Assembly Election 2022: ਅਮਿਤ ਸ਼ਾਹ ਵੱਲੋਂ ਯੂਪੀ, ਉੱਤਰਾਖੰਡ, ਗੋਆ ਤੇ ਮਨੀਪੁਰ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ, ਪੰਜਾਬ 'ਚ ਪਾਰਟੀ ਦੇ ਪ੍ਰਦਰਸ਼ਨ 'ਤੇ ਕਹੀ ਇਹ ਗੱਲ
Assembly Election 2022: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly Election 2022) 'ਚ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ
Assembly Election 2022: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly Election 2022) 'ਚ ਪਾਰਟੀ ਦਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ। ਭਾਜਪਾ ਆਗੂਆਂ ਨੇ ਉੱਤਰ ਪ੍ਰਦੇਸ਼ (Uttar Pradesh), ਉੱਤਰਾਖੰਡ (Uttarakhand), ਮਨੀਪੁਰ (Manipur) ਤੇ ਗੋਆ (Goa) 'ਚ ਮੁੜ ਆਪਣੀ ਸਰਕਾਰ ਬਣਾਉਣ ਦਾ ਭਰੋਸਾ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ (Punjab) 'ਚ ਵੀ ਭਾਜਪਾ ਦੀ ਸਥਿਤੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ 'ਚ ਪਾਰਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਲੋਕਪ੍ਰਿਅਤਾ ਦਾ ਲਾਭ ਮਿਲਿਆ ਹੈ।
ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਖ਼ਤਮ
5 ਸੂਬਿਆਂ ਦੀਆਂ ਚੋਣਾਂ ਦੇ ਆਖਰੀ ਗੇੜ ਲਈ ਪ੍ਰਚਾਰ ਸ਼ਨੀਵਾਰ ਸ਼ਾਮ ਨੂੰ ਖ਼ਤਮ ਹੋ ਗਿਆ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ 'ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ 'ਚ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਵਿਗਿਆਨਕ ਚੋਣ ਮੁਹਿੰਮ ਚਲਾਈ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ 'ਚ ਬੂਥ ਪੱਧਰ ਤੋਂ ਲੈ ਕੇ ਕੌਮੀ ਲੀਡਰਸ਼ਿਪ ਤਕ ਨੇ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਉੱਤਰ ਪ੍ਰਦੇਸ਼ 'ਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ ਤੇ ਉਸ ਨੂੰ ਕਿਸੇ ਹੋਰ ਪਾਰਟੀ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ।
ਉਨ੍ਹਾਂ ਕਿਹਾ, "ਮੈਂ ਯਕੀਨਨ ਕਹਿ ਸਕਦਾ ਹਾਂ ਕਿ 5 ਸੂਬਿਆਂ ਦੇ ਲੋਕਾਂ ਨੇ ਭਾਜਪਾ ਦਾ ਸਮਰਥਨ ਕੀਤਾ ਹੈ। ਜਿਨ੍ਹਾਂ 4 ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ, ਉੱਥੇ ਭਾਜਪਾ ਮੁੜ ਸੱਤਾ 'ਚ ਆਏਗੀ ਤੇ ਪੰਜਾਬ 'ਚ ਸਾਡੀ ਸਥਿਤੀ ਮਜ਼ਬੂਤ ਹੋਵੇਗੀ।" ਉਨ੍ਹਾਂ ਕਿਹਾ ਕਿ ਸਾਰੇ ਪੰਜ ਸੂਬਿਆਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਆਜ਼ਾਦ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਨਾਲੋਂ ਕਿਤੇ ਉੱਚੀ ਨਜ਼ਰ ਆਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਫ਼ਾਇਦਾ ਭਾਜਪਾ ਨੂੰ ਇਨ੍ਹਾਂ ਚੋਣਾਂ 'ਚ ਹੋ ਰਿਹਾ ਹੈ।
ਕੀ ਉੱਤਰ ਪ੍ਰਦੇਸ਼ 'ਚ ਲੋਕਤੰਤਰ ਵੱਧ ਰਿਹਾ?
ਅਮਿਤ ਸ਼ਾਹ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਪੂਰੇ ਉੱਤਰ ਪ੍ਰਦੇਸ਼ ਦਾ ਦੌਰਾ ਕੀਤਾ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਸੂਬੇ 'ਚ ਪਹਿਲੀ ਵਾਰ ਲੋਕਤੰਤਰ ਹੇਠਲੇ ਪੱਧਰ 'ਤੇ ਵਧਦਾ-ਫੁੱਲਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ, "ਅੱਜ ਅਸੀਂ ਉੱਤਰ ਪ੍ਰਦੇਸ਼ 'ਚ ਜਾਤੀਵਾਦ, ਪਰਿਵਾਰਵਾਦ, ਤੁਸ਼ਟੀਕਰਨ ਦੇ ਇਨ੍ਹਾਂ ਤਿੰਨਾਂ ਦੋਸ਼ਾਂ ਤੋਂ ਛੁਟਕਾਰਾ ਪਾ ਕੇ ਪਹਿਲੀ ਵਾਰ ਲੋਕਤੰਤਰ ਨੂੰ ਵਧਦਾ-ਫੁੱਲਦਾ ਦੇਖ ਰਹੇ ਹਾਂ।"
ਉੱਤਰ ਪ੍ਰਦੇਸ਼ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਕੁਝ ਆਗੂ ਪਾਰਟੀ ਛੱਡ ਚੁੱਕੇ ਹਨ, ਪਰ ਵੋਟਰਾਂ ਨੇ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ 2017 ਦੀਆਂ ਚੋਣਾਂ 'ਚ ਕੀਤੇ 92.6 ਫ਼ੀਸਦੀ ਤੋਂ ਵੱਧ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਸੂਬੇ 'ਚ ਸਫ਼ਲਤਾਪੂਰਵਕ ਲਾਗੂ ਕੀਤਾ ਹੈ।
ਯੂਪੀ 'ਚ ਯੋਗੀ ਆਦਿਤਿਆਨਾਥ ਦੀ ਸਰਕਾਰ ਨੇ ਕਿਹੋ ਜਿਹਾ ਕੰਮ ਕੀਤਾ?
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਬੇਰੁਜ਼ਗਾਰੀ, ਮਹਿੰਗਾਈ ਤੇ ਆਵਾਰਾ ਪਸ਼ੂਆਂ ਵਰਗੇ ਮੁੱਦਿਆਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨੇ ਗ਼ਰੀਬਾਂ ਨੂੰ ਉਮੀਦਾਂ ਦਿੱਤੀਆਂ ਹਨ ਕਿ ਉਨ੍ਹਾਂ ਦਾ ਜੀਵਨ ਪੱਧਰ ਵੀ ਬਿਹਤਰ ਹੋ ਸਕਦਾ ਹੈ। ਤਕਰੀਬਨ ਸਾਢੇ 7 ਸਾਲਾਂ ਤੋਂ ਦੇਸ਼ 'ਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ 'ਚ ਚੱਲ ਰਹੀ ਹੈ। ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਚੁਣੀ ਹੋਈ ਸਰਕਾਰ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਚਾਹੁੰਦੀ ਹੈ।
ਮਨੀਪੁਰ 'ਚ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਮਨੀਪੁਰ ਨੂੰ ਬੰਦ, ਹਿੰਸਾ ਤੇ ਨਸ਼ਿਆਂ ਦੀ ਪਕੜ ਤੋਂ ਜੈਵਿਕ ਖੇਤੀ ਤੇ ਮੈਡੀਕਲ ਸੰਸਥਾਵਾਂ ਸਮੇਤ ਹੋਰ ਸਹੂਲਤਾਂ 'ਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਮੋਦੀ ਅਤੇ ਸਾਡੇ ਮਨੀਪੁਰ ਦੇ ਮੁੱਖ ਮੰਤਰੀ ਨੇ ਪਹਾੜੀਆਂ ਤੇ ਘਾਟੀਆਂ ਦੇ ਮਤਭੇਦਾਂ ਨੂੰ ਖ਼ਤਮ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।"
ਕੀ ਉੱਤਰਾਖੰਡ 'ਚ ਮੁੜ ਬਣੇਗੀ ਭਾਜਪਾ ਦੀ ਸਰਕਾਰ?
ਉੱਤਰਾਖੰਡ ਬਾਰੇ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਭਾਜਪਾ ਨੇ 5 ਸਾਲਾਂ ਲਈ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਹੈ। ਨੱਡਾ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਪੰਜ ਵਿੱਚੋਂ ਚਾਰ ਸੂਬਿਆਂ 'ਚ ਸੱਤਾ ਵਿੱਚ ਵਾਪਸੀ ਕਰੇਗੀ ਅਤੇ ਪੰਜਾਬ 'ਚ ਇਸ ਨੂੰ ਲੋਕਾਂ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ, "ਭਾਜਪਾ ਪੰਜਾਬ 'ਚ ਪਹਿਲੀ ਵਾਰ 65 ਤੋਂ ਵੱਧ ਸੀਟਾਂ 'ਤੇ ਚੋਣ ਲੜ ਰਹੀ ਹੈ। ਸਾਨੂੰ ਉੱਥੇ ਬਹੁਤ ਸਕਾਰਾਤਮਕ ਜਨਤਕ ਸਮਰਥਨ ਮਿਲਿਆ ਹੈ ਤੇ ਅਸੀਂ ਉਮੀਦ ਨਾਲੋਂ ਬਿਹਤਰ ਨਤੀਜੇ ਲਿਆਵਾਂਗੇ।"
ਪੰਜਾਬ 'ਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸੀ। ਪਰ ਇਹ ਗਠਜੋੜ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਟੁੱਟ ਗਿਆ ਸੀ। ਭਾਜਪਾ ਨੇ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗੱਠਜੋੜ ਕੀਤਾ ਸੀ।
ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਉੱਤਰਾਖੰਡ, ਪੰਜਾਬ ਤੇ ਗੋਆ 'ਚ ਇੱਕ ਗੇੜ 'ਚ ਵੋਟਾਂ ਪਈਆਂ, ਜਦਕਿ ਉੱਤਰ ਪ੍ਰਦੇਸ਼ 'ਚ 7 ਗੇੜਾਂ ਤੇ ਮਨੀਪੁਰ 'ਚ 2 ਗੇੜਾਂ 'ਚ ਵੋਟਿੰਗ ਹੋਈ। 5 ਸੂਬਿਆਂ 'ਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਹ ਵੀ ਪੜ੍ਹੋ: Punjab Assembly Election 2022: ਸਪੱਸ਼ਟ ਬਹੁਮਤ ਨਾ ਮਿਲਣ 'ਤੇ 'ਆਪ' ਤੇ ਕਾਂਗਰਸ ਦਾ ਹੋਵੇਗਾ ਗਠਜੋੜ?