Punjab election: ਪੰਜ ਵਾਰ ਦੇ ਮੁੱਖ ਮੰਤਰੀ ਬਾਦਲ ਨੂੰ ਛੋਟੇ ਕਿਸਾਨ ਨੇ ਕੀਤਾ ਚਿੱਤ, ਲੰਬੀ ਹਲਕੇ ਦੇ ਇੰਝ ਬਦਲੀ ਤਸਵੀਰ
Punjab election result : ਪ੍ਰਕਾਸ਼ ਸਿੰਘ ਬਾਦਲ 1997 ਤੋਂ ਲੰਬੀ ਤੋਂ ਲਗਾਤਾਰ ਵਿਧਾਇਕ ਸਨ। ਕੁੱਲ ਵੋਟਾਂ 1,35,697 ਵਿੱਚੋਂ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 66,313 ਵੋਟਾਂ ਮਿਲੀਆਂ।
Punjab election: ਪੰਜਾਬ ਵਿਧਾਨ ਸਭਾ ਵਿੱਚ ਵੱਡੇ ਫੇਰ-ਬਦਲ ਹੋਏ ਹਨ। ਇਨ੍ਹਾਂ ਵਿੱਚ ਇੱਕ ਅਜਿਹਾ ਧਮਾਕਾ ਹੋਇਆ ਹੈ ਜਿਸ ਤੋਂ ਹਰ ਕੋਈ ਹੈਰਾਨ ਹੈ। ਸੂਬੇ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਕ ਆਮ ਜਿਹੇ ਬੰਦੇ ਤੋਂ ਹਾਰ ਗਏ ਹਨ। ਇਹ ਸ਼ਖ਼ਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਹਨ। ਗੁਰਮੀਤ ਸਿੰਘ ਖੁੱਡੀਆਂ ਮਰਹੂਮ ਸੰਸਦ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਹਨ। ਉਨ੍ਹਾਂ ਨੇ ਬਾਦਲ ਨੂੰ 11,396 ਵੋਟਾਂ ਦੇ ਫ਼ਰਕ ਹਰਾ ਕੇ ਨਵਾਂ ਇਤਿਹਾਸ ਸਿਰਜਿਆ ਹੈ।
ਯਾਦ ਰਹੇ ਬਾਦਲ ਮੂਹਰੇ ਜਿਹੜਾ ਚਮਤਕਾਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨਾ ਦਿਖਾ ਸਕੇ, ਉਹ 15 ਏਕੜ ਵਾਲੇ ਛੋਟੇ ਕਿਸਾਨ ਗੁਰਮੀਤ ਸਿੰਘ ਖੁੱਡੀਆਂ ਨੇ ਕਰ ਵਿਖਾਇਆ। ਪ੍ਰਕਾਸ਼ ਸਿੰਘ ਬਾਦਲ 1997 ਤੋਂ ਲੰਬੀ ਤੋਂ ਲਗਾਤਾਰ ਵਿਧਾਇਕ ਸਨ। ਕੁੱਲ ਵੋਟਾਂ 1,35,697 ਵਿੱਚੋਂ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ 66,313 ਵੋਟਾਂ ਮਿਲੀਆਂ, ਜਦਕਿ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੂੰ 54917 ਵੋਟਾਂ ਹਾਸਲ ਹੋਈਆਂ। ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁੱਲਖੁਰਾਣਾ ਸਿਰਫ਼ 10,136 ਵੋਟਾਂ ’ਤੇ ਸਿਮਟ ਗਏ।
ਭਾਜਪਾ ਉਮੀਦਵਾਰ ਰਾਕੇਸ਼ ਧੀਂਗੜਾ ਨੇ 1116, ਅਕਾਲੀ ਦਲ (ਅੰਮ੍ਰਿਤਸਰ) ਦੇ ਜਸਵਿੰਦਰ ਸਿੰਘ ਖਿਉਵਾਲੀ ਨੂੰ 1318, ਆਜ਼ਾਦ ਉਮੀਦਵਾਰ ਗੁਰਤੇਜ ਸਿੰਘ ਨੂੰ 393 ਅਤੇ ਚਰਨਜੀਤ ਸਿੰਘ ਨੂੰ 278 ਵੋਟਾਂ ਮਿਲੀਆਂ। ਨੋਟਾ ’ਤੇ 1226 ਵੋਟਰਾਂ ਨੇ ਵਿਸ਼ਵਾਸ ਜਤਾਇਆ ਅਤੇ 1260 ਪੇਪਰ ਬੈਲਟ ਵੋਟ ਪਏ। ਲੰਬੀ ’ਚ ਪਹਿਲੀ ਵਾਰ ਅਕਾਲੀ ਦਲ 40.47 ਫ਼ੀਸਦੀ ’ਤੇ ਸਿਮਟਿਆ।
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੂਹਰੇ ਬਹੁਤ ਲੰਮੇ ਤੋਂ ਚੋਣ ਲੜਨਾ ਚਾਹੁੰਦੇ ਸਨ, ਹੁਣ ਬਾਦਲ ਦੀ ਉਮਰ ਵੱਡੀ ਹੁੰਦੀ ਜਾ ਰਹੀ ਸੀ, ਜਿਸ ਕਰਕੇ ਉਨ੍ਹਾਂ ਨੂੰ ਫ਼ਿਕਰ ਸੀ ਕਿ ਇਹ ਖੁਹਾਇਸ਼ ਅਧੂਰੀ ਨਾ ਰਹਿ ਜਾਵੇ ਪਰ ਉਸ ਨੂੰ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਰਕੇ ਪੂਰਾ ਹੋਣ ਦਾ ਮੌਕਾ ਮਿਲ ਸਕਿਆ। ਉਨ੍ਹਾਂ ਕਿਹਾ ਕਿ ਲੰਬੀ ਦੇ ਮਾਣਮੱਤੇ ਲੋਕਾਂ ਵੱਲੋਂ ਪੰਜ ਵਾਰ ਦੇ ਮੁੱਖ ਮੰਤਰੀ ਨੂੰ ਹਰਾਉਣ ਦਾ ਮੌਕਾ ਦੇਣਾ ਮੰਤਰੀ ਬਣਨ ਨਾਲੋਂ ਕਈ ਗੁਣਾ ਵੱਡੀ ਪ੍ਰਾਪਤੀ ਹੈ।