Sangrur News: CM ਤੇ 2 ਮੰਤਰੀਆਂ ਦੇ ਜ਼ਿਲ੍ਹੇ 'ਚ ਚੋਰਾਂ ਦੇ 'ਵਾਰੇ-ਨਿਆਰੇ', ਇੱਕੋ ਫੈਕਟਰੀ 'ਚ ਤਿੰਨ ਵਾਰੀ ਚੋਰੀ, ਵਪਾਰੀ ਨੇ ਲਿਆ ਪੰਜਾਬ ਛੱਡਣ ਦਾ ਫ਼ੈਸਲਾ
ਇਸ ਮੌਕੇ ਪੀੜਤ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚ ਕੰਮ ਨਹੀਂ ਕਰੇਗਾ ਤੇ ਇਸ ਦੇ ਨਾਲ ਹੀ ਉਸ ਨੇ ਆਪਣੇ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੰਜਾਬ ਵਿੱਚ ਆ ਕੇ ਕੋਈ ਵਪਾਰ ਨਾ ਕਰਨ, ਇੱਥੇ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ।
Punjab News: ਪੰਜਾਬ ਸਰਕਾਰ ਵੱਲੋਂ ਲਗਾਤਾਰ ਵਪਾਰੀਆਂ ਨੂੰ ਚੰਗਾ ਮਾਹੌਲ ਦੇਣ ਦੇ ਦਾਅਵੇ ਤੇ ਵਾਅਦੇ ਕੀਤਾ ਜਾ ਰਹੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਮੁੱਖ ਮੰਤਰੀ ਦੇ ਆਪਣੇ ਹੀ ਜ਼ਿਲ੍ਹੇ ਵਿੱਚ ਨਿਕਲਦੀ ਨਜ਼ਰ ਆਈ ਹੈ। ਜਿੱਥੇ ਇੱਕ ਫੈਕਟਰੀ ਵਿੱਚ ਲਗਾਤਾਰ ਤਿੰਨ ਵਾਰੀ ਚੋਰੀ ਹੋ ਗਈ ਹੈ ਜਿਸ ਤੋਂ ਬਾਅਦ ਤੰਗ ਆ ਕੇ ਵਪਾਰੀ ਨੇ ਪੰਜਾਬ ਛੱਡਣ ਦਾ ਫੈਸਲਾ ਲੈ ਲਿਆ ਹੈ, ਇਸ ਦੇ ਨਾਲ ਹੀ ਉਸ ਨੇ ਹੋਰ ਵਪਾਰੀਆਂ ਨੂੰ ਵੀ ਪੰਜਾਬ ਵਿੱਚ ਕੰਮ ਨਾ ਕਰਨ ਦੀ ਅਪੀਲ ਕੀਤੀ ਹੈ।
ਦਰਅਸਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸ਼ਹਿਰ ਵਿੱਚ ਚੋਰਾ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ, ਆਏ ਦਿਨ ਇਲਾਕੇ ਵਿੱਚ ਚੋਰੀਆਂ ਹੋ ਰਹੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਇੰਟਰਲਾਕ ਟਾਇਲਾਂ ਦੀ ਫੈਕਟਰੀ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਤਿੰਨ ਵਾਰ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਹੈ।
ਇਸ ਬਾਬਤ ਫੈਕਟਰੀ ਮਾਲਕ ਨੇ ਦੱਸਿਆ ਕਿ ਉਸ ਦੀ ਫੈਕਟਰੀ ਵਿੱਚ ਤੀਜੀ ਵਾਰ ਚੋਰੀ ਹੈ, ਇਸ ਵਾਰ ਉਹ ਨਗਦੀ, ਲੈਪਟਾਪ ਤੇ ਹੋਰ ਕੀਮਤੀ ਸਮਾਨ ਲੈ ਗਏ ਹਨ। ਇਸ ਮੌਕੇ ਉਸ ਨੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਉੱਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਇਸ ਮੌਕੇ ਗ਼ੁੱਸੇ ਵਿੱਚ ਆਏ ਪੀੜਤ ਨੇ ਦੁਕਾਨ ਵਿੱਚ ਬਚੀਆਂ ਟਾਇਲਾਂ ਨੂੰ ਆਪ ਹੀ ਤੋੜਣਾ ਸ਼ੁਰੂ ਕਰ ਦਿੱਤਾ।
ਇਸ ਮੌਕੇ ਪੀੜਤ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚ ਕੰਮ ਨਹੀਂ ਕਰੇਗਾ ਤੇ ਇਸ ਦੇ ਨਾਲ ਹੀ ਉਸ ਨੇ ਆਪਣੇ ਵਪਾਰੀ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੰਜਾਬ ਵਿੱਚ ਆ ਕੇ ਕੋਈ ਵਪਾਰ ਨਾ ਕਰਨ, ਇੱਥੇ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਵਿਗੜ ਚੁੱਕੀ ਹੈ। ਵਪਾਰੀ ਮੁਤਾਬਕ, ਪੰਜਾਬ ਵਿੱਚ ਆਏ ਦਿਨ ਚੋਰੀਆਂ, ਡਾਕੇ ਤੇ ਕਤਲ ਵਰਗੀਆਂ ਵਾਰਦਾਤਾਂ ਹੋ ਰਹੀਆਂ ਹਨ, ਪੰਜਾਬ ਹੁਣ ਕੰਮ ਕਰਨ ਦੇ ਯੋਗ ਨਹੀਂ ਰਿਹਾ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਪੁਲਿਸ ਮੁਲਾਜ਼ਮਾਂ ਨੇ ਛੇਤੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਹੈ, ਹਾਲਾਂਕਿ ਫੈਕਟਰੀ ਮਾਲਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਨਜ਼ਰ ਆਇਆ ਹੈ।