Lok Sabha Elections: ਗਾਇਕ ਨੂੰ ਢਾਈ ਲੱਖ ਰੁਪਏ, ਸਮੋਸਾ 12 ਰੁਪਏ ਅਤੇ ਢੋਲੀ ਨੂੰ 1500, ਚੋਣ ਵਿਭਾਗ ਨੇ ਤੈਅ ਕੀਤੀ ਹੱਦ, ਜਾਣੋ ਹੋਰ
Candidates Expenditure List: ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਆਪਣੀਆਂ ਰੈਲੀਆਂ ਵਿਚ ਸਟਾਰ ਕਲਾਕਾਰ ਵੀ ਬੁਲਾ ਸਕਦੇ ਹਨ। ਪ੍ਰਸਿੱਧ ਗਾਇਕ ਨੂੰ ਪ੍ਰਤੀ ਪ੍ਰੋਗਰਾਮ ਢਾਈ ਲੱਖ ਤੇ ਇਸ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਸਕਦਾ ਹੈ
ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਆਪਣੀਆਂ ਰੈਲੀਆਂ ਵਿਚ ਸਟਾਰ ਕਲਾਕਾਰ ਵੀ ਬੁਲਾ ਸਕਦੇ ਹਨ। ਪ੍ਰਸਿੱਧ ਗਾਇਕ ਨੂੰ ਪ੍ਰਤੀ ਪ੍ਰੋਗਰਾਮ ਢਾਈ ਲੱਖ ਤੇ ਇਸ ਤੋਂ ਵੱਧ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਜਦਕਿ ਸਥਾਨਕ ਗਾਇਕ ਦਾ ਰੇਟ 30 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ।
ਚੋਣ ਵਿਭਾਗ ਨੇ ਜੋ ਪ੍ਰਚਾਰ ਦੌਰਾਨ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਚਾਰਟ ਤਿਆਰ ਕੀਤਾ ਹੈ, ਉਸ ਵਿਚ ਕਲਾਕਾਰਾਂ ਨੂੰ ਦਿੱਤੀ ਜਾਣ ਵਾਲੀ ਰਕਮ ਦਾ ਰੇਟ ਵੀ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਡੀਆਂ ਰੈਲੀਆਂ ਦੌਰਾਨ ਜਿਹੜਾ ਫਾਇਰ ਟੈਂਡਰ ਤਾਇਨਾਤ ਹੋਵੇਗਾ, ਉਸ ਦਾ ਕਿਰਾਇਆ ਵੀ ਵਸੂਲ ਕੀਤਾ ਜਾਵੇਗਾ। ਵਾਟਰ ਟੈਂਕਰ ਦਾ ਰੇਟ ਵੀ 700 ਰੁਪਏ ਤੈਅ ਕੀਤਾ ਗਿਆ ਹੈ ਜਦਕਿ ਸ਼ਹਿਰ ਵਿਚ ਪਾਣੀ ਦਾ ਟੈਂਕਰ 500 ਰੁਪਏ ਤੱਕ ਮਿਲ ਜਾਂਦਾ ਹੈ।
ਰੈਲੀਆਂ ਵਿਚ ਜਿਹੜੇ ਰਾਜਨੇਤਾਵਾਂ ਨੂੰ ਮੰਚ ’ਤੇ ਸਿਰੋਪਾਓ ਤੇ ਹੋਰ ਸਾਮਾਨ ਦਿੱਤਾ ਜਾਂਦਾ ਹੈ, ਉਸ ਦਾ ਰੇਟ ਵੀ ਤੈਅ ਕੀਤਾ ਗਿਆ ਹੈ। ਤਿੰਨ ਫੁੱਟ ਦੀ ਕਿਰਪਾਨ ਦਾ ਰੇਟ 500 ਰੁਪਏ ਤੇ ਸਿਰੋਪਾਓ ਦਾ ਰੇਟ 150 ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗੱਡੀਆਂ ਚਲਾਉਣ ਲਈ ਡਰਾਈਵਰ ਵੀ ਕਿਰਾਏ ’ਤੇ ਲਏ ਜਾ ਸਕਦੇ ਹਨ, ਉਨ੍ਹਾਂ ਨੂੰ ਖਾਣੇ ਦੇ ਨਾਲ 600 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਪ੍ਰਚਾਰ ਦੌਰਾਨ ਜਿਹੜਾ ਪੂਰਾ ਦਿਨ ਢੋਲ ਵੱਜੇਗਾ, ਉਸ ਦਾ ਕਿਰਾਇਆ 1500 ਰੁਪਏ ਤੇ ਅੱਧੇ ਦਿਨ ਦਾ 800 ਰੁਪਏ ਤੈਅ ਕੀਤਾ ਗਿਆ ਹੈ।
ਚੋਣ ਵਿਭਾਗ ਵੱਲੋਂ ਤੈਅ ਕੀਤੀ ਗਈ ਹੱਦ ਮੁਤਾਬਕ ਉਮੀਦਵਾਰ ਰੈਲੀਆਂ ਜਾਂ ਮੀਟਿੰਗਾਂ ਵਿਚ 10 ਰੁਪਏ ਤੋਂ ਵੱਧ ਕਿਰਾਏ ਦੀ ਕੁਰਸੀ ਦੀ ਵਰਤੋ ਨਹੀਂ ਕਰ ਸਕੇਗਾ।
ਇਸੇ ਤਰ੍ਹਾਂ 12 ਰੁਪਏ ਤੋਂ ਮਹਿੰਗਾ ਸਮੋਸਾ ਤੇ 30 ਰੁਪਏ ਤੋਂ ਵੱਧ ਚਨੇ ਨਾਲ ਸਮੋਸਾ ਵੀ ਨਹੀਂ ਦੇ ਸਕਦੇ। ਰੈਲੀਆਂ ਤੇ ਮੀਟਿੰਗਾਂ ਵਿਚ ਕੋਲਡ ਡਰਿੰਕ ਅਤੇ ਲੱਸੀ ਤੱਕ ਦੇ ਰੇਟ ਤੈਅ ਕੀਤੇ ਗਏ ਹਨ। ਉਮੀਦਵਾਰ ਪ੍ਰਤੀ ਸਮਰਥਕ ਲੱਸੀ ਲਈ 25 ਰੁਪਏ ਹੀ ਖ਼ਰਚ ਕਰ ਸਕਣਗੇ। ਚੰਡੀਗੜ੍ਹ ਚੋਣ ਵਿਭਾਗ ਨੇ ਸਾਰੇ ਉਮੀਦਵਾਰਾਂ ਲਈ ਚੋਣ ਖ਼ਰਚੇ ਦੇ ਨਾਲ ਪ੍ਰਚਾਰ ਵਿਚ ਵਰਤੀ ਜਾਣ ਵਾਲੀ ਹਰ ਤਰ੍ਹਾਂ ਦੀ ਸਮੱਗਰੀ ਤੇ ਖਾਣ-ਪੀਣ 'ਤੇ ਹੋਣ ਵਾਲੇ ਖ਼ਰਚੇ ਲਈ ਇੱਕ-ਇੱਕ ਵਸਤੂ ਦਾ ਰੇਟ ਤੈਅ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਦੇ ਬਾਅਦ ਸਾਰੇ ਉਮੀਦਵਾਰਾਂ ਨੂੰ ਆਪਣਾ ਖਰਚਾ ਚੋਣ ਵਿਭਾਗ ਨੂੰ ਦੇਣਾ ਹੁੰਦਾ ਹੈ। ਇਸ ਵਾਰ ਲੋਕ ਸਭਾ ਚੋਣਾਂ ਲੜਨ ਵਾਲਾ ਉਮੀਦਵਾਰ 75 ਲੱਖ ਰੁਪਏ ਤੱਕ ਦਾ ਖਰਚਾ ਕਰ ਸਕਦਾ ਹੈ।