ਮਾਨਸਾ ਦੇ 23 ਸਾਲਾ ਫੌਜੀ ਨੇ ਅਫ਼ਸਰਾਂ ਤੋਂ ਤੰਗ ਆ ਕੇ ਲਿਆ ਫਾਹਾ, ਆਡੀਓ ਹੋ ਰਹੀ ਵਾਇਰਲ
ਮਾਨਸਾ ਦੇ ਪਿੰਡ ਬੁਰਜ ਹਰੀ ਦੇ ਫ਼ੌਜੀ ਜਵਾਨ ਵਲੋਂ ਅਫ਼ਸਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਸੂਰਤਗੜ੍ਹ ਵਿਖੇ ਤਾਇਨਾਤ 23 ਸਾਲਾ ਪ੍ਰਭਦਿਆਲ ਸਿੰਘ ਪੁੱਤਰ ਗੁਰਸੇਵਕ ਸਿੰਘ ਨੇ ਆਪਣੀ ਡਿਊਟੀ ਦੌਰਾਨ ਸੋਮਵਾਰ ਨੂੰ ਸ਼੍ਰੀਗੰਗਾਨਗਰ 'ਚ ਫੌਜ ਦੇ ਬਰਧਵਾਲ ਸਟੇਸ਼ਨ 'ਤੇ ਇਕ ਕੈਂਪ 'ਚ ਫਾਹਾ ਲੈ ਲਿਆ।
ਅਬੋਹਰ: ਮਾਨਸਾ ਦੇ ਪਿੰਡ ਬੁਰਜ ਹਰੀ ਦੇ ਫ਼ੌਜੀ ਜਵਾਨ ਵਲੋਂ ਅਫ਼ਸਰਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਰਾਜਸਥਾਨ ਦੇ ਸੂਰਤਗੜ੍ਹ ਵਿਖੇ ਤਾਇਨਾਤ 23 ਸਾਲਾ ਪ੍ਰਭਦਿਆਲ ਸਿੰਘ ਪੁੱਤਰ ਗੁਰਸੇਵਕ ਸਿੰਘ ਨੇ ਆਪਣੀ ਡਿਊਟੀ ਦੌਰਾਨ ਸੋਮਵਾਰ ਨੂੰ ਸ਼੍ਰੀਗੰਗਾਨਗਰ 'ਚ ਫੌਜ ਦੇ ਬਰਧਵਾਲ ਸਟੇਸ਼ਨ 'ਤੇ ਇਕ ਕੈਂਪ 'ਚ ਫਾਹਾ ਲੈ ਲਿਆ।
ਮ੍ਰਿਤਕ ਦੀ ਖੁਦਕੁਸ਼ੀ ਦੇ ਕਾਰਨਾਂ ਬਾਰੇ ਗੱਲ ਕਰ ਰਹੀ ਇਕ ਆਡੀਓ ਵੀ ਵਾਇਰਲ ਹੋਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਦਕਿ ਉਸ ਦੀ ਭੈਣ ਵਿਦੇਸ਼ 'ਚ ਪੜ੍ਹਾਈ ਕਰ ਰਹੀ ਹੈ। ਮ੍ਰਿਤਕ ਦੇ ਦਾਦਾ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਰੋਮਾਣਾ ਨੇ ਦੋਸ਼ ਲਗਾਇਆ ਕਿ ਉਸ ਦੇ ਪੋਤੇ ਨੂੰ ਫ਼ੌਜ ਦੇ ਇਕ ਅਫ਼ਸਰ ਵਲੋਂ ਪਿਛਲੇ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਪ੍ਰਭਦਿਆਲ ਨੇ ਖ਼ੁਦਕੁਸ਼ੀ ਕਰ ਲਈ। ਸੂਰਤਗੜ੍ਹ ਪੁਲਿਸ ਨੇ ਮਹਿੰਦਰ ਸਿੰਘ ਤੇ ਉਸ ਦੇ ਛੋਟੇ ਪੁੱਤਰ ਨਵਦੀਪ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰ ਕੇ ਧਾਰਾ 174 ਅਧੀਨ ਕਾਰਵਾਈ ਕਰ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।