Gurdas Maan: ਗੁਰਦਾਸ ਮਾਨ ਮਨਾ ਰਹੇ 66ਵਾਂ ਜਨਮਦਿਨ, 'ਦਿਲ ਦਾ ਮਾਮਲਾ ਹੈ' ਨੇ ਰਾਤੋ ਰਾਤ ਬਣਾਇਆ ਸਟਾਰ, ਵਿਵਾਦਾਂ ਨਾਲ ਰਿਹਾ ਨਾਤਾ
Gurdas Maan Birthday; ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ।
Happy Birthday Gurdas Maan: ਗੁਰਦਾਸ ਮਾਨ ਦਾ ਨਾਂਅ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਵਿੱਚ ਹੀ ਨਹੀਂ, ਸਗੋਂ ਬਾਲੀਵੁੱਡ ਵਿੱਚ ਵੀ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ।ਪੰਜਾਬੀ ਸਿੰਗਰ ਤੇ ਅਦਾਕਾਰ ਗੁਰਦਾਸ ਮਾਨ ਹਰ ਪੰਜਾਬੀ ਦੇ ਦਿਲ ਦੀ ਧੜਕਣ ਹਨ। ਅੱਜ ਯਾਨਿ 4 ਜਨਵਰੀ 2023 ਨੂੰ ਗੁਰਦਾਸ ਮਾਨ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ।
ਇਸ ਮੌਕੇ ਸੋਸ਼ਲ ਮੀਡੀਆ ਤੇ ਮਾਨ ਨੂੰ ਨਾ ਸਿਰਫ਼ ਉਨ੍ਹਾਂ ਦੇ ਫ਼ੈਨਜ਼ ਬਲਕਿ ਪੌਲੀਵੁੱਡ ਤੇ ਬਾਲੀਵੁੱਡ ਦੀਆਂ ਦਿੱਗਜ ਸ਼ਖ਼ਸੀਅਤਾਂ ਵੀ ਵਧਾਈਆਂ ਦੇ ਰਹੀਆਂ ਹਨ। ਆਖ਼ਰ ਮਾਨ ਸਾਹਬ ਪੰਜਾਬੀ ਸਿਨੇਮਾ ਦੇ ਆਈਕਾਨ ਹਨ। 80-90 ਦੇ ਦਹਾਕਿਆਂ ‘ਚ ਗੁਰਦਾਸ ਮਾਨ ਵਰਗੇ ਗਾਇਕਾਂ ਨੇ ਪੰਜਾਬੀ ਗਾਇਕੀ ਨੂੰ ਹੀ ਨਹੀਂ, ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਵੀ ਨਵਾਂ ਟਰੈਂਡ ਦਿਤਾ। ਇਨ੍ਹਾਂ ਦੇ 80-90 ਦੇ ਦਹਾਕਿਆਂ ‘ਚ ਗਾਏ ਗੀਤਾਂ ਨੂੰ ਨੌਜਵਾਨ ਅੱਜ ਵੀ ਉਸੇ ਉਤਸ਼ਾਹ ਨਾਲ ਸੁਣਦੇ ਹਨ।
ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਗਿੱਦੜਬਾਹਾ ਵਿਖੇ ਹੋਇਆ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕੁੱਲ 34 ਐਲਬਮਾਂ ਵਿਚ ਸੈਂਕੜੇ ਗੀਤ ਗਾਏ। ਉਨ੍ਹਾਂ ਦਾ ਲਗਭਗ ਹਰ ਗੀਤ ਸੁਪਰਹਿੱਟ ਰਿਹਾ। 1980 ਵਿਚ ਦਿਲ ਦਾ ਮਾਮਲਾ ਹੈ ਗੀਤ ਨੇ ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ;ਚ ਸਟਾਰ ਵਜੋਂ ਕਾਬਿਜ਼ ਕੀਤਾ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਕਰੀਅਰ ਵਿਚ 300 ਤੋਂ ਵੱਧ ਗੀਤ ਲਿਖੇ ਹਨ। ਇਹੀ ਨਹੀਂ ਉਨ੍ਹਾਂ ਨੇ ਕਈ ਦਰਜਨ ਫ਼ਿਲਮਾਂ ਵਿਚ ਵੀ ਕੰਮ ਕੀਤਾ ਹੈ।
'ਦਿਲ ਦਾ ਮਾਮਲਾ' ਗਾਣੇ ਨੇ ਰਾਤੋ ਰਾਤ ਬਣਾਇਆ ਸਟਾਰ
ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਗੀਤ-ਸੰਗੀਤ ਅਤੇ ਅਦਾਕਾਰੀ ਦੀ ਦੁਨੀਆ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਵਾਲੇ ਗੁਰਦਾਸ ਮਾਨ ਕਦੇ ਪੰਜਾਬ ਬਿਜਲੀ ਬੋਰਡ 'ਚ ਛੋਟੀ ਜਿਹੀ ਨੌਕਰੀ ਕਰਦੇ ਸਨ। ਸਾਲ 1980 ਵਿੱਚ, ਕਿਸੇ ਨੇ ਉਨ੍ਹਾਂ ਨੂੰ ਸਟੇਜ 'ਤੇ ਲਾਈਵ 'ਦਿਲ ਦਾ ਮਮਲਾ' ਗਾਉਂਦੇ ਦੇਖਿਆ ਅਤੇ ਦੂਰਦਰਸ਼ਨ ਲਈ ਗਾਉਣ ਲਈ ਬੁਲਾਇਆ। ਦੂਰਦਰਸ਼ਨ 'ਤੇ ਜਿਵੇਂ ਹੀ ਗੀਤ 'ਦਿਲ ਦਾ ਮਮਲਾ ਹੈ' ਗਾਣਾ ਦੂਰਦਰਸ਼ਨ 'ਤੇ ਆਉਂਦੇ ਹੀ ਗੁਰਦਾਸ ਮਾਨ ਰਾਤੋ ਰਾਤ ਸਟਾਰ ਬਣ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 23 ਸਾਲ ਸੀ। ਅੱਜ ਵੀ ਉਨ੍ਹਾਂ ਦੇ ਕਈ ਗੀਤ ਲੋਕਾਂ ਦੀ ਜ਼ੁਬਾਨ 'ਤੇ ਹਨ। ਸਾਜਨਾ ਵੇ ਸਜਨਾ... ਆਪਣਾ ਪੰਜਾਬ ਹੋਵੇ... ਛੱਲਾ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤ ਹਨ। ਉਹ ਹੁਣ ਤੱਕ 300 ਤੋਂ ਵੱਧ ਗੀਤ ਲਿਖ ਚੁੱਕੇ ਹਨ।
ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਨੇ ਦਿਵਾਇਆ ਨੈਸ਼ਨਲ ਐਵਾਰਡ
ਹਾਲਾਂਕਿ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ 'ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ' ਤੋਂ ਮਿਲੀ। ਇਸ ਵਿੱਚ ਉਨ੍ਹਾਂ ਨੇ ਪੰਜਾਬੀ ਗਾਇਕ ਵਾਰਿਸ ਸ਼ਾਹ ਦਾ ਕਿਰਦਾਰ ਨਿਭਾਇਆ, ਜਿਸ ਨੇ ਵਿਸ਼ਵ ਪ੍ਰਸਿੱਧ ਕਵਿਤਾ ਹੀਰ-ਰਾਂਝਾ ਲਿਖੀ ਸੀ। ਇਸ 'ਚ ਉਨ੍ਹਾਂ ਨਾਲ ਅਭਿਨੇਤਰੀ ਜੂਹੀ ਚਾਵਲਾ ਅਤੇ ਦਿਵਿਆ ਦੱਤਾ ਨੇ ਵੀ ਕੰਮ ਕੀਤਾ ਸੀ। ਇਸ ਫਿਲਮ ਦੇ ਗੀਤਾਂ ਲਈ ਉਨ੍ਹਾਂ ਨੂੰ ਸਰਵੋਤਮ ਪੁਰਸ਼ ਪਲੇਬੈਕ ਗਾਇਕ ਦਾ 54ਵਾਂ ਰਾਸ਼ਟਰੀ ਫਿਲਮ ਅਵਾਰਡ ਵੀ ਦਿੱਤਾ ਗਿਆ। ਉਹ ਸ਼ਾਹਰੁਖ ਖਾਨ ਅਤੇ ਪ੍ਰਿਟੀ ਜ਼ਿੰਟਾ ਦੇ ਨਾਲ ਫਿਲਮ ਵੀਰ-ਜ਼ਾਰਾ ਵਿੱਚ ਮਹਿਮਾਨ ਭੂਮਿਕਾ ਵਿੱਚ ਵੀ ਨਜ਼ਰ ਆਏ ਸੀ।
ਵਿਵਾਦਾਂ ਨਾਲ ਰਿਹਾ ਨਾਤਾ
ਗੁਰਦਾਸ ਮਾਨ ਨੇ ਪੂਰੀ ਦੁਨੀਆ 'ਚ ਬੇਸ਼ੁਮਾਰ ਪ੍ਰਸਿੱਧੀ ਤੇ ਨਾਮ ਕਮਾਇਆ। ਪਰ ਇਸ ਦੇ ਨਾਲ ਨਾਲ ਗਾਇਕ ਦਾ ਵਿਵਾਦਾਂ ਨਾਲ ਵੀ ਨਾਤਾ ਰਿਹਾ ਹੈ। ਗਾਇਕ ਗੁਰਦਾਸ ਮਾਨ ਸਾਲ 2021 'ਚ ਵਿਵਾਦਾਂ 'ਚ ਘਿਰ ਗਏ ਸਨ। ਇਲਜ਼ਾਮ ਹੈ ਕਿ ਉਨ੍ਹਾਂ ਨੇ ਜਲੰਧਰ ਦੇ ਨਕੋਦਰ ਵਿਖੇ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਡੇਰੇ ਦੇ ਤਖਤ ਦੀ ਤੁਲਨਾ ਇੱਕ ਸਿੱਖ ਗੁਰੂ ਨਾਲ ਕੀਤੀ ਸੀ। ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਸੀ। ਉਧਰ, ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਧਰਨੇ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਕਈ ਮਹੀਨਿਆਂ ਤੋਂ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ।
ਇਸ ਦੇ ਨਾਲ ਹਾਲ ਹੀ 'ਚ ਆਪਣੇ ਗਾਣੇ 'ਗੱਲ ਸੁਣੋ ਪੰਜਾਬੀ ਦੋਸਤੋ' ਨੂੰ ਲੈਕੇ ਵੀ ਗੁਰਦਾਸ ਮਾਨ ਵਿਵਾਦਾਂ 'ਚ ਆ ਗਏ ਸੀ। ਇਸ ਗੀਤ ਰਾਹੀਂ ਮਾਨ ਨੇ ਉਨ੍ਹਾਂ ਤਾਨਿਆਂ ਦਾ ਜਵਾਬ ਦਿੱਤਾ ਸੀ, ਜੋ ਉਨ੍ਹਾਂ ਨੂੰ 2019 'ਚ ਸੁਣਨੇ ਪਏ ਸੀ। ਇਸ ਗੀਤ ਨੂੰ ਲੈ ਕਲਾਕਾਰ ਸੁਰਖੀਆਂ ਵਿੱਚ ਰਹੇ। ਲੋਕਾਂ ਵੱਲੋਂ ਉਨ੍ਹਾਂ ਦੀ ਖੂਬ ਆਲੋਚਨਾ ਵੀ ਕੀਤੀ ਗਈ। ਅਸਲ 'ਚ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈੱਸ ਕਾਨਫ਼ਰੰਸ `ਚਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ `ਤੇ ਬਿਆਨ ਨੂੰ ਲੈਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਸ ਦੌਰਾਨ ਕਲਾਕਾਰ ਨੇ ਕਿਹਾ ਸੀ ਕਿ ਦੇਸ਼ `ਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ `ਤੇ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।