ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰਤਾਰ ਚੀਮਾ ਪੁਲਿਸ ਹਿਰਾਸਤ 'ਚ, ਗੋਲਡੀ ਬਰਾੜ ਤੋਂ ਧਮਕੀਆਂ ਦਵਾਉਣ ਦੇ ਇਲਜ਼ਾਮ
ਪੰਜਾਬੀ ਐਕਟਰ ਕਰਤਾਰ ਚੀਮਾ ਨੂੰ ਰਾਊਂਡ ਅਪ ਕਰ ਕੀਤੀ ਪੁੱਛਗਿੱਛ ਕੀਤੀ ਗਈ।
ਅੰਮ੍ਰਿਤਸਰ: ਪੰਜਾਬ NSUI ਦੇ ਪ੍ਰਧਾਨ ਅਕਸ਼ੈ ਸ਼ਰਮਾ ਤੇ ਪੰਜਾਬੀ ਫਿਲਮ ਅਦਾਕਾਰ ਕਰਤਾਰ ਚੀਮਾ ਵਿਚਾਲੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ 'ਚ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਸਾਹਮਣੇ ਆਇਆ ਹੈ। ਗੋਲਡੀ ਬਰਾੜ 'ਤੇ ਅਕਸ਼ੈ ਸ਼ਰਮਾ ਨੂੰ ਕਰਤਾਰ ਚੀਮਾ ਕੋਲੋਂ ਪੈਸੇ ਨਾ ਮੰਗਣ ਦੀ ਧਮਕੀ ਦੇ ਇਲਜ਼ਾਮ ਲਾਏ ਗਏ ਹਨ। ਅੰਮ੍ਰਿਤਸਰ ਸਿਵਲ ਲਾਈਨ ਥਾਣੇ 'ਚ ਅਦਾਕਾਰ ਕਰਤਾਰ ਚੀਮਾ ਨੂੰ ਹਿਰਾਸਤ 'ਚ ਰੱਖਿਆ ਹੈ ਪਰ ਹਾਲੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ।
ਜਦਕਿ ਅਕਸ਼ੈ ਤੇ ਚੀਮਾ ਨੇ ਇਕ ਦੂਜੇ ਖਿਲਾਫ ਦਰਖਾਸਤਾਂ ਦੇ ਦਿੱਤੀਆਂ ਹਨ। NSUI ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰਤਾਰ ਚੀਮਾ ਨੇ ਉਸ ਕੋਲੋਂ ਫਿਲਮ ਬਣਾਉਣ ਲਈ ਪੈਸੇ ਲਏ ਸਨ ਜੋ ਉਸ ਵੱਲੋਂ ਵਾਪਸ ਮੰਗਣ 'ਤੇ ਚੀਮਾ ਆਨਾਕਾਨੀ ਕਰ ਰਿਹਾ ਹੈ। ਅਕਸ਼ੈ ਨੇ ਬਕਾਇਦਾ ਇਕ ਵੀਡੀਓ ਰਿਕਾਰਡਿੰਗ ਜਾਰੀ ਕਰਦਿਆਂ ਕਿਹਾ ਕਿ ਚੀਮਾ ਉਸ ਨੂੰ ਗੈਂਗਸਟਰ ਗੋਲਡੀ ਬਰਾੜ ਕੋਲੋਂ ਧਮਕੀਆਂ ਦਿਵਾ ਰਿਹਾ ਹੈ।
ਅਕਸ਼ੈ ਨੇ ਕਿਹਾ ਕਿ ਉਸਨੂੰ ਫੋਨ ਤੇ ਧਮਕੀ ਆ ਰਹੀਆਂ ਹਨ ਕਿ ਉਹ ਚੀਮਾ ਕੋਲੋਂ ਪੈਸੇ ਨਾ ਮੰਗੇ ਨਹੀਂ ਤਾਂ ਸਿਰ 'ਚ ਗੋਲੀ ਮਾਰ ਦੇਵਾਂਗੇ। ਅੱਜ ਵੀ ਸਵੇਰੇ ਅੰਮ੍ਰਿਤਸਰ ਦੇ ਨਾਵਲਟੀ ਚੌਕ 'ਚ ਜਦ ਚੀਮਾ ਕੋਲੋਂ ਪੈਸੇ ਮੰਗੇ ਤਾਂ ਚੀਮਾ ਨੇ ਉਸ ਨਾਲ ਤਕਰਾਰ ਕੀਤੀ ਤੇ ਪੁਲਿਸ ਮੌਕੇ 'ਤੇ ਪੁੱਜ ਕੇ ਕਰਤਾਰ ਚੀਮਾ ਨੂੰ ਥਾਣੇ ਲੈ ਆਈ।
ਦੂਜੇ ਪਾਸੇ ਸਿਵਲ ਲਾਈਨ ਥਾਣੇ ਦੇ SHO ਅਮੋਲਕਦੀਪ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੇ ਇਕ ਦੂਜੇ ਖਿਲਾਫ ਸ਼ਿਕਾਇਤਾਂ ਦੇ ਦਿੱਤੀਆਂ ਹਨ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। SHO ਮੁਤਾਬਕ ਅਕਸ਼ੈ ਨੇ ਪੈਸੇ ਲੈਣ ਤੇ ਧਮਕੀਆਂ ਦੇਣ ਬਾਬਤ ਸ਼ਿਕਾਇਤ ਦਿੱਤੀ ਹੈ। ਜਦਕਿ ਕਰਤਾਰ ਚੀਮਾ ਨੇ ਅਕਸ਼ੈ ਦੇ ਖਿਲਾਫ ਵਾਧੂ ਪੈਸੇ ਮੰਗਣ 'ਤੇ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। SHO ਮੁਤਾਬਕ ਗੈਂਗਸਟਰ ਗੋਲਡੀ ਬਰਾੜ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸਾਰਾ ਮਾਮਲਾ ਉਚ ਅਧਿਕਾਰੀਆਂ ਨਾਲ ਵੀ ਵਿਚਾਰਿਆ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ।
ਦੂਜੇ ਪਾਸੇ ਅਕਸ਼ੈ ਸ਼ਰਮਾ ਦੇ ਨਾਲ ਆਏ ਸਮਰਥਕਾਂ ਨੇ ਸਿਵਲ ਲਾਈਨ ਥਾਣੇ 'ਚ ਉਸ ਵੇਲੇ ਹੰਗਾਮਾ ਕੀਤਾ ਜਦ ਸੱਤਾਧਾਰੀ ਪਾਰਟੀ ਦੇ ਕੁਝ ਕਾਰਕੁੰਨ ਥਾਣੇ ਪੁੱਜੇ। NSUI ਦੇ ਕਾਰਕੁੰਨਾ ਨੇ ਦੋਸ਼ ਲਾਇਆ ਕਿ ਕਰਤਾਰ ਚੀਮਾ ਦੀ ਮਦਦ ਲਈ ਸੱਤਾਧਾਰੀ ਪਾਰਟੀ ਦੇ ਆਗੂ ਥਾਣੇ ਪੁੱਜ ਕੇ ਪੁਲਿਸ 'ਤੇ ਦਬਾਅ ਪਾ ਰਹੇ ਹਨ।