Health: ਪੈਰਾਂ ਵਿੱਚ ਸਾੜ ਪੈਣ ਦੀ ਸਮੱਸਿਆ ਤੋਂ ਕਈ ਲੋਕ ਪ੍ਰੇਸ਼ਾਨ ਰਹਿੰਦੇ ਹਨ। ਆਮ ਤੌਰ 'ਤੇ ਬਹੁਤ ਜ਼ਿਆਦਾ ਤੁਰਨ ਜਾਂ ਗਰਮੀ ਕਰਕੇ ਪੈਰਾਂ ਦੀਆਂ ਤਲੀਆਂ ਵਿੱਚ ਸਾੜ ਪੈਣਾ ਸ਼ੁਰੂ ਹੋ ਜਾਂਦਾ ਹੈ। ਪਰ ਜੇਕਰ ਤੁਹਾਨੂੰ ਲਗਾਤਾਰ ਪੈਰਾਂ ਵਿੱਚ ਸਾੜ ਪੈ ਰਿਹਾ ਹੈ ਤਾਂ ਇਸ ਨੂੰ ਭੁੱਲ ਕੇ ਵੀ ਇਗਨੋਰ ਨਾ ਕਰੋ। ਕਿਉਂਕਿ ਕਈ ਵਾਰ ਪੈਰਾਂ ਵਿੱਚ ਸਾੜ ਪੈਣਾ ਸਰੀਰ ਵਿੱਚ ਪੈਦਾ ਹੋਣ ਵਾਲੀਆਂ ਕੁਝ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਪੈਰਾਂ ਵਿੱਚ ਸਾੜ ਪੈਣ ਦੇ ਕੀ ਕਾਰਨ ਹੋ ਸਕਦੇ ਹਨ?




  • ਸ਼ੂਗਰ ਕਰਕੇ ਪੈਰਾਂ ਜਾਂ ਤਲੀਆਂ ਵਿੱਚ ਸਾੜ ਪੈਣ ਦੀ ਸਮੱਸਿਆ ਹੋ ਸਕਦੀ ਹੈ। ਦਰਅਸਲ ਲੰਬੇ ਸਮੇਂ ਤੱਕ ਬਲੱਡ ਸ਼ੂਗਰ ਲੈਵਲ ਵੱਧ ਰਹਿਣ ਕਰਕੇ ਨਿਊਰੋਪੈਥੀ ਦੀ ਸਮੱਸਿਆ ਹੋ ਸਕਦੀ ਹੈ। ਇਸ ਸਥਿਤੀ ਵਿੱਚ ਨਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜਿਸ ਕਾਰਨ ਪੈਰਾਂ ਵਿੱਚ ਝਰਨਾਹਟ ਅਤੇ ਸਾੜ ਪੈ ਸਕਦਾ ਹੈ। 

  • ਸਰੀਰ ਵਿੱਚ ਵਿਟਾਮਿਨ ਬੀ12, ਬੀ6 ਅਤੇ ਫੋਲਿਕ ਐਸਿਡ ਵਰਗੇ ਕੁਝ ਵਿਟਾਮਿਨਾਂ ਦੀ ਕਮੀ ਨਾਲ ਪੈਰਾਂ ਵਿੱਚ ਸਾੜ ਪੈਣ ਦੀ ਸਮੱਸਿਆ ਹੋ ਸਕਦੀ ਹੈ। ਇਹ ਸਾਰੇ ਵਿਟਾਮਿਨ ਨਸਾਂ ਦੇ ਸਹੀ ਕੰਮਕਾਜ ਲਈ ਜ਼ਰੂਰੀ ਹਨ ਅਤੇ ਇਨ੍ਹਾਂ ਦੀ ਕਮੀ ਨਾਲ ਨਸਾਂ ਵਿੱਚ ਸੋਜ ਅਤੇ ਸਾੜ ਪੈ ਸਕਦਾ ਹੈ। 




  • ਹਾਈਪੋਥਾਇਰਾਇਡਿਜ਼ਮ ਵਿੱਚ ਸਰੀਰ ਵਿੱਚ ਥਾਇਰਾਇਡ ਹਾਰਮੋਨ ਦਾ ਉਤਪਾਦਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਨਾੜੀਆਂ 'ਤੇ ਦਬਾਅ ਵੱਧ ਜਾਂਦਾ ਹੈ ਅਤੇ ਲੱਤਾਂ 'ਚ ਸਾੜ ਪੈਣ ਵਰਗਾ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ। 

  • ਜੇਕਰ ਕਿਡਨੀ ਸੰਬੰਧੀ ਕੋਈ ਬਿਮਾਰੀ ਹੋਵੇ ਤਾਂ ਪੈਰਾਂ 'ਚ ਜਲਨ ਦੀ ਸਮੱਸਿਆ ਵੀ ਹੋ ਸਕਦੀ ਹੈ। ਦਰਅਸਲ, ਜਦੋਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰਦੇ, ਤਾਂ ਖੂਨ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਕਾਰਨ ਪੈਰਾਂ ਵਿੱਚ ਸੋਜ ਅਤੇ ਖਾਰਸ਼ ਹੋ ਸਕਦੀ ਹੈ।

  • ਪੈਰਾਂ ਵਿੱਚ ਸਾੜ ਪੈਣ ਦੀ ਸਮੱਸਿਆ ਅਥਲੀਟ ਫੁੱਟ ਕਰਕੇ ਵੀ ਹੋ ਸਕਦੀ ਹੈ। ਇਹ ਫੰਗਲ ਇਨਫੈਕਸ਼ਨ ਦੀ ਇੱਕ ਕਿਸਮ ਹੈ, ਜੋ ਆਮ ਤੌਰ 'ਤੇ ਐਥਲੀਟਾਂ ਵਿੱਚ ਦੇਖੀ ਜਾਂਦੀ ਹੈ। ਐਥਲੀਟ ਫੁੱਟ ਹੋਣ 'ਤੇ ਪੈਰਾਂ ਵਿੱਚ ਸਾੜ, ਖੁਜਲੀ ਅਤੇ ਚੁਭਣ ਵਰਗੇ ਲੱਛਣਾਂ ਮਹਿਸੂਸ ਹੋ ਸਕਦੇ ਹਨ। ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।