ਰਿਤਿਕ ਰੌਸ਼ਨ ਦੇ Zomato ਵਾਲੇ ਐਡ 'ਤੇ ਛਿੜਿਆ ਵਿਵਾਦ! ਐਡ ਬੰਦ ਕਰਕੇ ਮੁਆਫੀ ਦੀ ਮੰਗ
Hritik Zomato Ad: ਜ਼ੋਮੈਟੋ ਕੰਪਨੀ ਵੱਲੋਂ ਆਨਲਾਈਨ ਫੂਡ ਡਿਲੀਵਰੀ ਵਿਗਿਆਪਨ ਨੂੰ ਮਹਾਕਾਲ ਮੰਦਰ ਦੀ ਫੂਡ ਪਲੇਟ ਨਾਲ ਜੋੜਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ।
Hritik Zomato Ad: ਜ਼ੋਮੈਟੋ ਕੰਪਨੀ ਵੱਲੋਂ ਆਨਲਾਈਨ ਫੂਡ ਡਿਲੀਵਰੀ ਵਿਗਿਆਪਨ ਨੂੰ ਮਹਾਕਾਲ ਮੰਦਰ ਦੀ ਫੂਡ ਪਲੇਟ ਨਾਲ ਜੋੜਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਕੰਪਨੀ ਦਾ ਇਹ ਐਡ ਐਕਟਰ ਰਿਤਿਕ ਰੋਸ਼ਨ ਨੇ ਕੀਤਾ ਹੈ, ਇਸ 'ਚ ਐਕਟਰ ਰਿਤਿਕ ਰੋਸ਼ਨ ਕਹਿ ਰਹੇ ਹਨ, ''ਥਾਲੀ ਉਜੈਨ 'ਚ ਹੈ, ਇਸ ਲਈ ਮੈਂ ਮਹਾਕਾਲ ਤੋਂ ਮੰਗੀ ਹੈ''। ਇਸ 'ਤੇ ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਵਿਰੋਧ ਜਤਾਇਆ ਹੈ। ਉਹਨਾਂ ਕਿਹਾ ਕਿ ਇਸ ਐਡ ਨੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਲਈ ਜ਼ੋਮੈਟੋ ਅਤੇ ਰਿਤਿਕ ਰੋਸ਼ਨ ਨੂੰ ਮਾਫੀ ਮੰਗਣੀ ਚਾਹੀਦੀ ਹੈ। ਪੁਜਾਰੀਆਂ ਦਾ ਕਹਿਣਾ ਹੈ ਕਿ ਮਹਾਕਾਲ ਮੰਦਿਰ ਤੋਂ ਅਜਿਹੀ ਕੋਈ ਥਾਲੀ ਦੁਨੀਆ ਦੇ ਕਿਸੇ ਵੀ ਕੋਨੇ, ਇੱਥੋਂ ਤੱਕ ਕਿ ਉਜੈਨ ਵਿੱਚ ਨਹੀਂ ਪਹੁੰਚਾਈ ਜਾਂਦੀ।
ਉਜੈਨ ਵਿੱਚ ਭਗਵਾਨ ਸ਼ਿਵ ਦਾ ਮਹਾਕਾਲੇਸ਼ਵਰ (ਮਹਾਕਾਲ) ਮੰਦਿਰ ਦੇਸ਼ ਦੇ ਬਾਰਾਂ ਜਯੋਤਿਰਲਿੰਗਾਂ ਵਿੱਚੋਂ ਇੱਕ ਹੈ ਅਤੇ ਦੇਸ਼ ਭਰ ਦੇ ਸ਼ਰਧਾਲੂ ਇੱਥੇ ਆਉਂਦੇ ਹਨ। ਮੰਦਰ ਦੇ ਪੁਜਾਰੀ ਮਹੇਸ਼ ਅਤੇ ਆਸ਼ੀਸ਼ ਨੇ ਕਿਹਾ ਕਿ ਜ਼ੋਮੈਟੋ ਨੂੰ ਤੁਰੰਤ ਇਸ਼ਤਿਹਾਰ ਵਾਪਸ ਲੈਣਾ ਚਾਹੀਦਾ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਸ਼ਰਧਾਲੂਆਂ ਨੂੰ ਥਾਲੀ ਵਿੱਚ ‘ਪ੍ਰਸਾਦ’ ਪਰੋਸਿਆ ਜਾਂਦਾ ਹੈ ਅਤੇ ਇਸ਼ਤਿਹਾਰ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਪੁਜਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਉਜੈਨ ਦੇ ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਸਿੰਘ ਨਾਲ ਵੀ ਸੰਪਰਕ ਕੀਤਾ ਹੈ ਅਤੇ ਕੰਪਨੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਦੁਬਾਰਾ ਹਿੰਦੂ ਧਰਮ ਦਾ ਮਜ਼ਾਕ ਨਾ ਉਡਾਇਆ ਜਾਵੇ । ਜ਼ਿਲ੍ਹਾ ਮੈਜਿਸਟਰੇਟ ਮਹਾਕਾਲ ਮੰਦਰ ਟਰੱਸਟ ਦੇ ਚੇਅਰਮੈਨ ਹਨ। ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ਼ਤਿਹਾਰ ਨੂੰ ਗੁੰਮਰਾਹਕੁੰਨ ਕਰਾਰ ਦਿੰਦਿਆਂ ਕਿਹਾ ਕਿ ਮੰਦਰ 'ਚ ਪ੍ਰਸ਼ਾਦ ਦੇ ਰੂਪ 'ਚ ਮੁਫਤ ਭੋਜਨ ਦੀ ਥਾਲੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਦੀ ਵਿਕਰੀ ਨਹੀਂ ਕੀਤੀ ਜਾਂਦੀ।
ਉਹਨਾਂ ਕਿਹਾ ਕਿ ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਵੇਗੀ। ਭੋਜਨ ਦਾ ਪ੍ਰਬੰਧ ਮੰਦਰ ਕਮੇਟੀ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਸ਼ਰਧਾਲੂ ਸਵੇਰੇ 11 ਵਜੇ ਤੋਂ 2 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ 8 ਵਜੇ ਤੱਕ ਅਨਾਜ ਵਾਲੀ ਥਾਂ 'ਤੇ ਬੈਠ ਕੇ ਪ੍ਰਸ਼ਾਦਾ ਛਕ ਸਕਦੇ ਹਨ।
5 ਮਹੀਨੇ ਪਹਿਲਾਂ ਕੰਪਨੀ ਉਸ ਸਮੇਂ ਵਿਵਾਦਾਂ 'ਚ ਆ ਗਈ ਸੀ ਜਦੋਂ 10 ਮਿੰਟ 'ਚ ਖਾਣਾ ਡਿਲੀਵਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਕੰਪਨੀ ਦੇ ਸੰਸਥਾਪਕ ਦੀਪਇੰਦਰ ਗੋਇਲ ਨੇ ਇਕ ਬਲਾਗ ਰਾਹੀਂ ਇਹ ਜਾਣਕਾਰੀ ਦਿੱਤੀ ਸੀ। ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਸੀ ਕਿ ਇਹ ਬਿਲਕੁਲ ਬੇਤੁਕੀ ਸੇਵਾ ਹੈ। ਇਸ ਨਾਲ ਡਿਲੀਵਰਾਂ 'ਤੇ ਬੇਲੋੜਾ ਦਬਾਅ ਪਵੇਗਾ। ਕਈ ਲੋਕਾਂ ਨੇ ਡਿਲੀਵਰੀ ਬੁਆਏ ਦੀ ਸੁਰੱਖਿਆ 'ਤੇ ਸਵਾਲ ਉਠਾਏ ਸਨ। ਹਾਲਾਂਕਿ, ਗੋਇਲ ਨੇ ਸੋਸ਼ਲ ਮੀਡੀਆ 'ਤੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ 10 ਮਿੰਟ ਦੀ ਡਿਲੀਵਰੀ ਸੇਵਾ 30 ਮਿੰਟ ਦੀ ਡਿਲੀਵਰੀ ਸੇਵਾ ਜਿੰਨੀ ਸੁਰੱਖਿਅਤ ਹੋਵੇਗੀ। ਸਾਰੇ ਡਿਲੀਵਰੀ ਲੜਕਿਆਂ ਨੂੰ ਸੜਕ ਸੁਰੱਖਿਆ ਬਾਰੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੂੰ ਜੀਵਨ ਬੀਮਾ ਵੀ ਦਿੱਤਾ ਜਾਵੇਗਾ।