Grammy Awards 2023: ਗਰੈਮੀ ਐਵਾਰਡਜ਼ 'ਚ ਸਿੱਧੂ ਮੂਸੇਵਾਲਾ ਤੇ ਲਤਾ ਮੰਗੇਸ਼ਕਰ ਸਮੇਤ ਇਨ੍ਹਾਂ ਕਲਾਕਾਰਾਂ ਨੂੰ ਸ਼ਰਧਾਂਜਲੀ
Sidhu Moose Wala Lata Mangeshkar: ਐਵਾਰਡ ਸ਼ੋਅ 'ਚ ਭਾਰਤ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ, ਸੰਗੀਤਕਾਰ ਬੱਪੀ ਲਹਿਰੀ, ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ ਗਿਆ।
Lata Mangeshkar Sidhu Moose Wala Grammy Awards: ਸਾਲ 2023 ਦੇ ਸੰਗੀਤ ਐਵਾਰਡ 'ਗ੍ਰੈਮੀ ਐਵਾਰਡਸ' 'ਚ ਇੱਕ ਵਾਰ ਫਿਰ ਭਾਰਤ ਦਾ ਝੰਡਾ ਲਹਿਰਾਇਆ ਗਿਆ ਹੈ। ਜਿੱਥੇ ਇੱਕ ਪਾਸੇ ਮਸ਼ਹੂਰ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਐਵਾਰਡ 2023 ਜਿੱਤਿਆ, ਉੱਥੇ ਹੀ ਇਸ ਵਾਰ ਗ੍ਰੈਮੀ ਐਵਾਰਡਸ ਸ਼ੋਅ 'ਚ ਸਾਲ 2022 'ਚ ਦੁਨੀਆ ਨੂੰ ਅਲਵਿਦਾ ਆਖ ਜਾਣ ਵਾਲੇ ਗਾਇਕਾਂ ਤੇ ਸੰਗੀਤਕਾਰਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਐਵਾਰਡ ਸ਼ੋਅ 'ਚ ਇਸ ਵਾਰ ਭਾਰਤ ਦੇ ਦਿੱਗਜ਼ ਗਾਇਕਾਂ ਨੂੰ ਵੀ ਯਾਦ ਕੀਤਾ ਗਿਆ ਤੇ ਸੰਗੀਤ ਜਗਤ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਲਈ ਸ਼ਲਾਘਾ ਕੀਤੀ ਗਈ। ਐਵਾਰਡ ਸ਼ੋਅ 'ਚ ਭਾਰਤ ਦੀ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ, ਸੰਗੀਤਕਾਰ ਬੱਪੀ ਲਹਿਰੀ, ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਯਾਦ ਕੀਤਾ ਗਿਆ। ਇਸ ਐਵਾਰਡ ਸ਼ੋਅ 'ਚ ਮਰਹੂਮ ਪੰਜਾਬੀ ਗਾਇਕਾਂ ਬਲਵਿੰਦਰ ਸਫਰੀ ਤੇ ਸਿੱਧੂ ਮੂਸੇਵਾਲਾ ਵੱਲੋਂ ਸੰਗੀਤ ਲਈ ਦਿੱਤੇ ਗਏ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਵੀ ਦਿੱਤੀ ਗਈ।
ਇਹ ਵੀ ਪੜ੍ਹੋ: ਸਿਧਾਰਥ ਮਲਹੋਤਰਾ ਨੂੰ ਸਾਬਕਾ ਪ੍ਰੇਮਿਕਾ ਆਲੀਆ ਭੱਟ ਨੇ ਦਿੱਤੀ ਵਿਆਹ ਦੀ ਵਧਾਈ, ਪੋਸਟ ਕੀਤੀ ਸ਼ੇਅਰ
ਦੱਸ ਦਈਏ ਕਿ ਇਸ ਸਾਲ ਭਾਰਤੀ ਸੰਗੀਤਕਾਰ ਰਿੱਕੀ ਕੇਜ ਨੇ ਆਪਣਾ ਤੀਜਾ ਗ੍ਰੈਮੀ ਐਵਾਰਡ ਜਿੱਤਿਆ ਹੈ। ਬੈਂਗਲੁਰੂ ਦੇ ਸੰਗੀਤਕਾਰ ਰਿੱਕੀ ਨੂੰ ਉਸ ਦੀ ਐਲਬਮ 'ਡਿਵਾਈਨ ਟਾਈਡਜ਼' ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਹੁਣੇ ਹੀ ਆਪਣਾ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ। ਬਹੁਤ ਸ਼ੁਕਰਗੁਜ਼ਾਰ। ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ ਕਰਦਾ ਹਾਂ।''
ਦੱਸਣਯੋਗ ਹੈ ਕਿ ਆਪਣਾ ਤੀਜਾ ਗ੍ਰੈਮੀ ਐਵਾਰਡ ਜਿੱਤਣ ਤੋਂ ਬਾਅਦ ਰਿੱਕੀ ਕੇਜ ਨੇ 3 ਵਾਰ ਗ੍ਰੈਮੀ ਐਵਾਰਡ ਜਿੱਤਣ ਵਾਲੇ ਇਕਲੌਤੇ ਭਾਰਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪਹਿਲੀ ਵਾਰ ਗ੍ਰੈਮੀ ਐਵਾਰਡ 'ਚ ਕਿਸੇ ਪੰਜਾਬੀ ਕਲਾਕਾਰ ਦੇ ਸੰਗੀਤ ਨੂੰ ਮਾਨਤਾ ਮਿਲਣਾ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਸਿੱਧੂ ਮੂਸੇਵਾਲਾ ਨੇ ਨਾਂ ਮਹਿਜ਼ ਆਪਣੇ ਜਿਊਂਦੇ ਜੀ ਸਗੋਂ ਆਪਣੀ ਮੌਤ ਤੋਂ ਬਾਅਦ ਆਪਣੇ ਗੀਤਾਂ ਰਾਹੀਂ ਕਈ ਰਿਕਾਰਡ ਬਣਾਏ ਹਨ।
ਰਿੱਕੀ ਦੀ ਮਾਂ ਪੰਮੀ ਕੇਜ ਅਨੁਸਾਰ ਰਿੱਕੀ ਨੂੰ ਕਲਾ ਆਪਣੇ ਦਾਦਾ ਜੀ ਤੋਂ ਵਿਰਾਸਤ ’ਚ ਮਿਲੀ ਹੈ। ਉਸ ਦੇ ਦਾਦਾ ਜਾਨਕੀ ਦਾਸ ਇਕ ਅਦਾਕਾਰ ਤੇ ਸੁਤੰਤਰਤਾ ਸੈਨਾਨੀ ਸਨ। ਅਜਿਹੇ ’ਚ ਪਰਿਵਾਰ ਦਾ ਕਹਿਣਾ ਹੈ ਕਿ ਕਲਾ ਰਿੱਕੀ ਦੇ ਜੀਨਸ ’ਚ ਰਹਿੰਦੀ ਹੈ। ਦੱਸ ਦੇਈਏ ਕਿ ਰਿੱਕੀ ਨੇ ਇਹ ਐਵਾਰਡ ਬ੍ਰਿਟਿਸ਼ ਰੌਕ ਬੈਂਡ ‘ਦਿ ਪੁਲਿਸ’ ਦੇ ਡ੍ਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ। ਦੋਵਾਂ ਨੂੰ ਇਹ ਐਵਾਰਡ ਬੈਸਟ ਇਮਰਸਿਵ ਆਡੀਓ ਐਲਬਮ ਸ਼੍ਰੇਣੀ ’ਚ ਮਿਲਿਆ ਹੈ। ਮਿਊਜ਼ਿਕ ਕੰਪੋਜ਼ਰ ਕੇਜ ਨੂੰ ਸਾਲ 2015 ’ਚ ਪਹਿਲਾ ਗ੍ਰੈਮੀ ਐਵਾਰਡ ਮਿਲਿਆ ਸੀ। ਉਨ੍ਹਾਂ ਨੂੰ ਇਹ ਐਵਾਰਡ ‘ਵਿੰਡਜ਼ ਆਫ ਸਮਸਾਰਾ’ ਲਈ ਦਿੱਤਾ ਗਿਆ।
ਇਹ ਵੀ ਪੜ੍ਹੋ: ਰੀਨਾ ਰਾਏ ਨੇ ਇੱਕ ਸਾਲ ਬਾਅਦ ਕੀਤਾ ਖੁਲਾਸਾ, ਦੀਪ ਸਿੱਧੂ ਨਾਲ ਐਕਸੀਡੈਂਟ ਵਾਲੇ ਦਿਨ ਦੀ ਦੱਸੀਆਂ ਗੱਲਾਂ