Sidhu Moose Wala Murder Case: ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਸਿੱਧੂ ਮੂਸੇਵਾਲਾ ਦੇ ਮਾਪੇ
SIdhu Moose Wala Family: ਸਿੱਧੂ ਮੂਸੇਵਾਲਾ ਦੀ ਮਾ ਚਰਨ ਕੌਰ ਨੇ ਨਵੇਂ ਸਾਲ ਮੌਕੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ।ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ 2022 ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਦੇ ਗਿਆ
Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਤੋਂ ਖੁਸ਼ ਨਹੀਂ ਹਨ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦੁਖ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਤੇ ਪੁਲਿਸ ਗੰਭੀਰ ਨਜ਼ਰ ਨਹੀਂ ਆ ਰਹੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਵੇਂ ਸਾਲ ਮੌਕੇ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿੰਡ ਮੂਸਾ ਵਿੱਚ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲਾ ਸਾਲ ਉਨ੍ਹਾਂ ਦੇ ਪਰਿਵਾਰ ਨੂੰ ਡੂੰਘਾ ਸਦਮਾ ਦੇ ਗਿਆ ਹੈ, ਜਿਸ ਨੂੰ ਉਹ ਆਖ਼ਰੀ ਸਾਹ ਤੱਕ ਨਹੀਂ ਭੁਲਾ ਸਕਦੇ।
ਚਰਨ ਕੌਰ ਨੇ ਗਿਲਾ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਅਜੇ ਤੱਕ ਉਨ੍ਹਾਂ ਦੇ ਪੁੱਤ ਦੇ ਕਾਤਲਾਂ ਨੂੰ ਨਹੀਂ ਫੜ ਸਕੀ ਤੇ ਹੁਣ ਪੁਲਿਸ ਤੋਂ ਇਹ ਉਮੀਦ ਵੀ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਕੁਝ ਮੁਲਜ਼ਮਾਂ ਦੇ ਨਾਂ ਲਿਖਤੀ ਤੌਰ ’ਤੇ ਪੁਲਿਸ ਤੇ ਸੂਬਾ ਸਰਕਾਰ ਨੂੰ ਸੌਂਪੇ ਸਨ ਪਰ ਉਨ੍ਹਾਂ ਨੂੰ ਹਾਲੇ ਤੱਕ ਨਿਆਂ ਨਹੀਂ ਮਿਲਿਆ।
ਉਨ੍ਹਾਂ ਮੰਗ ਕੀਤੀ ਕਿ ਗਾਇਕ ਦੀ ਹੱਤਿਆ ’ਚ ਸ਼ਾਮਲ ਮੁਲਜ਼ਮਾਂ ਦੇ ਨਾਂ ਜਨਤਕ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਾ ਸਿਰਫ਼ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਮਿਲੇ, ਸਗੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦਾ ਵੀ ਪਰਦਾਫਾਸ਼ ਹੋਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਲੈਣ ਲਈ ਉਹ ਪੁਲਿਸ ਤੇ ਸਰਕਾਰ ਨੂੰ ਥੋੜ੍ਹਾ ਸਮਾਂ ਹੋਰ ਦੇਣਗੇ, ਇਸ ਮਗਰੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮਾੜੇ ਸਿਸਟਮ ਦੀ ਭੇਟ ਚੜ੍ਹ ਕੇ ਪੰਜਾਬ ਦਾ ਇੱਕ ਹੀਰਾ ਗਾਇਕ ਸਦਾ ਲਈ ਗੁਆਚ ਗਿਆ ਹੈ, ਜਿਸ ਦਾ ਦੁੱਖ ਰਹਿੰਦੀ ਜ਼ਿੰਦਗੀ ਤੱਕ ਉਨ੍ਹਾਂ ਦੇ ਦਿਲਾਂ ਵਿੱਚ ਰਹੇਗਾ। ਉਨ੍ਹਾਂ ਨੇ ਬੀਤ ਚੁੱਕੇ ਸਾਲ 2022 ਨੂੰ ਪਰਿਵਾਰ ਲਈ ਦੁਖਦਾਈ ਦੱਸਿਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਵੇਲੇ ਵਿਦੇਸ਼ ਦੌਰੇ ’ਤੇ ਹੋਣ ਕਾਰਨ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਨਹੀਂ ਕਰ ਸਕੇ ਹਨ। ਉਹ ਲਗਪਗ ਇਕ ਹਫ਼ਤਾ ਪਹਿਲਾਂ ਬਰਤਾਨੀਆ ਗਏ ਸਨ ਤੇ ਤਕਰੀਬਨ ਇਕ ਹਫ਼ਤਾ ਹੋਰ ਉਥੇ ਰਹਿਣ ਮਗਰੋਂ ਦੇਸ਼ ਪਰਤਣਗੇ।