Karan Aujla Show: ਦਿਲਜੀਤ ਦੌਸਾਂਝ ਮਗਰੋਂ ਕਰਨ ਔਜਲਾ ਨੂੰ ਨੋਟਿਸ, ਇਨ੍ਹਾਂ ਗੀਤਾਂ 'ਤੇ ਲੱਗਾ ਬੈਨ
Punjabi Singer Karan Aujla Show: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਮੋਡ ਵਿੱਚ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਗੁਰੂਗ੍ਰਾਮ
Punjabi Singer Karan Aujla Show: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਅਲਰਟ ਮੋਡ ਵਿੱਚ ਹੈ। ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਨੂੰ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਨਾ ਲਿਆਉਣ। ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਸ਼ਰਾਬ, ਨਸ਼ਿਆਂ ਨੂੰ ਉਤਸ਼ਾਹਿਤ ਕਰਨ ਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤ ਨਾ ਗਾਉਣ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸਾਸ਼ਨ ਨੇ ਦਿਲਜੀਤ ਦੌਸਾਂਝ ਨੂੰ ਵੀ ਨੋਟਿਸ ਜਾਰੀ ਕੀਤਾ ਸੀ।
ਦੱਸ ਦਈਏ ਕਿ ਪੰਜਾਬੀ ਗਾਇਕ ਕਰਨ ਔਜਲਾ 15, 17 ਤੇ 19 ਦਸੰਬਰ ਨੂੰ ਗੁਰੂਗ੍ਰਾਮ 'ਚ ਸ਼ੋਅ ਕਰ ਰਹੇ ਹਨ। ਇਸ ਨੂੰ ਲੈ ਕੇ ਗੁਰੂਗ੍ਰਾਮ ਦੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਪੰਜਾਬੀ ਗਾਇਕ ਨੂੰ ਨੋਟਿਸ ਜਾਰੀ ਕੀਤਾ ਹੈ। ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ, "ਡਬਲਿਯੂਐਚਓ ਦੇ ਅਨੁਸਾਰ, ਬਾਲਗਾਂ ਨੂੰ 140 ਡੀਬੀ ਤੋਂ ਵੱਧ ਆਵਾਜ਼ ਦੇ ਦਬਾਅ ਦੇ ਪੱਧਰ ਵਾਲੀ ਆਵਾਜ਼ ਦੇ ਸੰਪਰਕ ਵਿੱਚ ਨਹੀਂ ਆਉਣਾ ਚਾਹੀਦਾ। ਬੱਚਿਆਂ ਲਈ ਇਹ ਪੱਧਰ 120 ਡੀਬੀ ਤੱਕ ਘਟਾਇਆ ਜਾਣਾ ਚਾਹੀਦਾ ਹੈ। ਇਸ ਲਈ ਤੁਹਾਡੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਨਹੀਂ ਲਿਆਉਣਾ ਚਾਹੀਦਾ ਜਿੱਥੇ ਆਵਾਜ਼ ਦਾ ਦਬਾਅ ਦਾ ਅਧਿਕਤਮ ਪੱਧਰ 120 ਡੀਬੀ ਤੋਂ ਵੱਧ ਹੈ। ਇਹ ਬੱਚਿਆਂ ਲਈ ਨੁਕਸਾਨਦੇਹ ਹੈ।"
ਪੰਜਾਬੀ ਗਾਇਕ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਸ਼ੋਅ ਵਿੱਚ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ। ਪ੍ਰਸ਼ਾਸਨ ਇਸ ਸਬੰਧੀ ਪ੍ਰੋਗਰਾਮ 'ਤੇ ਤਿੱਖੀ ਨਜ਼ਰ ਰੱਖੇਗਾ। ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ 'ਚ ਵੀ ਵਿਵਾਦ ਹੋਇਆ ਸੀ। ਪ੍ਰੋਫ਼ੈਸਰ ਪੰਡਿਤ ਰਾਓ ਧਰਨੇਵਰ ਨੇ 7 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਸ਼ੋਅ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਰਨ ਔਜਲਾ ਦੇ ਗੀਤ ਸ਼ਰਾਬ, ਨਸ਼ੇ ਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਸ਼ੋਅ ਦੌਰਾਨ ਚਿੱਟਾ ਕੁਰਤਾ, ਅਧੀਆ, ਫਿਊ ਡੇਜ਼, ਅਲਕੋਹਲ 2, ਗੈਂਗਸਟਾ ਤੇ ਬੰਦੂਕ ਵਰਗੇ ਗੀਤ ਨਹੀਂ ਗਾਉਣੇ ਚਾਹੀਦੇ। ਹੁਣ ਪ੍ਰਸ਼ਾਸਨ ਗੁਰੂਗ੍ਰਾਮ 'ਚ ਕਰਨ ਔਜਲਾ ਦੇ ਸ਼ੋਅ 'ਤੇ ਨਜ਼ਰ ਰੱਖ ਰਿਹਾ ਹੈ।