(Source: ECI/ABP News/ABP Majha)
ਲੱਦਾਖ ’ਚ ਰੋਕੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ, ਆਮਿਰ ਖ਼ਾਨ ਦੀ ਯੂਨਿਟ ’ਤੇ ਪਿੰਡ ਵਾਲਿਆਂ ਲਾਏ ਗੰਭੀਰ ਇਲਜ਼ਾਮ
ਬਾਲੀਵੁੱਡ ਦੇ ਸਟਾਰ ਕਲਾਕਾਰ ਆਮਿਰ ਖ਼ਾਨ ਦੀ ਲੱਦਾਖ ’ਚ ਚੱਲ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਅਧਵਾਟੇ ਹੀ ਰੋਕ ਦਿੱਤੀ ਗਈ ਹੈ ਕਿਉਂਕਿ ਫ਼ਿਲਮ ਦੀ ਯੂਨਿਟ ਉੱਤੇ ਇੱਥੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਬਾਲੀਵੁੱਡ ਦੇ ਸਟਾਰ ਕਲਾਕਾਰ ਆਮਿਰ ਖ਼ਾਨ ਦੀ ਲੱਦਾਖ ’ਚ ਚੱਲ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਅਧਵਾਟੇ ਹੀ ਰੋਕ ਦਿੱਤੀ ਗਈ ਹੈ ਕਿਉਂਕਿ ਫ਼ਿਲਮ ਦੀ ਯੂਨਿਟ ਉੱਤੇ ਇੱਥੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਹੈ।
ਆਮਿਰ ਖ਼ਾਨ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਤੋਂ ਛੇਤੀ ਮੁਕੰਮਲ ਕਰ ਲੈਣਾ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਯੋਜਨਾ ਇਸੇ ਵਰ੍ਹੇ 25 ਦਸੰਬਰ ਭਾਵ ‘ਕ੍ਰਿਸਮਸ 2021’ ਨੂੰ ਰਿਲੀਜ਼ ਕਰਨ ਦੀ ਹੈ ਪਰ ਹੁਣ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਕਾਰਨ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਹੈ।
ਲੱਦਾਖ ਦੇ ਇੱਕ ਸਥਾਨਕ ਨਿਵਾਸੀ ਨੇ ਆਪਣੇ ਟਵਿਟਰ ਹੈਂਡਲ ਉੱਤੇ ਪਿੰਡ ਵਾਖਾ ਤੋਂ ਇੱਕ ਨਿੱਕੀ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਇਸ ਕਲਿੱਪ ਵਿੱਚ ਵਿਖਾਇਆ ਗਿਆ ਹੈ ਕਿ ਪਿੰਡ ਵਿੱਚ ਫ਼ਿਲਮ ਦੀ ਯੂਨਿਟ ਨੇ ‘ਕਾਫ਼ੀ ਗੰਦ ਤੇ ਪ੍ਰਦੂਸ਼ਣ ਫੈਲਾਇਆ ਹੈ। ਬਹੁਤ ਸਾਰੀਆਂ ਵਸਤਾਂ ਇੱਧਰ-ਉੱਧਰ ਖਿੰਡੀਆਂ-ਪੁੰਡੀਆਂ ਦਿੱਸ ਰਹੀਆਂ ਹਨ।’ ਵੀਡੀਓ ’ਚ ਕਿਹਾ ਗਿਆ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ਯੂਨਿਟ ਨੇ ਇਸ ਪਿੰਡ ਲਈ ਪ੍ਰਦੂਸ਼ਣ ਦਾ ਇਹ ਤੋਹਫ਼ਾ ਦਿੱਤਾ ਹੈ।
ਹੁਣ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਮਿਰ ਖ਼ਾਨ ਜਦੋਂ ਖ਼ੁਦ ਆਪਣੇ ਬਹੁ ਚਰਚਿਤ ਟੀਵੀ ਪ੍ਰੋਗਰਾਮ ‘ਸੱਤਯਮੇਵ ਜਯਤੇ’ ਵਿੱਚ ਵਾਤਾਵਰਣ ਤੇ ਆਲਾ-ਦੁਆਲਾ ਬਿਲਕੁਲ ਸਾਫ਼ ਰੱਖਣ ਦੀਆਂ ਗੱਲਾਂ ਕਰਦੇ ਰਹੇ ਹਨ, ਤਦ ਉਹ ਅਜਿਹੀ ਗ਼ਲਤੀ ਕਿਵੇਂ ਕਰ ਸਕਦੇ ਹਨ। ਇਸੇ ਲਈ ਲੱਦਾਖ ਦੇ ਸਥਾਨਕ ਨਿਵਾਸੀਆਂ ਨੂੰ ਇਹ ਪ੍ਰਦੂਸ਼ਣ ਵੇਖ ਕੇ ਵੱਡਾ ਝਟਕਾ ਲੱਗਾ ਹੈ।
ਪਿੱਛੇ ਜਿਹੇ ਲੱਦਾਖ ’ਚ ਫ਼ਿਲਮ ਸ਼ੂਟਿੰਗ ਦੀ ਲੋਕੇਸ਼ਨ ਤੋਂ ਇੱਕ ਤਸਵੀਰ ਵੀ ਸ਼ੇਅਰ ਕੀਤੀ ਗਈ ਸੀ, ਜੋ ਵਾਇਰਲ ਹੋਈ ਸੀ। ਉਸ ਤਸਵੀਰ ਵਿੱਚ ਆਮਿਰ ਖ਼ਾਨ ਦੇ ਨਾਲ ਫ਼ਿਲਮ ਦੇ ਡਾਇਰੈਕਟਰ ਅਦਵੈਤ ਚੰਦਨ ਤੇ ਕਿਰਨ ਰਾਓ ਵਿਖਾਈ ਦੇ ਰਹੇ ਹਨ। ਲੱਦਾਖ ’ਚ ਫ਼ਿਲਮ ਦੀ ਸ਼ੂਟਿੰਗ ਚੱਲਦਿਆਂ ਹੀ ਆਮਿਰ ਖ਼ਾਨ ਨੇ ਆਪਣੀ ਪਤਨੀ ਕਿਰਨ ਰਾਓ ਤੋਂ ਤਲਾਕ ਲੈਣ ਦਾ ਐਲਾਨ ਵੀ ਕੀਤਾ ਸੀ ਪਰ ਇਸ ਐਲਾਨ ਦੇ ਬਾਵਜੂਦ ਹਾਲੇ ਵੀ ਉਹ ਇੱਥੇ ਇਕੱਠੇ ਹੀ ਸ਼ੂਟਿੰਗ ਕਰ ਰਹੇ ਹਨ ਤੇ ਉਹ ਬਹੁਤ ਵਧੀਆ ਰੌਂਅ ਵਿੱਚ ਵੀ ਵਿਖਾਈ ਦਿੰਦੇ ਹਨ।
ਇਸੇ ਲਈ ਹੁਣ ਅਜਿਹੇ ਕੁਝ ਦੋਸ਼ ਵੀ ਆਮਿਰ ਖ਼ਾਨ ਉੱਤੇ ਲੱਗ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸਿਰਫ਼ ਸਸਤੀ ਪਬਲੀਸਿਟੀ ਲਈ ‘ਤਲਾਕ’ ਦੀ ਇਹ ਖ਼ਬਰ ਫੈਲਾਈ ਹੈ। ਫ਼ਿਲਮ ਸਮੀਖਿਅਕਾਂ ਦਾ ਦਾਅਵਾ ਹੈ ਕਿ ਇਸ ਖ਼ਬਰ ਨਾਲ ਇਸ ਫ਼ਿਲਮ ਦੇ ਪ੍ਰਚਾਰ ਨੂੰ 100 ਕਰੋੜ ਰੁਪਏ ਖ਼ਰਚ ਕਰਨ ਜਿੰਨਾ ਫ਼ਾਇਦਾ ਹੋਇਆ ਹੈ।