ਗੁਜਰਾਤ 'ਚੋਂ 15,000 ਕਰੋੜ ਦੀ ਹੈਰੋਇਨ ਫੜਨ ਮਗਰੋਂ ਸਿਆਸਤ ਭੂਚਾਲ, ਸੁਪਰੀਮ ਕੋਰਟ ਦੇ ਜੱਜਾਂ ਤੋਂ ਜਾਂਚ ਦੀ ਮੰਗ ਉੱਠੀ, ਅਡਾਨੀ ਗਰੁੱਪ ਦਾ ਪੱਖ ਆਇਆ ਸਾਹਮਣੇ
ਬੀਜੇਪੀ ਦੇ ਗੜ੍ਹ ਗੁਜਰਾਤ ਤੋਂ ਮਿਲੀ ਤਕਰੀਬਨ 3000 ਕਿਲੋ ਹੈਰੋਇਨ ਨੇ ਦੇਸ਼ ਦੇ ਸਿਆਸਤ ਵਿੱਚ ਤੂਫਾਨ ਲੈ ਆਂਦਾ ਹੈ। ਕਾਂਗਰਸ ਨੇ ਇਸ ਨੂੰ ਲੈ ਕੇ ਸਿੱਧਾ ਮੋਦੀ ਸਰਕਾਰ 'ਤੇ ਹਮਲਾ ਕੀਤਾ ਹੈ।
ਨਵੀਂ ਦਿੱਲੀ: ਬੀਜੇਪੀ ਦੇ ਗੜ੍ਹ ਗੁਜਰਾਤ ਤੋਂ ਮਿਲੀ ਤਕਰੀਬਨ 3000 ਕਿਲੋ ਹੈਰੋਇਨ ਨੇ ਦੇਸ਼ ਦੇ ਸਿਆਸਤ ਵਿੱਚ ਤੂਫਾਨ ਲੈ ਆਂਦਾ ਹੈ। ਕਾਂਗਰਸ ਨੇ ਇਸ ਨੂੰ ਲੈ ਕੇ ਸਿੱਧਾ ਮੋਦੀ ਸਰਕਾਰ 'ਤੇ ਹਮਲਾ ਕੀਤਾ ਹੈ। ਕਾਂਗਰਸ ਨੇ ਨਾਲ ਹੀ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਕਮਿਸ਼ਨ ਤੋਂ ਕਰਵਾਈ ਜਾਵੇ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਦਿਨੀਂ ਇਸ ਬੰਦਰਗਾਹ ਰਾਹੀਂ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ ਤੇ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਤੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ।
ਦੱਸ ਦਈਏ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਤੋਂ 15,000 ਕਰੋੜ ਰੁਪਏ ਦੀ ਕੀਮਤ ਦੀ 2,988.21 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਇਸ ਬੰਦਰਗਾਹ ਦਾ ਸੰਚਾਲਨ ਅਡਾਨੀ ਸਮੂਹ ਕਰਦਾ ਹੈ। ਉਧਰ, ਇਸ ਬਾਰੇ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ ਹੈ ਕਿ ਬੰਦਰਗਾਹਾਂ ਦੇ ਸੰਚਾਲਨ ਵਿੱਚ ਕੰਪਨੀਆਂ ਦੀ ਭੂਮਿਕਾ ਸੀਮਤ ਹੈ ਤੇ ਕੰਟੇਨਰਾਂ ਦੀ ਜਾਂਚ ਤੇ ਜ਼ਬਤੀ ਸਰਕਾਰੀ ਏਜੰਸੀਆਂ ਕਰਦੀਆਂ ਹਨ। ਇਸ ਮਾਮਲੇ ਵਿੱਚ ਫਿਲਹਾਲ ਸਰਕਾਰ ਪਾਸੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਕਾਂਗਰਸ ਦੇ ਜਨਰਲ ਸਕੱਤਰ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘3000 ਕਿਲੋ ਹੈਰੋਇਨ ਨੂੰ ਜ਼ਬਤ ਕਰਨਾ ਨਸ਼ਾ ਤਸਕਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਬੰਦਰਗਾਹ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਲਿਆਂਦਾ ਗਿਆ ਹੈ। ਅੱਜ ਦੇ ਅਖ਼ਬਾਰਾਂ ਅਨੁਸਾਰ ਅਡਾਨੀ ਮੁੰਦਰਾ ਬਦਰਗਾਹ ਤੋਂ ਇਸੇ ਤਰ੍ਹਾਂ 25,000 ਕਿਲੋ ਹੈਰੋਇਨ ਡਰੱਗ 'ਸੈਮੀਕਟ ਟੈਲਕਮ ਪਾਊਡਰ ਬਲਾਕਸ' ਦੇ ਨਾਂ 'ਤੇ ਜੂਨ 2021 ਵਿੱਚ ਮੁੰਦਰਾ ਬੰਦਰਗਾਹ ’ਤੇ ਪਹੁੰਚਿਆ ਸੀ।
ਉਨ੍ਹਾਂ ਅਨੁਸਾਰ, ‘ਉਸ ਸਮੇਂ ਵੀ ਆਂਧਰਾ ਪ੍ਰਦੇਸ਼ ਤੋਂ ਉਸੇ ਅਖੌਤੀ ਕੰਪਨੀ ਦੇ ਨਾਂ ’ਤੇ ਡਰੱਗਜ਼ ਲਿਆਂਦੀ ਗਈ ਸੀ, ਜਿਸ ਦੇ ਨਾਂ ’ਤੇ ਇਸ ਵਾਰ 3,000 ਕਿਲੋ ਹੈਰੋਇਨ ਲਿਆਂਦੀ ਗਈ ਹੈ। ਹੈਰੋਇਨ ਦੀ ਪੁਰਾਣੀ ਖੇਪ ਜ਼ਰੂਰ ਬਾਜ਼ਾਰ ਵਿੱਚ ਪਹੁੰਚ ਗਈ ਹੋਵੇਗੀ ਤੇ ਭਾਰਤ ਦੀ ਜਵਾਨੀ ਨੂੰ ਨਸ਼ਿਆਂ ਦੀ ਅੱਗ ਵਿੱਚ ਸੜ ਰਹੀ ਹੋਵੇਗੀ। ਜੁਲਾਈ 2021 ਵਿੱਚ ਵੀ ਦਿੱਲੀ ਪੁਲੀਸ ਨੇ 2,500 ਕਰੋੜ ਰੁਪਏ ਦੀ ਕੀਮਤ ਦੀ 354 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਮਈ ਮਹੀਨੇ ਵਿੱਚ ਵੀ ਦਿੱਲੀ ਪੁਲੀਸ ਨੇ 125 ਕਿਲੋ ਹੈਰੋਇਨ ਫੜੀ ਸੀ।’ ਉਨ੍ਹਾਂ ਸੁਆਲ ਕੀਤਾ ਕਿ 1,75,000 ਕਰੋੜ ਦੀ 25,000 ਕਿਲੋ ਹੈਰੋਇਨ ਡਰੱਗਜ਼ ਕਿਥੇ ਗਈ? ਉਨ੍ਹਾਂ ਸੁਆਲ ਕੀਤਾ ਕਿ ਆਖਰ ਡਰੱਗ ਤਸਕਰ ਗੁਜਰਾਤ ਬੰਦਰਗਾਹ ਦੀ ਵਰਤੋਂ ਕਿਉਂ ਕਰ ਰਹੇ ਹਨ?