Gurpreet Ghuggi: ਜ਼ਿੰਦਗੀ ‘ਚ ਹਾਰ ਮੰਨਣ ਤੋਂ ਪਹਿਲਾਂ ਸੁਣ ਲਓ ਗੁਰਪ੍ਰੀਤ ਘੁੱਗੀ ਦੀਆਂ ਇਹ ਗੱਲਾਂ, 7 ਰੁਪਏ ਦਿਹਾੜੀ ਲੈਣ ਵਾਲਾ ਸ਼ਖਸ ਕਿਵੇਂ ਬਣਿਆ ਕਰੋੜਪਤੀ
Gurpreet Ghuggi Inspirational Success Story: ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਪ੍ਰੀਤ ਘੁੱਗੀ ਦੇ ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ। ਜਾਣੋ ਕਿਵੇਂ 7 ਰੁਪਏ ਦਿਹਾੜੀ ਕਰਨ ਵਾਲੇ ਗੁਰਪ੍ਰੀਤ ਘੁੱਗੀ ਅੱਜ ਕਰੋੜਾਂ ਦੇ ਮਾਲਕ ਬਣੇ।
Gurpreet Ghuggi Success Story: ਪੰਜਾਬੀ ਐਕਟਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਦੇ ਨਾਂ ਤੋਂ ਸਭ ਵਾਕਿਫ ਹਨ। ਇਹ ਉਹ ਸ਼ਖਸੀਅਤ ਹੈ, ਜੋ ਪੰਜਾਬੀਆਂ ਨੂੰ ਪਿਛਲੇ 30 ਸਾਲਾਂ ਤੋਂ ਹਸਾਉਂਦਾ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਪ੍ਰੀਤ ਘੁੱਗੀ ਦੇ ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ। ਜਾਣੋ ਕਿਵੇਂ 7 ਰੁਪਏ ਦਿਹਾੜੀ ਕਰਨ ਵਾਲੇ ਗੁਰਪ੍ਰੀਤ ਘੁੱਗੀ ਅੱਜ ਕਰੋੜਾਂ ਦੇ ਮਾਲਕ ਬਣੇ।
ਉਹਨਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਪਾਲੀਵੁੱਡ ਵਿੱਚ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਦੇ ਹਾਂ, ਉਹਨਾਂ ਨੂੰ ਇਹ ਨਾਂ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੇ ਦਿੱਤਾ ਸੀ। ਘੁੱਗੀ ਦੇ ਦੋ ਵੱਡੇ ਭਰਾ ਹਨ ਤੇ ਉਹਨਾਂ ਦੇ ਪਰਿਵਾਰ ਵਿੱਚ 14 ਮੈਂਬਰ ਹਨ। ਗੁਰਪ੍ਰੀਤ ਘੁੱਗੀ ਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਤੇ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਉਹਨਾਂ ਦਾ ਬੇਟਾ ਕ੍ਰਿਕਟ ਦਾ ਚੰਗਾ ਖਿਡਾਰੀ ਹੈ।
ਇੱਕ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਨ ਲਈ 7 ਰੁਪਏ ਦਿਹਾੜੀ ਤੇ ਕੰਮ ਕਰਦੇ ਸਨ। ਘੁੱਗੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਜੂਨ 1971 ਨੂੰ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਂ ਸੁਖਵਿੰਦਰ ਕੌਰ ਅਤੇ ਪਿਤਾ ਦਾ ਨਾਂ ਗੁਰਨਾਮ ਸਿੰਘ ਹੈ । ਉਹ ਪਿੰਡ ਖੋਖਰ ਫੌਜੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ।
ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਦੇ ਪਿਤਾ ਨੂੰ ਕਾਰੋਬਾਰ ਵਿੱਚ ਵੱਡਾ ਘਾਟਾ ਪਿਆ ਸੀ, ਜਿਸ ਕਰਕੇ ਉਹਨਾਂ ਦਾ ਪਰਿਵਾਰ ਆਰਥਿਕ ਤੰਗੀ ਵਿੱਚ ਆ ਗਿਆ ਸੀ। ਇਸ ਸਭ ਦੇ ਚਲਦੇ ਉਹਨਾਂ ਨੇ ਕਰਤਾਰਪੁਰ ਸਬ-ਤਹਿਸੀਲ ਵਿੱਚ ਲੋਕਾਂ ਦੇ ਪਰਨੋਟ ਤੇ ਬਿਆਨੇ ਲਿਖਣੇ ਸ਼ੁਰੂ ਕਰ ਦਿੱਤੇ ।ਇੱਕ ਅਰਜੀ ਨਵੀਸ ਦੇ ਤੌਰ ਤੇ ਉਹਨਾਂ ਨੇ 2 ਸਾਲ ਸਿਰਫ 7 ਰੁਪਏ ਦਿਹਾੜੀ 'ਤੇ ਕੰਮ ਕੀਤਾ। ਅਰਜੀ ਨਵੀਸ ਦੇ ਤੌਰ ਤੇ ਕੰਮ ਕਰਦੇ ਹੋਏ ਹੀ ਉਹਨਾਂ ਨੇ 11ਵੀਂ ਤੇ ਬਾਰਵੀਂ ਦੀ ਪੜਾਈ ਪ੍ਰਾਈਵੇਟ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਦੁਆਬਾ ਕਾਲਜ ਵਿੱਚ ਦਾਖਲਾ ਲੈ ਲਿਆ। ਕਾਲਜ ਦੇ ਪ੍ਰਬੰਧਕਾਂ ਨੇ ਘੁੱਗੀ ਦੀ ਬੀ.ਏ. ਦੀ ਪੜਾਈ ਦੀ ਫੀਸ ਇਸ ਲਈ ਮੁਆਫ ਕਰ ਦਿੱਤੀ ਕਿਉਂਕਿ ਘੁੱਗੀ ਨੇ ਕਾਲਜ ਨੂੰ ਆਪਣੀ ਕਮੇਡੀ ਅਤੇ ਐਕਟਿੰਗ ਦੇ ਬਲ ਤੇ ਕਈ ਯੂਥ ਫੈਸਟੀਵਲ ਜਿਤਵਾਉਣੇ ਸ਼ੁਰੂ ਕਰ ਦਿੱਤੇ ਸਨ।
ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ 1990 ਵਿੱਚ ਡਰਾਮਿਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੁਰਦਰਸ਼ਨ ਜਲੰਧਰ 'ਤੇ ਵੀ ਕੰਮ ਕੀਤਾ ਉਹ ਜ਼ਿਆਦਾਤਰ ਸਕਿੱਟ ਕਰਦੇ ਸਨ । ਉਹਨਾਂ ਨੇ ਆਲ ਇੰਡੀਆ ਰੇਡੀਓ 'ਤੇ ਅਨਾਉਂਸਰ ਦੀ ਵੀ ਨੌਕਰੀ ਕੀਤੀ ਇਥੇ ਗੁਰਪ੍ਰੀਤ ਨੂੰ ਇੱਕ ਡਿਊਟੀ ਦੇ 200 ਰੁਪਏ ਮਿਲਦੇ ਸਨ।
7 ਰੁਪਏ ਦਿਹਾੜੀ ਤੋਂ 40 ਕਰੋੜ ਤੱਕ ਦਾ ਸਫਰ
ਗੁਰਪ੍ਰੀਤ ਘੁੱਗੀ ਜਦੋਂ ਆਪਣੇ ਪਰਿਵਾਰ ਦੀ ਮਦਦ ਕਰਨ ਲਈ 7 ਰੁਪਏ ਦਿਹਾੜੀ ‘ਤੇ ਕੰਮ ਕਰਦੇ ਸੀ, ਤਾਂ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਦੇ ਇਸ ਬੁਲੰਦੀ ਤੱਕ ਪਹੁੰਚਣਗੇ। ਘੁੱਗੀ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਮੁਤਾਬਕ ਉਹ 1-5 ਮਿਲੀਅਨ ਡਾਲਰ ਯਾਨਿ 20-40 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਗੁਰਪ੍ਰੀਤ ਘੁੱਗੀ ਨੇ ਇੰਨੀਂ ਜਾਇਦਾਦ ਸਿਰਫ ਆਪਣੀ ਕਮੇਡੀ ਤੇ ਐਕਟਿੰਗ ਅਤੇ ਸਟੇਜ ਸ਼ੋਅਜ਼ ਦੇ ਸਿਰ ‘ਤੇ ਕਮਾਈ ਹੈ। ਉਨ੍ਹਾਂ ਦਾ ਪੰਜਾਬੀ ਇੰਡਸਟਰੀ ‘ਚ ਕੋਈ ਗੌਡਫਾਦਰ ਜਾਂ ਮਦਦਗਾਰ ਨਹੀਂ ਸੀ। ਇਹ ਮੁਕਾਮ ਉਨ੍ਹਾਂ ਨੇ ਆਪਣੇ ਹੁਨਰ, ਮੇਹਨਤ ਤੇ ਸੰਘਰਸ਼ ਦੀ ਬਦੌਲਤ ਹਾਸਲ ਕੀਤਾ ਹੈ।
ਟੀਵੀ ਜਗਤ ਵਿੱਚ ਉਹਨਾਂ ਦੀ ਪਹਿਚਾਣ ਰੌਣਕ ਮੇਲਾ, ਪਰਛਾਵੇਂ ਤੇ ਲੋਰੀ ਪ੍ਰੋਗਰਾਮ ਨਾਲ ਬਣੀ ।ਗੁਰਪ੍ਰੀਤ ਘੁੱਗੀ ਨੇ ਪਾਲੀਵੁੱਡ ਵਿੱਚ ਕਦਮ ਸਾਲ 2004 ਵਿੱਚ ਆਈ ਫਿਲਮ 'ਜੀ ਆਇਆ ਨੂੰ' ਨਾਲ ਰੱਖਿਆ। ਇਸ ਫਿਲਮ ਵਿੱਚ ਘੁੱਗੀ ਨੇ ਇੱਕ ਟਰੈਵਲ ਏਜੰਟ ਦਾ ਰੋਲ ਕੀਤਾ ਸੀ। ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕੀਤਾ। ਘੁੱਗੀ ਨੇ ਪਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ, ਜਿਹਨਾਂ ਵਿੱਚ ਕੈਰੀ ਆਨ ਜੱਟਾ, ਜੱਟ ਜੈਮਸ ਬੌਂਡ, 'ਆ ਗਏ ਮੁੰਡੇ ਯੂਕੇ ਦੇ' ਦੇ ਸਮੇਤ ਹੋਰ ਕਈ ਫਿਲਮਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਅਰਦਾਸ ਫਿਲਮ ਉਹਨਾਂ ਦੀ ਸੁਪਰ ਡੁਪਰ ਫਿਲਮ ਰਹੀ ਹੈ।
ਬਾਲੀਵੁੱਡ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਸਿੰਘ ਇਜ ਕਿੰਗ ਫਿਲਮ ਸਭ ਤੋਂ ਹਿੱਟ ਹੈ। ਘੁੱਗੀ ਹੁਣ ਤੱਕ 50 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ ਜਦੋਂ ਕਿ 12 ਤੋਂ ਵੱਧ ਕਮੇਡੀ ਆਡੀਓ ਕੈਸਟਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਉਹਨਾਂ ਦੀਆਂ ਕਈ ਵੀਡਿਓ ਸੀਡੀਆਂ ਵੀ ਬਜ਼ਾਰ ਵਿੱਚ ਉਪਲੱਬਧ ਹਨ। ਸੋ ਗੁਰਪ੍ਰੀਤ ਘੁੱਗੀ ਦੀ ਐਕਟਿੰਗ ਦਾ ਹਰ ਕੋਈ ਕਾਇਲ ਹੈ ਇਸ ਲਈ ਉਹਨਾਂ ਨੂੰ ਹੁਣ ਤੱਕ ਕਈ ਅਵਾਰਡ ਵੀ ਮਿਲ ਚੁੱਕੇ ਹਨ।