200 ਕਰੋੜ ਧੋਖਾਧੜੀ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ, EOW ਦੇ ਦਫ਼ਤਰ ਪਹੁੰਚੀ ਅਦਾਕਾਰਾ
200 ਕਰੋੜ ਦੀ ਠੱਗੀ ਦੇ ਮਾਮਲੇ `ਚ ਜੈਕਲੀਨ ਫ਼ਰਨਾਂਡੀਜ਼ ਤੋਂ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਉਹ ਈਓਡਬਲਿਊ ਦੇ ਦਫ਼ਤਰ ਪਹੁੰਚ ਚੁੱਕੀ ਹੈ
ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੇ ਜੇਲ ਤੋਂ 200 ਕਰੋੜ ਰੁਪਏ ਵਸੂਲੀ ਮਾਮਲੇ ’ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਦੇ 5-6 ਅਫਸਰ ਅਦਾਕਾਰਾ ਤੋਂ ਕਈ ਸਵਾਲ ਪੁੱਛਣ ਦੀ ਤਿਆਰੀ ਕਰ ਚੁੱਕੇ ਹਨ।
ਇਸ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਪੁਲਸ ਘੰਟਿਆਂ ਤਕ ਪੁੱਛਗਿੱਛ ਕਰ ਚੁੱਕੀ ਹੈ। ਦਿੱਲੀ ਦੇ ਮੰਡੋਲੀ ਜੇਲ ’ਚ ਬੰਦ ਸੁਕੇਸ਼ ਦੀ ਕਰੀਬੀ ਜੈਕਲੀਨ ਨੂੰ ਪਹਿਲਾਂ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਹਾਲਾਂਕਿ ਅਦਾਕਾਰਾ ਨੇ ਕੁਝ ਜ਼ਰੂਰੀ ਕੰਮਾਂ ਦਾ ਹਵਾਲਾ ਦੇ ਕੇ ਪੇਸ਼ੀ ਦੀ ਦੂਜੀ ਤਾਰੀਖ਼ ਮੰਗੀ ਸੀ।
ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਅਦਾਕਾਰਾ ਨੋਰਾ ਫਤੇਹੀ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਲਈ ਹੈ। ਪੁਲਿਸ ਨੇ ਰੋਹਿਣੀ ਜੇਲ ਤੋਂ ਠੱਗੀ ਦਾ ਜਾਲ ਫੈਲਾਉਣ ਵਾਲੇ ਸੁਕੇਸ਼ ਚੰਦਰਸ਼ੇਖਰ ਤੇ ਉਸ ਦੀ ਪਤਨੀ ਲੀਨਾ ਮਾਰੀਆ ਸਮੇਤ 11 ਲੋਕਾਂ ਖ਼ਿਲਾਫ਼ ਮਕੋਕਾ ਤਹਿਤ ਚਾਰਜਸ਼ੀਟ 2021 ’ਚ ਦਾਖ਼ਲ ਕਰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਸ ਜੈਕਲੀਨ ਕੋਲੋਂ ਸੁਕੇਸ਼ ਰਾਹੀਂ ਮਿਲੇ ਤੋਹਫ਼ਿਆਂ ਬਾਰੇ ਪੁੱਛਗਿੱਛ ਕਰ ਸਕਦੀ ਹੈ। ਪੁਲਸ ਇਨ੍ਹਾਂ ਤੋਹਫ਼ਿਆਂ ਦੇ ਮਾਧਿਅਮ ਬਾਰੇ ਵੀ ਸਵਾਲ ਕਰ ਸਕਦੀ ਹੈ।
ਜੈਕਲੀਨ ਨੂੰ ਇਹ ਸਵਾਲ ਪੁੱਛ ਸਕਦੀ ਹੈ ਪੁਲਿਸ
ਸੂਤਰਾਂ ਮੁਤਾਬਕ ਦਿੱਲੀ ਪੁਲਿਸ ਤਿਹਾੜ ਜੇਲ ਤੋਂ ਮਹਾਠੱਗ ਸੁਕੇਸ਼ ਦੇ ਵਸੂਲੀ ਸਿੰਡੀਕੇਟ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ।
ਪੁਲਿਸ ਸੁਕੇਸ਼ ਤੇ ਜੈਕਲੀਨ ਦੇ ਰਿਸ਼ਤਿਆਂ ਬਾਰੇ ਵੀ ਪੁੱਛਗਿੱਛ ਕਰ ਸਕਦੀ ਹੈ। ਸ਼ੁਰੂ ’ਚ ਤਾਂ ਜੈਕਲੀਨ ਨੇ ਸੁਕੇਸ਼ ਨਾਲ ਕਿਸੇ ਤਰ੍ਹਾਂ ਦੇ ਰਿਸ਼ਤੇ ਦੀ ਗੱਲ ਨਕਾਰ ਦਿੱਤੀ ਸੀ। ਹਾਲਾਂਕਿ ਬਾਅਦ ’ਚ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸੁਕੇਸ਼ ਨੇ ਈ. ਡੀ. ਨੂੰ ਦੱਸਿਆ ਸੀ ਕਿ ਉਹ ਤੇ ਜੈਕਲੀਨ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।
ਦਿੱਲੀ ਪੁਲਿਸ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਜੈਕਲੀਨ ਸੁਕੇਸ਼ ਦੇ ਕਾਰਨਾਮਿਆਂ ਤੋਂ ਜਾਣੂ ਸੀ ਜਾਂ ਨਹੀਂ?
ਅਪਰਾਧ ਸ਼ਾਖਾ ਇਹ ਵੀ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਕੀ ਜੈਕਲੀਨ ਨੇ ਸੁਕੇਸ਼ ਦੇ ਸੋਰਸ ਜਾਣਨ ਤੋਂ ਬਾਅਦ ਵੀ ਤੋਹਫ਼ੇ ਲਏ ਹਨ? ਜੇਕਰ ਅਜਿਹਾ ਹੋਇਆ ਤਾਂ ਜੈਕਲੀਨ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਜਾ ਸਕਦੀ ਹੈ।
ਦਿੱਲੀ ਪੁਲਿਸ ਸੁਕੇਸ਼ ਦੇ ਜੇਲ ਅਧਿਕਾਰੀਆਂ ਨਾਲ ਰਿਸ਼ਤਿਆਂ ਨੂੰ ਲੈ ਕੇ ਵੀ ਸਵਾਲ ਪੁੱਛ ਸਕਦੀ ਹੈ।