44 ਸਾਲਾ ਮੀਕਾ ਸਿੰਘ ਨੇ ਦਲੇਰ ਮਹਿੰਦੀ ਕਰਕੇ ਹਾਲੇ ਤੱਕ ਨਹੀਂ ਕਰਵਾਇਆ ਵਿਆਹ
ਅਸਲ ਕਹਾਣੀ ਇਹ ਹੈ ਕਿ ਮੀਕਾ ਸਿੰਘ ਪਹਿਲਾਂ ਕਿਸੇ ਵੇਲੇ ਇੱਕ ਕੁੜੀ ਨਾਲ ਬਹੁਤ ਗੰਭੀਰ ਕਿਸਮ ਦੇ ਰਿਸ਼ਤੇ ’ਚ ਸਨ ‘ਪਰ ਦਲੇਰ ਮਹਿੰਦੀ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ’।
ਮੁੰਬਈ: ਬਾਲੀਵੁੱਡ ਦੇ ਬਹੁਚਰਚਿਤ ਸਟਾਰ ਗਾਇਕ ਮੀਕਾ ਸਿੰਘ, ਜੋ ਅੱਜ ਵੀਰਵਾਰ ਨੂੰ 44 ਸਾਲਾਂ ਦੇ ਹੋ ਗਏ ਹਨ। ਉਹ ਹਾਲੇ ਤੱਕ ਅਣਵਿਆਹੇ ਹਨ; ਜਿਸ ਬਾਰੇ ਉਨ੍ਹਾਂ ਇੱਕ ਵਾਰ ਇਹ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਕਰਕੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ।
ਦਰਅਸਲ, ਅਸਲ ਕਹਾਣੀ ਇਹ ਹੈ ਕਿ ਮੀਕਾ ਸਿੰਘ ਪਹਿਲਾਂ ਕਿਸੇ ਵੇਲੇ ਇੱਕ ਕੁੜੀ ਨਾਲ ਬਹੁਤ ਗੰਭੀਰ ਕਿਸਮ ਦੇ ਰਿਸ਼ਤੇ ’ਚ ਸਨ ‘ਪਰ ਦਲੇਰ ਮਹਿੰਦੀ ਕਾਰਨ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ’। ਮੀਕਾ ਸਿੰਘ ਨੇ ਇਹ ਗੱਲ ਇੱਕ ਕਾਮੇਡੀ ਸ਼ੋਅ ’ਚ ਗੱਲਬਾਤ ਦੌਰਾਨ ਦੱਸੀ ਸੀ।
‘ਸਾਵਨ ਮੇਂ ਲਗ ਗਈ ਆਗ…’ ਜਿਹਾ ਹਿੱਟ ਗੀਤ ਗਾਉਣ ਵਾਲੇ ਮੀਕਾ ਸਿੰਘ ਨਾਲ ਤਦ ਦਲੇਰ ਮਹਿੰਦੀ ਵੀ ਉਸ ਰੀਐਲਿਟੀ ਸ਼ੋਅ ਦੀ ਸਟੇਜ ’ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਸੀ ਕਿ ਤਦ ਉਹ ਬਹੁਤ ਗੰਭੀਰ ਕਿਸਮ ਦੇ ਰਿਲੇਸ਼ਨਸ਼ਿਪ ’ਚ ਸਨ ਤੇ ਉਨ੍ਹਾਂ ਉਸ ਕੁੜੀ ਨੂੰ ਆਪਣੇ ਵੱਡੇ ਭਰਾ ਦਲੇਰ ਮਹਿੰਦੀ ਦਾ ਲੈਂਡਲਾਈਨ ਨੰਬਰ ਦਿੱਤਾ ਸੀ। ‘ਇੱਕ ਦਿਨ ਜਦੋਂ ਉਸ ਨੇ ਕਾਲ ਕੀਤੀ, ਤਾਂ ਰੱਬ ਜਾਣਦੈ ਪਤਾ ਨਹੀਂ ਦਲੇਰ ਭਾਅ ਜੀ ਨੇ ਉਸ ਨੂੰ ਕੀ ਆਖਿਆ ਕਿ ਉਹ ਮੈਨੂੰ ਛੱਡ ਗਈ ਤੇ ਮੇਰਾ ਦਿਲ ਟੁੱਟ ਗਿਆ। ਇਸ ਲਈ ਮੇਰੇ ਵਿਆਹ ਨਾ ਕਰਵਾਉਣ ਦਾ ਕਾਰਨ ਦਲੇਰ ਭਾਅ ਜੀ ਹੀ ਹਨ।’
ਉਂਝ ਇਸ ਤੋਂ ਪਹਿਲਾਂ ਇਸੇ ਵਰ੍ਹੇ ‘ਹਿੰਦੁਸਤਾਨ ਟਾਈਮਜ਼’ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਦਲੇਰ ਮਹਿੰਦੀ ਨੇ ਮੀਕਾ ਸਿੰਘ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਆਖਿਆ ਸੀ ਉਸ ਕੀ ਸ਼ਾਦੀ ਨਹੀਂ ਹੋ ਰਹੀ ਹੈ, ਜ਼ਰੂਰ ਉਸ ਕੀ ਅਪਨੀ ਇੰਟਰਨਲ ਨਾਕਾਮੀ ਯਾ ਵਜ੍ਹਾ ਹੋਗੀ।
ਦਲੇਰ ਮਹਿੰਦੀ ਨੇ ਅੱਗੇ ਕਿਹਾ ਸੀ, ਮੈਂ ਉਸ ਨੂੰ ਜਦੋਂ ਪਿਛਲੀ ਵਾਰ ਮਿਲਿਆ, ਤਾਂ ਮੈਂ ਉਸ ਨੂੰ ਕਿਹਾ ਸੀ ਕਿ ਤੂੰ ਵਿਆਹ ਕਰ। ਮੈਂ ਚਾਹੁੰਦਾ ਹਾਂ ਕਿ ਤੇਰੇ ਢੇਰ ਸਾਰੇ ਬੱਚੇ ਹੋਣ। ਇੰਨਾ ਪੈਸਾ ਹੈ, ਇੰਨਾ ਕੁਝ ਹੈ, ਇਹ ਕਿੱਥੇ ਜਾਵੇਗਾ? ਮੇਰੀ ਕੋਸ਼ਿਸ਼ ਰਹੇਗੀ ਇਸ ਸਾਲ ਕਿ ਭਾਵੇਂ-ਭਾਵੇਂ ਕੁੱਟ ਕੇ ਹੀ ਉਸ ਨੂੰ ਘੋੜੀ ’ਤੇ ਬਿਠਾਉਣਾ ਪਵੇ, ਪਰ ਉਸ ਦਾ ਵਿਆਹ ਜ਼ਰੂਰ ਕਰਾਵਾਂਗਾ।
ਮੀਕਾ ਸਿੰਘ ਪਿਛਲੀ ਵਾਰ ਕਮਾਲ ਆਰ. ਖ਼ਾਨ (ਕੇਆਰਕੇ) ਤੇ ਸਲਮਾਨ ਖ਼ਾਨ ਵਿਚਾਲੇ ਫ਼ਿਲਮ ‘ਰਾਧੇ’ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਵਿੱਚ ਵਿਖਾਈ ਦਿੱਤੇ ਸਨ। ਤਦ ਉਨ੍ਹਾਂ ਕੇਆਰਕੇ ਬਾਰੇ ਆਖਿਆ ਸੀ ਕਿ ਉਸ ਨੂੰ ਯੂਟਿਊਬ ਉੱਤੇ ਕਿਸੇ ਫ਼ਿਲਮ ਦਾ ਰੀਵਿਊ ਕਰਦੇ ਸਮੇਂ ਕਲਾਕਾਰਾਂ ਉੱਤੇ ਨਿਜੀ ਹਮਲੇ ਨਹੀਂ ਕਰਨੇ ਚਾਹੀਦੇ। ਉਨ੍ਹਾਂ ਕੇਆਰਕੇ ਨੂੰ ‘ਪਾਗਲ ਘੋੜਾ’ ਕਰਾਰ ਦਿੰਦਾ ਕਿਹਾ ਸੀ – ਇਸ ਫ਼ਿਲਮ ਇੰਡਸਟ੍ਰੀ ਮੇਂ ਅਗਰ ਇਸ ਪਾਗਲ ਘੋੜੇ ਕੋ ਕੋਈ ਠੀਕ ਕਰ ਸਕਤਾ ਹੈ, ਵੋਹ ਮੈਂ ਹੀ ਹੂੰ।
ਮੀਕਾ ਸਿੰਘ ਨੇ ਤਦ ਇਹ ਵੀ ਕਿਹਾ ਸੀ ਕਿ ਕੇਆਰਾਕੇ ਪਹਿਲਾਂ ਅਜੇ ਦੇਵਗਣ, ਅਕਸ਼ੇ ਕੁਮਾਰ ਤੇ ਹੋਰਨਾਂ ਵੀ ਕਈ ਕਲਾਕਾਰਾਂ ਉੱਤੇ ਬਿਨਾ ਮਤਲਬ ਦੀ ਸ਼ੋਹਰਤ ਖੱਟਣ ਲਈ ਨਿੱਜੀ ਹਮਲੇ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਰੋਕਣਾ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ।