Sangrur News: ਰੰਗਲੇ ਪੰਜਾਬ ਦੀ ਸੋਚ ਲੈ ਕੇ ਆਈ ਨਵੀਂ ਸਰਕਾਰ ਬਣਾਈ ਪਰ ਅੱਜ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ...ਮਜ਼ਦੂਰਾਂ ਦਾ ਛਲਕਿਆ ਦਰਦ
ਮਜ਼ਦੂਰਾਂ ਨੇ ਇੱਕ ਦਿਨਾਂ ਹੜਤਾਲ ਕਰਕੇ ਪੰਜਾਬ ਮਾਰਕੀਟ ਕਮੇਟੀ ਸੰਗਰੂਰ 'ਚ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ 25 ਫ਼ੀਸਦੀ ਭੱਤਾ ਨਹੀਂ ਵਧਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਪੱਕੀ ਹੜਤਾਲ ਕਰਕੇ ਮੰਡੀਆਂ ਮੁਕੰਮਲ...
Sangrur News: ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਮੰਡੀ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੀ ਹੈ। ਮਜ਼ਦੂਰਾਂ ਨੇ ਇੱਕ ਦਿਨਾਂ ਹੜਤਾਲ ਕਰਕੇ ਪੰਜਾਬ ਮਾਰਕੀਟ ਕਮੇਟੀ ਸੰਗਰੂਰ ਵਿੱਚ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ 25 ਫ਼ੀਸਦੀ ਭੱਤਾ ਨਹੀਂ ਵਧਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਪੱਕੀ ਹੜਤਾਲ ਕਰਕੇ ਮੰਡੀਆਂ ਮੁਕੰਮਲ ਤੌਰ ਤੇ ਬੰਦ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਖ਼ੁਦ ਸਾਡੇ ਨਾਲ ਵਾਅਦਾ ਕੀਤਾ ਸੀ ਕਿ 25 ਫ਼ੀਸਦੀ ਮਜ਼ਦੂਰੀ ਭੱਤੇ ਵਿੱਚ ਵਾਧਾ ਕੀਤਾ ਜਾਵੇਗਾ ਪਰ ਸਿਰਫ਼ 8 ਪੈਸੇ (0.93%) ਦਾ ਹੀ ਵਾਧਾ ਕੀਤਾ ਗਿਆ ਤੇ ਉਹ ਵਾਅਦਾ ਸਿਰਫ਼ ਲਾਰਾ ਹੀ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਪੂਰਾ ਦਿਨ ਕੰਮ ਕਰ ਬਹੁਤ ਥੋੜ੍ਹੀ ਮਜਦੂਰੀ ਮਿਲਦੀ ਹੈ। ਪਰਿਵਾਰਾਂ ਦਾ ਗੁਜਾਰਾ ਕਰਨਾ ਵੀ ਬਹੁਤ ਮੁਸ਼ਕਲ ਹੈ।
ਮੰਡੀ ਮਜ਼ਦੂਰ ਯੂਨੀਅਨ ਦੇ ਨੇਤਾਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 2011 ਵਿੱਚ ਬਾਦਲ ਸਰਕਾਰ ਸਮੇਂ ਮੰਡੀ ਮਜ਼ਦੂਰਾਂ ਦੇ ਮਿਹਨਤਾਨੇ ਵਿੱਚ 25% ਵਾਧਾ ਕੀਤਾ ਗਿਆ ਸੀ। ਸਾਲ 2011 ਤੋਂ ਬਾਅਦ ਕਿਸੇ ਵੀ ਸਰਕਾਰ ਵੱਲੋਂ ਸਾਡੇ ਦੁੱਖ ਨਾ ਸਮਝਦੇ ਹੋਏ ਸਾਡੀ ਬਾਂਹ ਨਹੀਂ ਫੜੀ ਗਈ। ਪੰਜਾਬ ਸਰਕਾਰ ਵੱਲੋਂ ਵੀ ਮੌਜੂਦਾ ਸਾਲ 2023 ਵਿੱਚ ਪ੍ਰੈੱਸ ਕਾਨਫਰੰਸ ਰਾਹੀਂ ਪੰਜਾਬ ਦੇ ਮੰਡੀ ਮਜ਼ਦੂਰ ਦੀ ਮਜ਼ਦੂਰੀ ਵਿੱਚ 25% ਦੇ ਵਾਧੇ ਦਾ ਐਲਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਐਲਾਨ ਨੂੰ ਸੁਣ ਕੇ ਮੰਡੀ ਮਜ਼ਦੂਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਮੰਡੀ ਦੇ ਮਜ਼ਦੂਰਾਂ ਨੇ ਆਪੋ-ਆਪਣੀਆਂ ਮੰਡੀਆਂ ਵਿੱਚ ਬਹੁਤ ਖੁਸ਼ੀਆਂ ਮਨਾਈਆਂ। ਮੰਡੀਆਂ ਵਿੱਚ ਢੋਲ ਵਜਾਏ ਭੰਗੜੇ ਪਾਏ ਗਏ ਪਰ ਮੰਡੀ ਮਜ਼ਦੂਰਾਂ ਦੇ ਹੱਥ ਹਤਾਸ਼ਾ ਤੇ ਨਿਰਾਸ਼ਾ ਉਸ ਸਮੇਂ ਹੱਥ ਲੱਗੀ ਜਦੋਂ ਪੰਜਾਬ ਮੰਡੀ ਬੋਰਡ ਵੱਲੋਂ ਸਿਰਫ 8 ਪੈਸੇ (0.93%) ਦਾ ਹੀ ਵਾਧਾ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੂੰ ਮਜ਼ਦੂਰਾਂ ਦੀ ਸਰਕਾਰ ਕਿਹਾ ਜਾਂਦਾ ਹੈ ਕਿਉਂਕਿ ਮਜ਼ਦੂਰਾਂ ਨੇ ਵੱਧ ਚੜ੍ਹ ਕੇ ਵੋਟਾਂ ਪਾ ਕੇ ਰੰਗਲੇ ਪੰਜਾਬ ਦੀ ਸੋਚ ਲੈ ਕੇ ਆਈ ਨਵੀਂ ਸਰਕਾਰ ਬਣਾਈ ਪਰ ਅੱਜ ਸਾਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੰਡੀ ਦਾ ਮਜ਼ਦੂਰ ਬਹੁਤ ਹਤਾਸ਼ ਤੇ ਨਿਰਾਸ਼ ਹੈ। ਉਨ੍ਹਾਂ ਕਿਹਾ ਕਿ ਮੰਡੀ ਮਜਦੂਰ ਯੂਨੀਅਨ ਦੇ ਲੀਡਰ ਐਮਐਲਏ, ਮੰਤਰੀ, ਸੀਐਮ ਹਾਊਸ ਨਵਰਾਜ ਸਿੰਘ ਬਰਾੜ ਤੱਕ ਮਿਲ ਕੇ ਆ ਗਏ, ਪਰ ਹੁਣ ਤੱਕ ਸਾਨੂੰ ਸਾਰਿਆਂ ਨੇ ਨਿਰਾਸ਼ ਹੀ ਕੀਤਾ।