Marriage Pressure: ਪਰਿਵਾਰ ਵਾਲੇ ਪਾ ਰਹੇ ਵਿਆਹ ਲਈ ਦਬਾਅ? ਇਸ ਕਾਰਨ ਹੋ ਸਕਦੇ ਵੱਡੇ ਨੁਕਸਾਨ, ਨਿਪਟਣ ਲਈ ਅਪਣਾਓ ਇਹ ਤਰੀਕੇ
Marriage : ਅੱਜ-ਕੱਲ੍ਹ ਵਿਆਹ ਨੂੰ ਲੈ ਕੇ 25 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ 'ਤੇ ਵਿਆਹ ਕਰਵਾਉਣ ਦਾ ਦਬਾਅ ਹੈ। ਰਿਸ਼ਤੇਦਾਰ ਅਤੇ ਗੁਆਂਢੀ ਕਦੇ ਵੀ ਇਹ ਸਵਾਲ ਪੁੱਛਣ ਦਾ ਮੌਕਾ ਨਹੀਂ ਛੱਡਦੇ ਕਿ ਵਿਆਹ ਕਦੋਂ ਕਰਵਾ ਰਹੇ ਹੋ?
Marriage Pressure: ਵਿਆਹ ਨੂੰ ਲੈ ਕੇ ਸਾਡੇ ਦੇਸ਼ ਵਿੱਚ ਕਈ ਧਾਰਨਾਵਾਂ ਬਣੀਆਂ ਹੋਈਆਂ ਹਨ। ਆਂਟੀ-ਅੰਕਲਾਂ ਅਤੇ ਰਿਸ਼ਤੇਦਾਰਾਂ ਦਾ ਇੱਕ ਹੀ ਡਾਇਲਾਗ ਹੁੰਦਾ ਹੈ ਬੱਚਿਆਂ ਦੀ ਸਹੀ ਉਮਰ ਦੇ ਵਿੱਚ ਵਿਆਹ ਹੋ ਜਾਣੇ ਚਾਹੀਦੇ ਹਨ। ਅੱਜ-ਕੱਲ੍ਹ ਵਿਆਹ ਨੂੰ ਲੈ ਕੇ 25 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ 'ਤੇ ਵਿਆਹ ਕਰਵਾਉਣ ਦਾ ਦਬਾਅ ਹੈ। ਮਾਤਾ-ਪਿਤਾ ਤੋਂ ਰਿਸ਼ਤੇਦਾਰ ਅਤੇ ਗੁਆਂਢੀ ਕਦੇ ਵੀ ਇਹ ਸਵਾਲ ਪੁੱਛਣ ਦਾ ਮੌਕਾ ਨਹੀਂ ਛੱਡਦੇ ਕਿ ਤੁਹਾਡੇ ਪੁੱਤਰ ਜਾਂ ਕੁੜੀ ਦਾ ਵਿਆਹ ਕਦੋਂ ਹੋ ਰਿਹਾ ਹੈ? ਜਿਵੇਂ ਹੁਣ ਮੁੰਡੇ ਜਾਂ ਕੁੜੀ ਦੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਹੈ ਵਿਆਹ। ਜਿਸ ਕਰਕੇ ਸਮਾਜ ਮਿਲਕੇ ਮੁੰਡੇ-ਕੁੜੀ ਅਤੇ ਪਰਿਵਾਰ ਉੱਤੇ ਕਾਫੀ ਦਬਾਅ ਬਣਾ ਦਿੰਦਾ ਹੈ। ਕਈ ਵਾਰ ਇਸ ਦਬਾਅ ਨੂੰ ਝੱਲਣਾ ਇੰਨਾ ਔਖਾ ਹੋ ਜਾਂਦਾ ਹੈ ਕਿ ਇਹ ਕਰੀਅਰ ਅਤੇ ਕੰਮ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਇਹ ਦਬਾਅ ਬਹੁਤ ਸਾਰੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਵਿਆਹ ਲਈ ਦਬਾਅ ਪਾਉਣ ਦੇ ਬੁਰੇ ਪ੍ਰਭਾਵ (Bad effects of pressure for marriage)
ਨਵੇਂ ਰਿਸ਼ਤੇ ਵਿੱਚ ਆਉਣ ਦੀ ਖੁਸ਼ੀ ਖਤਮ ਹੋ ਜਾਂਦੀ ਹੈ
ਵਿਆਹ ਦਾ ਲਗਾਤਾਰ ਦਬਾਅ ਕਿਸੇ ਵਿਅਕਤੀ ਦੀ ਰਿਸ਼ਤੇ ਵਿੱਚ ਹੋਣ ਦੀ ਖੁਸ਼ੀ ਨੂੰ ਹਮੇਸ਼ਾ ਲਈ ਨਸ਼ਟ ਕਰ ਸਕਦਾ ਹੈ। ਇਹ ਖੋਖਲਾਪਣ ਜੀਵਨ ਨੂੰ ਨਕਾਰਾਤਮਕ ਦਿਸ਼ਾ ਵੱਲ ਲਿਜਾਣ ਦਾ ਕੰਮ ਕਰਦਾ ਹੈ। ਪਰਿਵਾਰਕ ਮੈਂਬਰਾਂ 'ਤੇ ਦਬਾਅ ਪਾਉਣ ਤੋਂ ਪਹਿਲਾਂ ਇਸ ਮਾਮਲੇ 'ਤੇ ਵਿਅਕਤੀ ਦੀ ਰਾਏ ਜਾਣ ਲੈਣੀ ਚਾਹੀਦੀ ਹੈ।
ਚਿੰਤਾ ਅਤੇ ਉਦਾਸੀ
ਸੋਸ਼ਲ ਮੀਡੀਆ 'ਤੇ ਹਰ ਕਿਸੇ ਨੂੰ ਵਿਆਹ ਹੁੰਦੇ ਦੇਖਣ ਦਾ ਮਤਲਬ ਹੈ ਕਿ ਸ਼ਾਇਦ ਅਸੀਂ ਜ਼ਿੰਦਗੀ 'ਚ ਬਹੁਤ ਪਿੱਛੇ ਰਹਿ ਗਏ ਹਾਂ ਜਾਂ ਇਨਸਾਨ ਇਹ ਸੋਚਦਾ ਹੈ ਸ਼ਾਇਦ ਮੇਰੇ ਨਾਲ ਕੋਈ ਸਮੱਸਿਆ ਹੈ। ਇਸ ਵਿਚਾਰ ਨੂੰ ਲੰਬੇ ਸਮੇਂ ਤੱਕ ਆਪਣੇ ਮਨ ਵਿੱਚ ਰੱਖਣਾ ਤੁਹਾਨੂੰ ਡਿਪਰੈਸ਼ਨ ਵਿੱਚ ਪਾ ਸਕਦਾ ਹੈ ਅਤੇ ਜਿਸ ਕਰਕੇ ਤੁਸੀਂ ਲੋਕਾਂ ਤੋਂ ਦੂਰ ਹੋ ਸਕਦੇ ਹੋ। ਇਸ ਦੇ ਨਾਲ ਹੀ ਕਿਸੇ ਫੰਕਸ਼ਨ 'ਤੇ ਜਾਂਦੇ ਸਮੇਂ ਲੋਕਾਂ ਦਾ ਇਕ ਹੀ ਸਵਾਲ ਕਿ 'ਵਿਆਹ ਕਦੋਂ ਕਰ ਰਹੇ ਹੋ' ਉਨ੍ਹਾਂ ਪ੍ਰਤੀ ਨਫਰਤ ਜਾਂ ਨਾਪਸੰਦ ਦੀ ਭਾਵਨਾ ਪੈਦਾ ਕਰ ਸਕਦਾ ਹੈ।
ਆਤਮ ਵਿਸ਼ਵਾਸ ਵਿੱਚ ਕਮੀ
ਮੰਨ ਲਓ ਕਿ ਤੁਸੀਂ ਕਿਸੇ ਦੋਸਤ ਦੇ ਵਿਆਹ 'ਤੇ ਗਏ ਹੋ, ਜਿੱਥੇ ਸਾਰੇ ਦੋਸਤ ਆਪਣੇ ਲਾਈਫ ਪਾਰਟਨਰ ਸਮੇਤ ਮੌਜੂਦ ਸਨ। ਇਸ ਨੂੰ ਦੇਖ ਕੇ ਤੁਹਾਨੂੰ ਲੱਗੇਗਾ ਕਿ ਹੁਣ ਮੈਨੂੰ ਵਿਆਹ ਕਰ ਲੈਣਾ ਚਾਹੀਦਾ ਹੈ। ਉਹ ਵੀ ਇਸ ਲਈ ਕਿਉਂਕਿ ਮੈਂ ਉਨ੍ਹਾਂ ਵਰਗਾ ਦਿਖਣਾ ਚਾਹੁੰਦਾ ਹਾਂ, ਚਾਹੇ ਇਸ ਵਿੱਚ ਇੱਛਾ ਹੋਵੇ ਜਾਂ ਨਾ। ਦੂਜੇ ਪਾਸੇ ਤੋਂ ਦੇਖੀਏ ਤਾਂ ਜਦੋਂ ਮਾਤਾ-ਪਿਤਾ ਜਾਂ ਪਰਿਵਾਰ ਦਾ ਕੋਈ ਵਿਅਕਤੀ ਇਸ ਤਰ੍ਹਾਂ ਦਾ ਦਬਾਅ ਬਣਾਉਂਦਾ ਹੈ ਅਤੇ ਚਾਰ ਗੱਲਾਂ ਕਹਿੰਦਾ ਹੈ ਤਾਂ ਇਹ ਆਤਮ-ਸਨਮਾਨ ਘੱਟ ਹੋਣ ਦਾ ਕਾਰਨ ਵੀ ਬਣ ਸਕਦਾ ਹੈ।
ਜ਼ਿੰਦਗੀ ਨਾਲ ਖਿਲਵਾੜ
ਮਾਪਿਆਂ ਨੂੰ ਇਸ ਮੁੱਦੇ 'ਤੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜੇਕਰ ਬੱਚਾ ਦਬਾਅ ਹੇਠ ਵਿਆਹ ਕਰਵਾ ਲੈਂਦਾ ਹੈ, ਤਾਂ ਇਸ ਗੱਲ ਦੀ ਕੀ ਗਰੰਟੀ ਹੈ ਕਿ ਉਹ ਆਪਣੇ ਸਾਥੀ ਨੂੰ ਖੁਸ਼ ਰੱਖੇਗਾ? ਕੀ ਤੁਸੀਂ ਦੂਜੇ ਵਿਅਕਤੀ ਦੇ ਸੁਫ਼ਨਿਆਂ ਅਤੇ ਇੱਛਾਵਾਂ ਨੂੰ ਦਬਾ ਨਹੀਂ ਰਹੇ ਹੋ? ਇਹ ਦੋ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਂਗ ਹੋ ਜਾਂਦਾ ਹੈ। ਜਿਸ ਕਰਕੇ ਅਜਿਹੇ ਵਿੱਚ ਵਿਆਹ ਦਾ ਰਿਸ਼ਤਾ ਇੱਕ ਜੇਲ੍ਹ ਵਾਂਗ ਹੋ ਜਾਂਦਾ ਹੈ।
ਵਿਆਹ ਦੇ ਦਬਾਅ ਨਾਲ ਨਜਿੱਠਣ ਦੇ ਤਰੀਕੇ
ਮਨ ਦੀ ਗੱਲ ਖੁੱਲ੍ਹ ਕੇ ਬੋਲੋ
ਇਸ ਸਥਿਤੀ ਨਾਲ ਨਜਿੱਠਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਆਪਣੇ ਵਿਚਾਰ ਪਰਿਵਾਰ ਦੇ ਮੈਂਬਰਾਂ ਸਾਹਮਣੇ ਖੁੱਲ੍ਹ ਕੇ ਪ੍ਰਗਟ ਕਰੋ। ਨਾ ਸਿਰਫ ਗੱਲ ਨੂੰ ਅੱਗੇ ਰੱਖੋ, ਸਗੋਂ ਉਨ੍ਹਾਂ ਨੂੰ ਇਹ ਵੀ ਦੱਸੋ ਕਿ ਕੈਰੀਅਰ ਇਸ ਸਮੇਂ ਤੁਹਾਡੀ ਤਰਜੀਹ ਹੈ।
ਆਪਣੇ ਆਪ ਨੂੰ ਸਹੀ ਢੰਗ ਨਾਲ ਜਾਣੋ
ਆਪਣੇ ਆਪ ਨਾਲ ਗੱਲ ਕਰੋ ਅਤੇ ਪੁੱਛੋ ਕਿ ਕੀ ਤੁਸੀਂ ਸੱਚਮੁੱਚ ਆਪਣੀ ਬਾਕੀ ਦੀ ਜ਼ਿੰਦਗੀ ਲਈ ਵਿਆਹ ਨਹੀਂ ਕਰਨਾ ਚਾਹੁੰਦੇ ਜਾਂ ਕੀ ਤੁਹਾਨੂੰ ਇਸ ਲਈ ਕੁਝ ਸਮਾਂ ਹੋਰ ਚਾਹੀਦਾ ਹੈ? ਜੋ ਵੀ ਜਵਾਬ ਮਿਲੇ, ਆਪਣੇ ਪਰਿਵਾਰ ਨਾਲ ਸਾਂਝਾ ਕਰੋ।
ਜਲਦੀ ਨਾ ਕਰੋ
ਅਜਿਹਾ ਫੈਸਲਾ ਲੈਣ ਤੋਂ ਬਚੋ ਜਿਸ ਵਿੱਚ ਵਿਆਹ ਤੁਹਾਡਾ ਆਖਰੀ ਵਿਕਲਪ ਹੋਵੇ ਜਾਂ ਦਬਾਅ ਵਿੱਚ ਵਿਆਹ ਲਈ ਤਿਆਰ ਹੋ ਜਾਓ। ਤੁਸੀਂ ਕਿਸ ਤਰ੍ਹਾਂ ਦਾ ਸਾਥੀ ਚਾਹੁੰਦੇ ਹੋ ਇਸ ਬਾਰੇ ਪਰਿਵਾਰ ਦੇ ਨਾਲ ਜ਼ਰੂਰ ਸਾਂਝ ਕਰੋ।
ਭਰੋਸਾ ਰੱਖੋ
ਜੇਕਰ ਤੁਹਾਨੂੰ ਵੀ ਲੋਕਾਂ ਨੂੰ ਦੇਖ ਕੇ ਵਿਆਹ ਕਰਵਾਉਣ ਦਾ ਖਿਆਲ ਆਉਂਦਾ ਹੈ ਤਾਂ ਉਸ ਕਾਰਨ ਨੂੰ ਦੇਖ ਲਓ ਜੋ ਤੁਹਾਨੂੰ ਰੋਕ ਰਿਹਾ ਹੈ। ਤੁਸੀਂ ਜੋ ਵੀ ਫੈਸਲਾ ਲਓ, ਉਸ 'ਤੇ ਭਰੋਸਾ ਰੱਖੋ।