Sidhu Moosewala: ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਇਸ ਦਿਨ ਹੋਵੇਗਾ ਸ਼ੁਰੂ, ਬਲਕੌਰ ਸਿੰਘ ਨੇ ਦਿੱਤੀ ਅਪਡੇਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਹੋਲੋਗ੍ਰਾਮ ਸਿੱਧੂ ਦੇ ਜਨਮਦਿਨ, ਜੋ ਕਿ 11 ਜੂਨ ਨੂੰ ਹੈ ਉੱਦੋਂ ਤੱਕ ਪੂਰਾ ਕਰਨ ਦਾ ਇਰਾਦਾ ਰੱਖਦੇ ਹਨ। ਜਿਸ ਤੋਂ ਬਾਅਦ ਸ਼ੋਅ ਸ਼ੁਰੂ ਕੀਤੇ ਜਾਣਗੇ।
Sidhu Moose Wala Hologram Show: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਕਾਰ ਉਨ੍ਹਾਂ ਦੇ ਗੀਤ ਵੀ ਰਿਲੀਜ਼ ਹੋ ਰਹੇ ਹਨ। ਜੋ ਕਲਾਕਾਰ ਦੀ ਯਾਦ ਨੂੰ ਪ੍ਰਸ਼ੰਸ਼ਕਾਂ ਵਿੱਚ ਜ਼ਿੰਦਾ ਰੱਖੇ ਹੋਏ ਹਨ। ਫਿਲਹਾਲ ਫੈਨਜ਼ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਬਾਰੇ ਤਾਜ਼ਾ ਅਪ਼ਡੇਟ ਸਾਹਮਣੇ ਆਈ ਹੈ। ਜਿਸਦੀ ਜਾਣਕਾਰੀ ਖੁਦ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦਿੱਤੀ ਹੈ।
ਦਰਅਸਲ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਹੋਲੋਗ੍ਰਾਮ ਸਿੱਧੂ ਦੇ ਜਨਮਦਿਨ, ਜੋ ਕਿ 11 ਜੂਨ ਨੂੰ ਹੈ ਉੱਦੋਂ ਤੱਕ ਪੂਰਾ ਕਰਨ ਦਾ ਇਰਾਦਾ ਰੱਖਦੇ ਹਨ। ਜਿਸ ਤੋਂ ਬਾਅਦ ਸ਼ੋਅ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ "ਸ਼ੋਅ ਦੇ ਪ੍ਰਮੋਟਰ ਤੈਅ ਕਰਨਗੇ ਕਿ ਸ਼ੋਅ ਕਦੋਂ ਅਤੇ ਕਿੱਥੇ ਸ਼ੁਰੂ ਹੋਵੇਗਾ।" ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਧੂ ਦੀ ਯਾਦ ਵਿੱਚ ਇੱਕ ਲਾਇਬ੍ਰੇਰੀ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ। ਜਿਸ ਲਈ ਐਮ.ਪੀ ਲੈਂਡ ਫੰਡ ਵਿੱਚੋਂ ਕਰੀਬ 20 ਲੱਖ ਰੁਪਏ ਆਉਣਗੇ। ਬਲਕੌਰ ਸਿੰਘ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ 'ਤੇ ਘੱਟ ਸਮਾਂ ਅਤੇ ਬੁੱਧੀਜੀਵੀ ਲੇਖਕਾਂ ਦੁਆਰਾ ਲਿਖੀਆਂ ਕਿਤਾਬਾਂ ਪੜ੍ਹਨ ਲਈ ਜ਼ਿਆਦਾ ਸਮਾਂ ਦੇਣ ਦੀ ਅਪੀਲ ਕੀਤੀ।
View this post on Instagram
ਕਾਬਿਲੇਗੌਰ ਹੈ ਕਿ ਮੂਸੇਵਾਲਾ ਦਾ ਪਿਛਲੇ ਸਾਲ 29 ਮਈ ਨੂੰ ਕਲਤ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਅਸਲ ਸਾਜ਼ਿਸ਼ਕਾਰ ਅਜੇ ਵੀ ਕਾਨੂੰਨੀ ਜਾਲ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਰਨ ਵਾਲੇ ਤਾਂ ਭਾੜੇ ਦੇ ਹੀ ਸਨ, ਪਰ ਅਸਲ ਕਾਤਲ ਕੋਈ ਹੋਰ ਹਨ, ਜਿਨ੍ਹਾਂ ਨੂੰ ਲੱਭਣ ਦੀ ਲੋੜ ਹੈ।