(Source: ECI/ABP News/ABP Majha)
Lok Sabha Election: 2 ਸਾਲਾਂ 'ਚ ਨਹੀਂ ਪੈਦਾ ਕਰ ਸਕੇ ਨਵੇਂ ਲੀਡਰ ? 13 ਚੋਂ 9 ਪਹਿਲਾਂ ਹੀ ਜਿੱਤੇ ਹੋਏ ਤੇ 3 ਦਲ ਬਦਲੂ
ਆਪ ਦੀ ਨਵੀਂ ਸੂਚੀ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਲੰਧਰ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਸ਼ਾਮਲ ਹਨ।
Punjab politics: ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਪਣੀ ਤੀਜੀ ਅਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਲੰਧਰ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ 'ਆਪ' 2 ਸੂਚੀਆਂ ਜਾਰੀ ਕਰ ਚੁੱਕੀ ਹੈ। ਪਹਿਲੀ ਸੂਚੀ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਪਰ ਉਨ੍ਹਾਂ ਵਿੱਚੋਂ ਸੁਸ਼ੀਲ ਰਿੰਕੂ ਟਿਕਟ ਮਿਲਣ ਦੇ ਬਾਵਜੂਦ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਰਿੰਕੂ ਤੋਂ ਇਲਾਵਾ ਇਸ ਸੂਚੀ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਮੰਤਰੀ ਡਾ: ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ.ਸ਼ਾਮਲ ਸਨ। ਦੂਜੀ ਸੂਚੀ ਵਿੱਚ ਦੋ ਉਮੀਦਵਾਰ ਐਲਾਨੇ ਗਏ ਸਨ ਜਿਸ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਅਤੇ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਟਿਕਟਾਂ ਦਿੱਤੀਆਂ ਗਈਆਂ ਹਨ।
ਮੰਤਰੀਆਂ ਤੇ ਵਿਧਾਇਕਾਂ ਨੂੰ ਦਾਅ ਉੱਤੇ ਲਾਇਆ !
ਦੱਸ ਦਈਏ ਕਿ ਆਪ ਨੇ 13 ਸੀਟਾਂ ਵਿੱਚੋਂ 9 ਤਾਂ ਜਿੱਤੇ ਹੋਏ ਵਿਧਾਇਕਾਂ ਨੂੰ ਹੀ ਦਿੱਤੀਆਂ ਹਨ। ਜਿਨ੍ਹਾਂ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਮੰਤਰੀ ਡਾ: ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਫ਼ਿਰੋਜ਼ਪੁਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ, ਚੱਬੇਵਾਲ ਤੋਂ ਰਾਜ ਕੁਮਾਰ ਚੱਬੇਵਾਲ ਸ਼ਾਮਲ ਹਨ।
ਦਲਬਦਲੂਆਂ ਦਾ ਵੀ ਰਿਹਾ ਬੋਲ-ਬਾਲਾ
ਜੇ ਦਲਬਦਲੂਆਂ ਦੀ ਗੱਲ ਕੀਤੀ ਜਾਵੇ ਤਾਂ ਆਪ ਨੇ ਉਨ੍ਹਾਂ ਉੱਤੇ ਵੀ ਭਰੋਸਾ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ ਹੈ। ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ ਤੋਂ ਆਏ ਗੁਰਪ੍ਰੀਤ ਸਿੰਘ ਨੂੰ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਚੋਂ ਆਏ ਪਵਨ ਕੁਮਾਰ ਟੀਨੂੰ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਗਿਆ ਹੈ।