ਚੀਨ ਨਾਲ ਹਿੰਸਕ ਝੜਪ 'ਚ ਸ਼ਹੀਦ 20 ਜਵਾਨਾਂ ਦੀ ਅੱਜ ਬਰਸੀ, ਗੁਰਦਾਸਪੁਰ 'ਚ ਸ਼ਰਧਾਂਜਲੀ ਸਮਾਗਮ
ਭਾਰਤ-ਚੀਨ ਸਰਹੱਦ 'ਤੇ ਪਿਛਲੇ ਇਕ ਸਾਲ ਪਹਿਲਾਂ ਹਿੰਸਕ ਝੜੱਪ 'ਚ 20 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸੀ। ਉਨ੍ਹਾਂ 'ਚੋਂ 5 ਪੰਜਾਬ ਸੂਬੇ ਨਾਲ ਸਬੰਧਤ ਸੀ। ਇਨ੍ਹਾਂ ਸ਼ਹੀਦਾਂ 'ਚ ਇੱਕ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪਿੰਡ ਭੋਜਰਾਜ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਸ਼ਹੀਦ ਹੋਇਆ ਸੀ। ਅੱਜ ਉਨ੍ਹਾਂ ਨੂੰ ਸ਼ਹੀਦ ਹੋਇਆਂ ਇੱਕ ਸਾਲ ਪੂਰਾ ਹੋ ਗਿਆ ਹੈ।
ਗੁਰਦਾਸਪੁਰ: ਭਾਰਤ-ਚੀਨ ਸਰਹੱਦ 'ਤੇ ਪਿਛਲੇ ਇਕ ਸਾਲ ਪਹਿਲਾਂ ਹਿੰਸਕ ਝੜੱਪ 'ਚ 20 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ ਸੀ। ਉਨ੍ਹਾਂ 'ਚੋਂ 5 ਪੰਜਾਬ ਸੂਬੇ ਨਾਲ ਸਬੰਧਤ ਸੀ। ਇਨ੍ਹਾਂ ਸ਼ਹੀਦਾਂ 'ਚ ਇੱਕ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪਿੰਡ ਭੋਜਰਾਜ ਦਾ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਸ਼ਹੀਦ ਹੋਇਆ ਸੀ। ਅੱਜ ਉਨ੍ਹਾਂ ਨੂੰ ਸ਼ਹੀਦ ਹੋਇਆਂ ਇੱਕ ਸਾਲ ਪੂਰਾ ਹੋ ਗਿਆ ਹੈ।
ਅੱਜ ਪਹਿਲੀ ਬਰਸੀ 'ਤੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਅਰਦਾਸ ਕੀਤੀ ਗਈ। ਉੱਥੇ ਹੀ ਇਸ ਮੌਕੇ ਸ਼ਹੀਦ ਸਤਨਾਮ ਸਿੰਘ ਦੀ ਯਾਦ 'ਚ ਬਣੇ ਯਾਦਗਾਰੀ ਗੇਟ ਦਾ ਉਦਘਾਟਨ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਤੇ ਸ਼ਹੀਦ ਦੇ ਪਰਿਵਾਰ ਵੱਲੋਂ ਕੀਤਾ ਗਿਆ। ਸ਼ਹੀਦ ਸਤਨਾਮ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਸਤਨਾਮ ਸਿੰਘ ਦੇਸ਼ ਦੀ ਰਾਖੀ ਕਰਦਾ ਦੁਸ਼ਮਣਾਂ ਨਾਲ ਲੜਦਾ ਸ਼ਹੀਦ ਹੋਇਆ ਹੈ।
ਉਨ੍ਹਾਂ ਦੀ ਪਤਨੀ ਦਾ ਕਹਿਣਾ ਸੀ ਕਿ ਇਹ ਵੀ ਸੱਚ ਹੈ ਕਿ ਸਤਨਾਮ ਦੇ ਜਾਣ ਦਾ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਪੰਜਾਬ ਸਰਕਾਰ ਨੂੰ ਜੋ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਸੀ, ਉਸ ਨੂੰ ਪੂਰਾ ਕੀਤਾ ਜਾ ਚੁੱਕਾ ਹੈ, ਜਿਸ 'ਚ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਸਤਨਾਮ ਸਿੰਘ ਦੇ ਨਾਂ 'ਤੇ ਰੱਖਿਆ ਗਿਆ। ਪਿੰਡ ਵਿੱਚ ਇੱਕ ਯਾਦਗਾਰੀ ਗੇਟ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ 25 ਲੱਖ ਦੀ ਗ੍ਰਾਂਟ ਨਾਲ ਯਾਦਗਾਰੀ ਸਟੇਡੀਅਮ ਵੀ ਬਣਾਇਆ ਜਾ ਰਿਹਾ ਹੈ। ਸਤਨਾਮ ਸਿੰਘ ਦਾ ਭਰਾ ਸੂਬੇਦਾਰ ਸੁਖਚੈਨ ਸਿੰਘ ਖੁਦ ਫੌਜ 'ਚ ਨੌਕਰੀ ਕਰਦਾ ਹੈ।
ਸੁਖਚੈਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਵੱਡਾ ਮਾਣ ਹੈ ਕਿ ਭਰਾ ਸਤਨਾਮ ਦੁਸ਼ਮਣਾਂ ਨਾਲ ਲੋਹਾ ਲੈਂਦਾ ਦੇਸ਼ ਲਈ ਕੁਰਬਾਨ ਹੋਇਆ। ਅੱਜ ਉਸ ਦੀ ਸ਼ਹਾਦਤ ਤੇ ਪੂਰੇ ਦੇਸ਼ ਨੂੰ ਮਾਣ ਹੈ। ਉੱਥੇ ਹੀ ਸ਼ਹੀਦ ਸਤਨਾਮ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੀ ਯਾਦ 'ਚ ਬਣ ਰਹੇ ਯਾਦਗਾਰੀ ਗੇਟ ਦਾ ਉਦਘਾਟਨ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਵੱਲੋਂ ਅੱਜ ਕੀਤਾ ਗਿਆ।
ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਸਤਨਾਮ ਸਿੰਘ ਦੀ ਸ਼ਹਾਦਤ 'ਤੇ ਪੂਰੇ ਦੇਸ਼ ਸੂਬੇ ਨੂੰ ਮਾਣ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਦੀ ਯਾਦ ਨੂੰ ਸਮਰਪਿਤ ਇੱਕ ਯਾਦਗਾਰੀ ਖੇਡ ਸਟੇਡੀਅਮ ਬਣਾਇਆ ਜਾ ਰਿਹਾ ਹੈ। ਇੱਕ ਯਾਦਗਾਰੀ ਗੇਟ ਤੇ ਸਰਕਾਰੀ ਸਕੂਲ ਦਾ ਨਾਮ ਵੀ ਸ਼ਹੀਦ ਦੇ ਨਾਂ 'ਤੇ ਰੱਖਿਆ ਗਿਆ ਹੈ।