ਦਫ਼ਤਰ ਤੋੜਨ ਮਗਰੋਂ ਹੁਣ BMC ਦੀ ਕੰਗਨਾ ਦੇ ਘਰ 'ਤੇ ਨਜ਼ਰ, ਭੇਜਿਆ ਨੋਟਿਸ
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀਐਮਸੀ ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ।
ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਬੀਐਮਸੀ ਨੇ ਹੁਣ ਕੰਗਨਾ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ, ਬੀਐਮਸੀ ਨੇ ਅਭਿਨੇਤਰੀ ਦੇ ਘਰ ਵਿੱਚ ਕਥਿਤ ਨਾਜਾਇਜ਼ ਉਸਾਰੀ ਸਬੰਧੀ ਇੱਕ ਨੋਟਿਸ ਭੇਜਿਆ ਹੈ। ਇਸ ਤੋਂ ਪਹਿਲਾਂ ਬੀਐਮਸੀ ਨੇ ਕਾਲੀਆਣਾ ਦੇ ਪਾਲੀ ਹਿੱਲ ਵਿਖੇ ਬਣੇ ਦਫਤਰ ਵਿੱਚ ਗੈਰਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਜਲਦਬਾਜ਼ੀ ਵਿੱ ਬੁਲਡੋਜ਼ਰ ਚਲਾਇਆ ਸੀ। ਹੁਣ ਬੀਐਮਸੀ ਨੇ ਕੰਗਨਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਅਭਿਨੇਤਰੀ ਨੂੰ ਉੱਥੇ ਨਾਜਾਇਜ਼ ਉਸਾਰੀ ਬਾਰੇ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਕੰਗਨਾ ਦੇ ਘਰ ਕਥਿਤ ਤੌਰ ‘ਤੇ ਗੈਰਕਨੂੰਨੀ ਉਸਾਰੀ ਦਾ ਕੇਸ ਇਸ ਸਮੇਂ ਅਦਾਲਤ ਵਿੱਚ ਹੈ। ਕੇਸ ਦੀ ਸੁਣਵਾਈ 25 ਸਤੰਬਰ ਨੂੰ ਹੋਣੀ ਹੈ। ਸੂਤਰਾਂ ਅਨੁਸਾਰ, ਬੀਐਮਸੀ ਨੇ ਕਿਹਾ ਹੈ ਕਿ ਕੰਗਨਾ ਦਾ ਘਰ ਉਸ ਦੇ ਦਫ਼ਤਰ ਨਾਲੋਂ ਜ਼ਿਆਦਾ BMC ਨਿਯਮਾਂ ਦੀ ਉਲੰਘਣਾ ਕਰਕੇ ਗੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਹਾਲ ਹੀ ਵਿੱਚ ਵਿਵਾਦਾਂ ਵਿਚਕਾਰ ਬੀਐਮਸੀ ਨੇ ਢੀਂਡੋਸੀ ਸਿਟੀ ਸਿਵਲ ਕੋਰਟ ਵਿੱਚ ਅਪੀਲ ਕੀਤੀ ਤੇ ਕੰਗਨਾ ਦੇ ਘਰ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਤੋੜਨ ਦੀ ਆਗਿਆ ਮੰਗੀ। ਕੰਗਨਾ ਦਾ ਘਰ ਮੁੰਬਈ ਦੇ ਖਾਰ ਖੇਤਰ ਵਿੱਚ ਡੀਬੀ ਬ੍ਰਿਜ ਦੀ ਇਮਾਰਤ ਦੀ ਪੰਜਵੀਂ ਮੰਜ਼ਲ ਉੱਤੇ ਹੈ।