ਤਾਲਿਬਾਨ ਸਰਕਾਰ ਹੋਈ ਮੁੱਕੋ-ਮੁੱਕੀ, ਰਾਸ਼ਟਰਪਤੀ ਭਵਨ ’ਚ ਹੀ ਉੱਪ ਪ੍ਰਧਾਨ ਮੰਤਰੀ ਮੁੱਲਾ ਬਰਾਦਰ ਨੂੰ ਪਏ ਘਸੁੰਨ ਤੇ ਠੁੱਡੇ
ਮੁੱਲਾ ਬਰਾਦਰ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਤਾਲਿਬਾਨ ਦਾ ਗਠਨ ਕੀਤਾ ਸੀ। ਬਰਾਦਰ, ਜੋ ਹਰ ਅਹਿਮ ਤਾਲਿਬਾਨ ਲੜਾਈ ਦਾ ਹਿੱਸਾ ਸੀ, ਨੂੰ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਘਸੁੰਨ ਤੇ ਠੁੱਡੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ।
ਕਾਬੁਲ: ਮੁੱਲਾ ਅਬਦੁਲ ਗਨੀ ਬਰਾਦਰ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਤਾਲਿਬਾਨ ਦਾ ਗਠਨ ਕੀਤਾ ਸੀ। ਬਰਾਦਰ, ਜੋ ਹਰ ਅਹਿਮ ਤਾਲਿਬਾਨ ਲੜਾਈ ਦਾ ਹਿੱਸਾ ਸੀ, ਨੂੰ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਘਸੁੰਨ ਤੇ ਠੁੱਡੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਗਿਆ ਹੈ ਕਿ ਤਾਲਿਬਾਨ ਸਰਕਾਰ ਵਿੱਚ ਹੱਕਾਨੀ ਧੜੇ ਦਾ ਦਬਦਬਾ ਇਸ ਹੱਦ ਤੱਕ ਵਧ ਗਿਆ ਹੈ ਕਿ ਇਸ ਦੇ ਇੱਕ ਕਮਾਂਡਰ ਨੇ ਬਰਾਦਰ 'ਤੇ ਠੁੱਡੇ ਤੇ ਘਸੁੰਨ ਠੋਕੇ।
ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਹਫ਼ਤੇ ਬਰਾਦਰ ਦੀ ਮੌਤ ਦੀ ਖਬਰ ਆਈ ਸੀ, ਪਰ ਬਾਅਦ ਵਿੱਚ ਬਰਾਦਰ ਨੇ ਵੀਡੀਓ ਜਾਰੀ ਕਰਕੇ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ। ਹੁਣ ਇਹ ਖ਼ਬਰ ਅਮਰੀਕੀ ਮੀਡੀਆ ਵਿੱਚ ਸੁਰਖੀਆਂ ਵਿੱਚ ਹੈ ਕਿ ਬਰਾਦਰ ਉੱਤੇ ਹਮਲਾ ਕੀਤਾ ਗਿਆ ਤੇ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਗੋਲੀਆਂ ਵੀ ਚੱਲੀਆਂ ਹਨ।
ਇਹ ਹੈ ਪੂਰਾ ਮਾਮਲਾ
ਦੁਨੀਆ ਜਾਣਦੀ ਹੈ ਕਿ ਮੁੱਲਾ ਅਬਦੁਲ ਗਨੀ ਬਰਾਦਰ ਤਾਲਿਬਾਨ ਦਾ ਮੁੱਖ ਚਿਹਰਾ ਰਿਹਾ ਹੈ। ਉਹ ਲਗਾਤਾਰ ਅਮਰੀਕਾ ਨਾਲ ਗੱਲਬਾਤ ਵਿੱਚ ਵੀ ਸ਼ਾਮਲ ਸੀ। ਅਫਗਾਨਿਸਤਾਨ ਛੱਡਣ ਵਾਲੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਉਮੀਦ ਸੀ ਕਿ ਮੁੱਲਾ ਅਬਦੁਲ ਗਨੀ ਬਰਾਦਰ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਦੀ ਆਵਾਜ਼ ਬਣੇਗਾ। ਉਮੀਦ ਕੀਤੀ ਜਾ ਰਹੀ ਸੀ ਕਿ ਉਹ ਤਾਲਿਬਾਨ ਮੰਤਰੀ ਮੰਡਲ ਵਿੱਚ ਗੈਰ-ਤਾਲਿਬਾਨ ਨੇਤਾਵਾਂ ਤੇ ਨਸਲੀ ਘੱਟ ਗਿਣਤੀਆਂ ਨੂੰ ਵੀ ਸ਼ਾਮਲ ਕਰਨਗੇ।
ਅੰਗਰੇਜ਼ੀ ਅਖ਼ਬਾਰ ‘ਬਲੂਮਬਰਗ’ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰਾਦਰ ਨੂੰ ਤਾਲਿਬਾਨ ਅਤੇ ਅਮਰੀਕਾ ਵਿੱਚ 'ਨਰਮ ਖ਼ਿਆਲੀ' ਨੇਤਾ ਮੰਨਿਆ ਜਾਂਦਾ ਹੈ ਤੇ ਕਈ ਦੇਸ਼ਾਂ ਨੂੰ ਉਮੀਦ ਸੀ ਕਿ ਦੇਸ਼ ਦੀ ਕਮਾਨ ਬਰਾਦਰ ਨੂੰ ਸੌਂਪੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ।
ਜਦੋਂ ਅੰਤ੍ਰਿਮ ਸਰਕਾਰ ਦੀ ਸੂਚੀ ਆਈ ਤਾਂ ਬਰਾਦਰ ਨੂੰ ਖੁਦ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਮਿਲਿਆ। ਇਹ ਦਲੀਲ ਦਿੱਤੀ ਗਈ ਸੀ ਕਿ ਮੁੱਲਾ ਬਰਾਦਰ ਅਮਰੀਕਾ ਦੇ ਦਬਾਅ ਹੇਠ ਆ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਤਾਲਿਬਾਨ ਸਰਕਾਰ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਜਿਨ੍ਹਾਂ ਨੇ ਇਹ ਸਭ ਕਿਹਾ, ਉਹ ਮੁੱਖ ਤੌਰ 'ਤੇ ਪਾਕਿਸਤਾਨੀ ਹਮਾਇਤ ਵਾਲੇ ਹੱਕਾਨੀ ਧੜੇ ਦੇ ਨੇਤਾ ਸਨ, ਜਿਨ੍ਹਾਂ ਨੂੰ ਅੰਤਰਿਮ ਸਰਕਾਰ ਵਿਚ ਗ੍ਰਹਿ ਮੰਤਰਾਲੇ ਸਮੇਤ ਚਾਰ ਮਹੱਤਵਪੂਰਨ ਮੰਤਰਾਲੇ ਮਿਲੇ ਹਨ। ਐਫਬੀਆਈ ਦੀ ਅੱਤਵਾਦ ਲਈ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਸਿਰਾਜੁਦੀਨ ਹੱਕਾਨੀ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਬਣਾਇਆ ਗਿਆ ਹੈ।
ਇੰਝ ਹੋਇਆ ਵਿਵਾਦ ਸ਼ੁਰੂ
ਤਾਲਿਬਾਨ ਅੰਦਰ ਅੰਦਰੂਨੀ ਫੁੱਟ ਦੀਆਂ ਰਿਪੋਰਟਾਂ ਦੇ ਚੱਲਦਿਆਂ ਸਤੰਬਰ ਦੇ ਸ਼ੁਰੂ ਵਿੱਚ ਕਾਬੁਲ ਦੇ ਰਾਸ਼ਟਰਪਤੀ ਭਵਨ ਵਿੱਚ ਕੈਬਨਿਟ ਦੀ ਇੱਕ ਅਹਿਮ ਬੈਠਕ ਹੋ ਰਹੀ ਸੀ। ਰਿਪੋਰਟਾਂ ਅਨੁਸਾਰ, ਇਸ ਬੈਠਕ ਵਿੱਚ, ਬਰਾਦਰ ਵਾਰ-ਵਾਰ ਅਜਿਹੇ ਮੰਤਰੀ ਮੰਡਲ ਲਈ ਜ਼ੋਰ ਪਾ ਰਹੇ ਸਨ; ਜਿਸ ਵਿੱਚ ਗੈਰ-ਤਾਲਿਬਾਨ ਨੇਤਾ ਤੇ ਨਸਲੀ ਘੱਟ ਗਿਣਤੀਆਂ ਸ਼ਾਮਲ ਹੋਣ। ਬਰਾਦਰ ਨੇ ਦਲੀਲ ਦਿੱਤੀ ਕਿ ਵਿਸ਼ਵ ਲਈ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਇੱਕ ਸਮੂਹਕ ਸਰਕਾਰ ਜ਼ਰੂਰੀ ਹੈ। ਪਰ ਹੱਕਾਨੀ ਧੜੇ ਤੋਂ ਬਰਾਦਰ ਦੇ ਇਹ ਸ਼ਬਦ ਬਰਦਾਸ਼ਤ ਨਹੀਂ ਹੋ ਸਕੇ।
ਬਹਿਸ ਦੇ ਚੱਲਦਿਆਂ ਅਚਾਨਕ ਹੱਕਾਨੀ ਨੇਤਾ ਖਲੀਲ-ਉਲ-ਰਹਿਮਾਨ ਹੱਕਾਨੀ ਆਪਣੀ ਕੁਰਸੀ ਤੋਂ ਉੱਠੇ ਅਤੇ ਬਰਾਦਰ ਦੇ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇ ਅੰਗ ਰੱਖਿਅਕਾਂ ਨੇ ਇੱਕ ਦੂਜੇ ‘ਤੇ ਗੋਲੀਬਾਰੀ ਵੀ ਕੀਤੀ, ਜਿਸ ਵਿੱਚ ਬਹੁਤ ਸਾਰੇ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
ਇਸ ਤੋਂ ਬਾਅਦ, ਮੀਟਿੰਗ ਅੱਧ ਵਿਚਾਲੇ ਰਹਿ ਗਈ ਅਤੇ ਮੁੱਲਾ ਬਰਾਦਰ ਨੇ ਕਾਬੁਲ ਛੱਡ ਦਿੱਤਾ ਅਤੇ ਤਾਲਿਬਾਨ ਦੇ ਸੁਪਰੀਮ ਲੀਡਰ ਹੈਬਤੁੱਲਾ ਅਖੁੰਦਜ਼ਾਦਾ ਨਾਲ ਗੱਲ ਕਰਨ ਲਈ ਕੰਧਾਰ ਚਲਾ ਗਿਆ। ਇਸ ਤੋਂ ਬਾਅਦ ਹੀ ਪਿਛਲੇ ਹਫਤੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਬਰਾਦਰ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਜਿਸ ਨੂੰ ਬਾਅਦ ਵਿੱਚ ਬਰਾਦਰ ਨੇ ਆਪਣਾ ਵੀਡੀਓ ਜਾਰੀ ਕਰਕੇ ਨਕਾਰ ਦਿੱਤਾ ਗਿਆ।
ਮੁੱਲਾ ਬਰਾਦਰ ਨੂੰ ਕੀਤਾ ਲਾਂਭੇ
ਇਹ ਸਪੱਸ਼ਟ ਹੈ ਕਿ ਮੁੱਲਾ ਬਰਾਦਰ ਜੋ ਹਾਲ ਹੀ ਵਿੱਚ ਤਾਲਿਬਾਨ ਦਾ ਜਨਤਕ ਚਿਹਰਾ ਸੀ। ਸੂਤਰਾਂ ਅਨੁਸਾਰ ਰਾਸ਼ਟਰਪਤੀ ਭਵਨ ਦੀ ਇਸ ਘਟਨਾ ਤੋਂ ਬਾਅਦ ਕਿ ਮੁੱਲਾ ਬਰਾਦਰ ਨੂੰ ਲਾਂਭੇ ਕਰ ਦਿੱਤਾ ਗਿਆ ਹੈ। ਇਸ ਲਈ ਇਹ ਨਹੀਂ ਜਾਪਦਾ ਕਿ ਵਿਵਾਦ ਖਤਮ ਹੋ ਜਾਵੇਗਾ। ਪੱਛਮੀ ਦੇਸ਼ਾਂ ਨੂੰ ਬਰਾਦਰ ਦੇ ਲਾਂਭੇ ਹੋਣ ਕਾਰਨ ਵੀ ਸਮੱਸਿਆ ਹੈ ਕਿਉਂਕਿ ਬਰਾਦਰ ਸ਼ਾਂਤੀ ਵਾਰਤਾ ਦਾ ਮੁੱਖ ਚਿਹਰਾ ਸੀ।
ਇਸ ਦਾ ਮਤਲਬ ਹੈ ਕਿ ਪਾਕਿਸਤਾਨ ਹਮਾਇਤ ਵਾਲਾ ਹੱਕਾਨੀ ਧੜਾ ਅਫਗਾਨ ਸਰਕਾਰ ਵਿੱਚ ਬਹੁਤ ਮਜ਼ਬੂਤ ਹੋ ਗਿਆ ਹੈ। ਅੱਤਵਾਦੀ ਹੱਕਾਨੀ ਸਮੂਹ ਦੀ ਵਧਦੀ ਮੌਜੂਦਗੀ ਤਾਲਿਬਾਨ ਦੇ ਨਾਲ ਨਾਲ ਭਾਰਤ ਵਰਗੇ ਗੁਆਂਢੀ ਦੇਸ਼ ਲਈ ਵੀ ਮੁਸ਼ਕਲਾਂ ਵਧਾ ਸਕਦੀ ਹੈ।