੂਡ ਸੇਫਟੀ ਵਿਭਾਗ (Department of Food Safety) ਵੱਲੋਂ ਨਕਲੀ ਦੇਸੀ ਘਿਓ ਬਣਾਉਣ ਦਾ ਭਾਂਡਾ ਭੰਨ੍ਹਿਆ ਹੈ। ਹੈਰਾਨੀ ਦੀ ਗੱਲ਼ ਹੈ ਕਿ ਇਹ ਘਿਓ ਸਰਫ਼ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਸੀ।
ਦੱਸ ਦਈਏ ਕਿ ਭਵਾਨੀਗੜ੍ਹ ਨੇੜੇ ਸਰਫ਼ ਫੈਕਟਰੀ ਵਿੱਚ ਛਾਪਾ ਮਾਰ ਕੇ ਫੂਡ ਸੇਫਟੀ ਵਿਭਾਗ ਸੰਗਰੂਰ ਨੇ ਲਗਪਗ 700 ਲਿਟਰ ਮਿਲਾਵਟੀ ਘਿਓ ਬਰਾਮਦ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਭਵਾਨੀਗੜ੍ਹ-ਨਾਭਾ ਸੜਕ ’ਤੇ ਇਕ ਫੈਕਟਰੀ ਵਿਚ ਕਥਿਤ ਤੌਰ ’ਤੇ ਨਕਲੀ ਘਿਓ ਤਿਆਰ ਕੀਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਛਾਪਾ ਮਾਰ ਕੇ ਕਰੀਬ 700 ਲਿਟਰ ਘਿਓ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਫੈਕਟਰੀ ਵਿਚ ਸਰਫ਼ ਤਿਆਰ ਕਰਨ ਦੇ ਨਾਲ ਫੈਕਟਰੀ ਦੇ ਪਿਛਲੇ ਹਿੱਸੇ ਵਿਚ ਮਿਲਾਵਟੀ ਘਿਓ ਤਿਆਰ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਛਾਪੇਮਾਰੀ ਕੀਤੀ ਤਾਂ ਉਥੇ ਕਰੀਬ ਅੱਧੀ ਦਰਜਨ ਔਰਤਾਂ ਤੇ ਇਕ ਪੁਰਸ਼ ਇਹ ਘਿਓ ਤਿਆਰ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇੱਥੇ ਰਿਫ਼ਾਇੰਡ ਤੇਲ, ਪੀਲਾ ਰੰਗ ਤੇ ਹੋਰ ਸਾਮਾਨ ਨਾਲ ਇਸ ਨੂੰ ਦੇਸੀ ਘਿਓ ਦੀ ਤਰ੍ਹਾਂ ਬਣਾ ਕੇ 4 ਵੱਖ-ਵੱਖ ਤਰ੍ਹਾਂ ਦੇ ਮਾਰਕਿਆਂ ਦੇ ਰੈਪਰ ਲਗਾ ਕੇ ਵੇਚਿਆ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਨਕਲੀ ਘਿਓ ਨੂੰ ਮਾਰਕੀਟ ਵਿਚ ਦੇਸੀ ਘਿਓ ਆਖ ਕੇ ਵੇਚਿਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜਦੋਂ ਫੈਕਟਰੀ ’ਤੇ ਛਾਪੇਮਾਰੀ ਕੀਤੀ ਤਾਂ ਉਥੇ ਕੰਮ ਕਰਨ ਵਾਲੇ ਕਾਮੇ ਹੀ ਮੌਜੂਦ ਸਨ। ਇਸ ਦੇ ਮਾਲਕ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਵੀ ਉਹ ਮੌਕੇ ’ਤੇ ਨਹੀਂ ਪਹੁੰਚਿਆ ਤੇ ਨਾ ਹੀ ਘਿਓ ਬਣਾਉਣ ਸਬੰਧੀ ਕੋਈ ਅਧਿਕਾਰਤ ਕਾਗਜ਼ਾਤ ਦਿਖ਼ਾ ਸਕਿਆ।
ਉਨ੍ਹਾਂ ਦੱਸਿਆ ਕਿ ਘਿਓ ਦੇ ਸੈਂਪਲ ਲੈ ਕੇ ਵਿਭਾਗ ਦੀ ਲੈਬਾਰਟਰੀ ਨੂੰ ਭੇਜ ਦਿੱਤੇ ਹਨ। ਜਦੋਂ ਤੱਕ ਇਸ ਸਬੰਧੀ ਰਿਪੋਰਟ ਨਹੀਂ ਆ ਜਾਂਦੀ, ਫੈਕਟਰੀ ਨੂੰ ਸੀਲ ਕੀਤਾ ਜਾਵੇਗਾ। ਇਸ ਸਬੰਧੀ ਕਾਰਵਾਈ ਲਈ ਕਰਨ ਪੁਲਿਸ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ। ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਨੇ ਘਿਓ ਦੇ ਸੈਂਪਲ ਭਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।