ਅੱਜ ਸੁਰਾਂ ਦੇ ਸਿੰਕਦਰ ਦਾ ਸ਼ਰਧਾਂਜਲੀ ਸਮਾਗਮ, ਪਹੁੰਚ ਰਹੇ ਪੰਜਾਬੀ ਸਿਤਾਰੇ
ਅੱਜ ਯਾਨੀ ਐਤਵਾਰ ਖੰਨਾ ਵਿੱਚ ਸੁਰਾਂ ਦੇ ਸਿਕੰਦਰ ਦਾ ਸ਼ਰਧਾਂਜਲੀ ਸਮਾਗਮ ਹੈ ਜਿਸ ਵਿੱਚ ਵੱਡੀ ਗਿਣਤੀ ਗਾਇਕ ਤੇ ਫ਼ਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।
ਖੰਨਾ: ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਨਾਲ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਤਮਾਮ ਕਲਾਕਾਰ ਤੇ ਸੰਗੀਤ ਜਗਤ ਇਸ ਵਕਤ ਸੋਗ ਦੇ ਮਾਹੌਲ ਵਿੱਚ ਹੈ। ਅੱਜ ਯਾਨੀ ਐਤਵਾਰ ਖੰਨਾ ਵਿੱਚ ਸੁਰਾਂ ਦੇ ਸਿਕੰਦਰ ਦਾ ਸ਼ਰਧਾਂਜਲੀ ਸਮਾਗਮ ਹੈ ਜਿਸ ਵਿੱਚ ਵੱਡੀ ਗਿਣਤੀ ਗਾਇਕ ਤੇ ਫ਼ਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।
24 ਫਰਵਰੀ ਨੂੰ ਸਰਦੂਲ ਸਿਕੰਦਰ ਦਾ ਦੇਹਾਂਤ ਹੋ ਗਿਆ ਸੀ। ਉਹ ਬਿਮਾਰ ਚੱਲ ਰਹੇ ਸੀ ਤੇ ਫੌਰਟਿਸ ਹਸਪਤਾਲ ਵਿੱਚ ਦਾਖਲ ਸੀ। ਸਰਦੂਲ ਸਿਕੰਦਰ 60 ਸਾਲਾਂ ਦੇ ਸੀ। ਕੋਰੋਨਾ ਤੋਂ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਜਿੱਥੇ ਫੰਗਲ ਇੰਨਫੈਕਸ਼ਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ।
ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚੋਂ 'ਜੱਗਾ ਡਾਕੂ' ਵੀ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ। ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਹਨ।