ਅਲਵਿਦਾ ਸੁਰਾਂ ਦੇ ਸਿਕੰਦਰ! ਜੱਦੀ ਪਿੰਡ ਖੇੜੀ ਨੌਧ ਸਿੰਘ 'ਚ ਕੀਤਾ ਜਾਏਗਾ ਸਪੁਰਦ-ਏ-ਖਾਕ
ਸਰਦੂਲ ਸਿਕੰਦਰ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ। ਪੰਜ ਕੁ ਵਰ੍ਹੇ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।
ਖੰਨਾ: ਨਾਮਵਰ ਗਾਇਕ ਸਰਦੂਲ ਸਿਕੰਦਰ (60) ਦੀ ਮ੍ਰਿਤਕ ਦੇਹ ਨੂੰ ਅੱਜ ਦੁਪਹਿਰ 2 ਵਜੇ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਸਰਦੂਲ ਸਿਕੰਦਰ ਨੇ ਬੁੱਧਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਸੀ। ਉਹ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ।
ਸਰਦੂਲ ਸਿਕੰਦਰ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਵੀ ਪੀੜਤ ਸਨ। ਪੰਜ ਕੁ ਵਰ੍ਹੇ ਪਹਿਲਾਂ ਉਨ੍ਹਾਂ ਦੀ ਕਿਡਨੀ ਵੀ ਬਦਲੀ ਗਈ ਸੀ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਸੀ।
15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਜਨਮੇ ਸਰਦੂਲ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧਤ ਸਨ। ਉਹ ਛੇ ਭੈਣ-ਭਰਾ ਸਨ।
ਸੰਨ 1980 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ’ ਕਾਫ਼ੀ ਮਕਬੂਲ ਹੋਈ। ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ ‘ਹੁਸਨਾਂ ਦੇ ਮਾਲਕੋ’ ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਵੱਕਾਰੀ ਸਨਮਾਨ ਭੇਟ ਕੀਤੇ ਗਏ।