ਭਾਰਤ 'ਚ ਵਸਦੇ ਅਫ਼ਗਾਨੀਆਂ ਨੇ ਬਿਆਨ ਕੀਤਾ ਦਿਲ ਦਾ ਦਰਦ, ਪੀਐਮ ਮੋਦੀ ਅੱਗੇ ਰੱਖੀਆਂ ਇਹ ਮੰਗਾਂ
ਅਫਗਾਨਿਸਤਾਨ 'ਚ ਮੌਜੂਦਾ ਹਾਲਤਾਂ ਦਾ ਖ਼ਮਿਆਜ਼ਾ ਉੱਥੋ ਦੇ ਨਾਗਰਿਕਾਂ ਤੋਂ ਇਲਾਵਾ ਹਿੰਦੂ ਸਿੱਖ ਭਾਈਚਾਰੇ ਨੂੰ ਵੀ ਭੁਗਤਣਾ ਪੈ ਰਿਹਾ ਹੈ।
ਪਰਮਜੀਤ ਸਿੰਘ
ਨਵੀਂ ਦਿੱਲੀ: ਅਫਗਾਨਿਸਤਾਨ 'ਚ ਮੌਜੂਦਾ ਹਾਲਤਾਂ ਦਾ ਖ਼ਮਿਆਜ਼ਾ ਉੱਥੋ ਦੇ ਨਾਗਰਿਕਾਂ ਤੋਂ ਇਲਾਵਾ ਹਿੰਦੂ ਸਿੱਖ ਭਾਈਚਾਰੇ ਨੂੰ ਵੀ ਭੁਗਤਣਾ ਪੈ ਰਿਹਾ ਹੈ। ਦਿੱਲੀ 'ਚ ਵਸਦੇ ਅਫ਼ਗ਼ਾਨੀ ਸਿੱਖਾਂ ਦਾ ਕਹਿਣਾ ਹੈ ਕਿ ਇੰਨਾਂ ਹਾਲਾਤਾਂ ਦਾ ਅਸਰ ਸਾਰੇ ਸੰਸਾਰ 'ਚ ਵੱਸਦੇ ਅਫਗਾਨੀ ਸਿੱਖਾਂ 'ਤੇ ਵੀ ਹੋਵੇਗਾ। ਜੋ ਪਰਿਵਾਰ ਅਫਗਾਨਿਸਤਾਨ 'ਚ ਬੈਠੇ ਹਨ ਉਨ੍ਹਾਂ ਦੀ ਲਗਾਤਾਰ ਉਨ੍ਹਾਂ ਨਾਲ ਗੱਲ ਹੋ ਰਹੀ ਹੈ ਪਰ ਸਹਿਮ ਦੇ ਕਾਰਨ ਉਹ ਕੁਝ ਵੀ ਖੁੱਲ ਕੇ ਦੱਸਣ ਨੂੰ ਤਿਆਰ ਨਹੀਂ। ਤੇ ਜੇਕਰ ਉਹ ਕੁਝ ਵੀ ਖੁੱਲ੍ਹ ਕੇ ਬੋਲਦੇ ਹਨ ਤਾਂ ਹੋ ਸਕਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੋ ਜਾਵੇ।
ਹੁਣ ਤੱਕ ਜਿੰਨੇ ਵੀ ਅਫ਼ਗ਼ਾਨੀ ਸਿੱਖ ਭਾਰਤ ਮਾਈਗ੍ਰੇਟ ਹੋਏ ਹਨ ਉਨ੍ਹਾਂ ਨੇ ਅਪਣਾ ਰੈਣ ਬਸੇਰਾ ਦਿੱਲੀ ਦੇ ਤਿਲਕ ਨਗਰ ਨੂੰ ਚੁਣਿਆਂ ਜਿੱਥੇ 1000 ਤੋਂ ਜ਼ਿਆਦਾ ਅਫ਼ਗ਼ਾਨੀ ਸਿੱਖ ਹਿੰਦੂ ਪਰਿਵਾਰ ਹਨ। ਅਫ਼ਗ਼ਾਨੀ ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਅਫਗਾਨਿਸਤਾਨ ਛੱਡਿਆਂ ਸੀ ਤਾਂ ਉਨ੍ਹਾਂ ਨੂੰ ਆਸ ਸੀ ਕਿ ਹਾਲਾਤ ਠੀਕ ਹੋਣ ਤੇ ਉਹ ਵਾਪਸ ਪਰਤ ਜਾਣਗੇ। ਪਰ ਇੱਥੇ ਆ ਕੇ ਉਹ ਆਰਥਿਕ ਪੱਖੋਂ ਇੰਨਾ ਜ਼ਿਆਦਾ ਕਮਜ਼ੋਰ ਹੋ ਗਏ ਕਿ ਉਨ੍ਹਾਂ ਨੂੰ ਗ਼ੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ ਤੇ ਉਨ੍ਹਾਂ ਰਕਸ਼ਾ ਚਲਾ ਕੇ ਅਪਣਾ ਪਰਿਵਾਰ ਪਾਲਿਆ। ਪਰ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਜਿੱਥੇ ਉਹ ਵੱਡੇ ਹੋਏ ਅਤੇ ਜਿੱਥੇ ਉਨ੍ਹਾਂ ਦੇ ਗੁਰਧਾਮ ਹਨ ਉੱਥੇ ਜਾ ਕੇ ਰਹਿਣ ਨੂੰ ਉਨ੍ਹਾਂ ਦਾ ਅੱਜ ਵੀ ਮਨ ਕਰਦਾ ਹੈ। ਪਰ ਹੁਣ ਇਹ ਸੁਪਨਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਭਾਰਤ ਸਰਕਾਰ ਵੱਲੋਂ ਜਿਸ ਵੇਲੇ ਨਾਗਰਿਕਤਾ ਕਾਨੂੰਨ ਪਾਸ ਕੀਤਾ ਤਾਂ ਅਫ਼ਗ਼ਾਨੀ ਭਾਈਚਾਰੇ ਨੇ ਬਹੁਤ ਖੁਸ਼ੀ ਮਨਾਈ ਪਰ ਅਫ਼ਸੋਸ ਉਸ ਦਾ ਕੋਈ ਨਤੀਜਾ ਨਹੀਂ ਆਇਆ ਤੇ ਸਾਡੇ 50% ਤੋਂ ਜ਼ਿਆਦਾ ਪਰਿਵਾਰ ਅਜੇ ਵੀ Indian citizenship ਤੋਂ ਵਾਂਝੇ ਹਨ।
ਤਾਲਿਬਾਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਵੇਲੇ ਪਹਿਲਾਂ ਤਾਲੀਬਾਨ ਕਾਬਜ਼ ਹੋਇਆਂ ਸੀ ਤਾਂ ਉਸ ਵੇਲੇ ਧਰਮ ਦੇ ਮਾਮਲੇ 'ਚ ਪੂਰੀ ਖੁੱਲ ਸੀ ਪਰ ਮੌਜੂਦਾ ਹਾਲਾਤਾਂ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਹਿਲਾਂ ਵਾਲੇ ਤਾਲੀਬਾਨੀਆਂ ਤੇ ਹੁਣ ਦਿਆਂ ਦੇ ਵਿੱਚ ਬਹੁਤ ਫਰਕ ਹੈ।
ਗੁਰਦੁਆਰਾ ਸਾਹਿਬ ਪਹੁੰਚ ਕੇ ਤਾਲੀਬਾਨੀਆਂ ਵੱਲੋਂ ਜੋ ਭਰੋਸਾ ਦਿੱਤਾ ਗਿਆ ਉਸ ਲਈ ਵੀ ਉਨ੍ਹਾਂ ਤਾਲੀਬਾਨ ਦਾ ਧੰਨਵਾਦ ਕੀਤਾ। ਪਰ ਭਾਰਤ 'ਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਸੀਂ ਪਰਦੇਸੀਆਂ ਨੇ ਤੁਹਾਡਾ ਪੱਲਾ ਫੜਿਆਂ ਹੈ ਤੇ ਸਾਡੇ ਬਾਰੇ ਜ਼ਰੂਰ ਸੋਚਿਆ ਜਾਵੇ। ਉਨ੍ਹਾਂ ਅਫਗਾਨਿਸਤਾਨ ਫਸੇ ਅਪਣੇ ਰਿਸ਼ਤੇਦਾਰਾਂ ਦੀ ਅਵਾਜ਼ ਚੁੱਕਦਿਆਂ ਸਰਕਾਰ ਕੋਲ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ।