Dharmendra: ਰਾਜ ਕਪੂਰ ਨੂੰ ਯਾਦ ਭਾਵੁਕ ਹੋਏ ਧਰਮਿੰਦਰ, ਸ਼ੋਅਮੈਨ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪੋਸਟ, ਬੋਲੇ- 'ਤੁਹਾਡੀ ਯਾਦ 'ਚ....'
Raj Kapoor Birth Anniversary : ਅੱਜ ਹਿੰਦੀ ਸਿਨੇਮਾ ਦੇ ਸ਼ੋਅਮੈਨ ਰਾਜ ਕਪੂਰ ਦਾ 99ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਧਰਮਿੰਦਰ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਰਾਜ ਕਪੂਰ ਨਾਲ ਆਪਣੀ ਇੱਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ ।
Raj Kapoor 99th Birth Anniversary: ਰਾਜ ਕਪੂਰ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਮਹਾਨ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਰਾਜ ਕਪੂਰ ਦਾ ਜਨਮ 14 ਦਸੰਬਰ 1924 ਨੂੰ ਹੋਇਆ ਸੀ। 1947 'ਚ ਫਿਲਮ 'ਨੀਲ ਕਮਲ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਾਜ ਕਪੂਰ ਨੂੰ 'ਭਾਰਤੀ ਸਿਨੇਮਾ ਦਾ ਮਹਾਨ ਸ਼ੋਮੈਨ' ਕਿਹਾ ਜਾਂਦਾ ਸੀ। ਅੱਜ ਰਾਜ ਕਪੂਰ ਦਾ 99ਵਾਂ ਜਨਮਦਿਨ ਹੈ। ਇਸ ਮੌਕੇ 'ਤੇ ਸਾਰੇ ਪ੍ਰਸ਼ੰਸਕ ਮਰਹੂਮ ਅਦਾਕਾਰ ਨੂੰ ਯਾਦ ਕਰ ਰਹੇ ਹਨ। ਮਹਾਨ ਅਭਿਨੇਤਾ ਧਰਮਿੰਦਰ ਨੇ ਵੀ ਸ਼ੋਅਮੈਨ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕੀਤਾ।
ਧਰਮਿੰਦਰ ਨੇ ਰਾਜ ਕਪੂਰ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਪੋਸਟ
ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਰਾਜ ਕਪੂਰ ਨਾਲ ਆਪਣੀ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਬਲੈਕ ਐਂਡ ਵ੍ਹਾਈਟ ਤਸਵੀਰ ਕਿਸੇ ਇਵੈਂਟ ਦੀ ਲੱਗ ਰਹੀ ਹੈ ਜਿੱਥੇ ਦੋਵੇਂ ਸੁਪਰਸਟਾਰ ਫੋਰਮਲ ਸੂਟ ਪਹਿਨੇ ਨਜ਼ਰ ਆ ਰਹੇ ਹਨ। ਦੋਵੇਂ ਇਕ-ਦੂਜੇ ਦੇ ਨਾਲ ਵਾਲੀ ਸੀਟ 'ਤੇ ਬੈਠ ਕੇ ਗੱਲਬਾਤ 'ਚ ਰੁੱਝੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਰਾਜ ਕਪੂਰ ਧਰਮਿੰਦਰ ਦਾ ਹੱਥ ਫੜਦੇ ਨਜ਼ਰ ਆ ਰਹੇ ਹਨ।
ਆਪਣੀ ਨਿੱਜੀ ਐਲਬਮ ਤੋਂ ਇਸ ਥ੍ਰੋਬੈਕ ਤਸਵੀਰ ਨੂੰ ਸਾਂਝਾ ਕਰਦੇ ਹੋਏ, ਧਰਮਿੰਦਰ ਨੇ ਲਿਖਿਆ, "ਜਨਮਦਿਨ ਮੁਬਾਰਕ ਰਾਜ ਸਾਹਬ, ਅਸੀਂ ਤੁਹਾਨੂੰ ਯਾਦ ਕਰਦੇ ਹਾਂ!...ਤੁਹਾਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।"
View this post on Instagram
ਧਰਮਿੰਦਰ ਅਤੇ ਰਾਜ ਕਪੂਰ ਨੇ 'ਮੇਰਾ ਨਾਮ ਜੋਕਰ' 'ਚ ਕੀਤਾ ਸੀ ਇਕੱਠੇ ਕੰਮ
ਧਰਮਿੰਦਰ ਅਤੇ ਰਾਜ ਕਪੂਰ ਨੇ 1970 'ਚ ਆਈ ਫਿਲਮ 'ਮੇਰਾ ਨਾਮ ਜੋਕਰ' 'ਚ ਇਕੱਠੇ ਕੰਮ ਕੀਤਾ ਸੀ। ਇਸ ਫਿਲਮ ਦਾ ਨਿਰਦੇਸ਼ਨ, ਸੰਪਾਦਨ ਅਤੇ ਨਿਰਮਾਣ ਵੀ ਰਾਜ ਕਪੂਰ ਨੇ ਆਪਣੇ ਬੈਨਰ ਆਰ.ਕੇ. ਫਿਲਮਜ਼ ਦੇ ਤਹਿਤ ਕੀਤਾ। ਉਨ੍ਹਾਂ ਦੇ ਬੇਟੇ ਰਿਸ਼ੀ ਕਪੂਰ ਦਾ ਸਕ੍ਰੀਨ ਡੈਬਿਊ ਇਸ ਰਾਜ ਕਪੂਰ ਸਟਾਰਰ ਫਿਲਮ ਨਾਲ ਹੋਇਆ ਸੀ। ਫਿਲਮ ਵਿੱਚ ਸਿਮੀ ਗਰੇਵਾਲ, ਕਸੇਨੀਆ ਰਿਆਬਿੰਕੀਨਾ, ਪਦਮਿਨੀ, ਮਨੋਜ ਕੁਮਾਰ ਅਤੇ ਧਰਮਿੰਦਰ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ।
1988 ਵਿੱਚ ਹੋਈ ਸੀ ਰਾਜ ਕਪੂਰ ਦੀ ਮੌਤ
ਤੁਹਾਨੂੰ ਦੱਸ ਦਈਏ ਕਿ ਰਾਜ ਕਪੂਰ ਦਾ ਜਨਮ ਪਿਸ਼ਾਵਰ ਵਿੱਚ ਪ੍ਰਿਥਵੀਰਾਜ ਕਪੂਰ ਅਤੇ ਰਾਮਸਰਨੀ ਮਹਿਰਾ ਦੇ ਘਰ ਹੋਇਆ ਸੀ। ਆਪਣੇ ਸ਼ਾਨਦਾਰ ਕਰੀਅਰ ਵਿੱਚ, ਉਸਨੇ ਤਿੰਨ ਰਾਸ਼ਟਰੀ ਫਿਲਮ ਪੁਰਸਕਾਰਾਂ ਸਮੇਤ ਕਈ ਪੁਰਸਕਾਰ ਜਿੱਤੇ। ਭਾਰਤ ਸਰਕਾਰ ਨੇ ਕਲਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ 1971 ਵਿੱਚ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ 1987 ਵਿੱਚ ਭਾਰਤ ਸਰਕਾਰ ਦੁਆਰਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਭਾਰਤੀ ਸਿਨੇਮਾ ਦੇ 'ਮਹਾਨ ਸ਼ੋਅਮੈਨ' ਦੀ 1988 ਵਿੱਚ ਮੌਤ ਹੋ ਗਈ।