CM ਭਗਵੰਤ ਮਾਨ ਨੇ ਖੇਤੀ ਖੇਤਰ 'ਚ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਰਮਨੀ ਦੀ ਕੰਪਨੀ ਤੋਂ ਮੰਗਿਆ ਸਹਿਯੋਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਜਰਮਨੀ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਖੇਤੀ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਰਮਨੀ ਦੀ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਮਿਊਨਿਖ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀਂ ਦਿਨੀਂ ਜਰਮਨੀ ਦੇ ਦੌਰੇ 'ਤੇ ਹਨ। ਇਸ ਦੌਰਾਨ ਉਨ੍ਹਾਂ ਖੇਤੀ ਖੇਤਰ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜਰਮਨੀ ਦੀ ਕੰਪਨੀ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਸੀ.ਐਮ ਮਾਨ ਨੇ ਕਿਹਾ ਕਿ ਅਸੀਂ ਰਾਜ ਵਿੱਚ ਨਿਵੇਸ਼ ਯੋਜਨਾਵਾਂ ਨੂੰ ਪ੍ਰਮਾਣਿਤ ਕਰਨ ਲਈ ਮੌਸਮੀ ਤਬਦੀਲੀ, ਸਿੰਚਾਈ, ਫਸਲਾਂ ਦੇ ਝਾੜ ਦੀ ਭਵਿੱਖਬਾਣੀ, ਫਸਲਾਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ, ਜਲਵਾਯੂ ਪਰਿਵਰਤਨ ਮੁਲਾਂਕਣ ਅਤੇ ਖੇਤੀ ਉਤਪਾਦਨ 'ਤੇ ਪ੍ਰਭਾਵ ਵਰਗੇ ਮਹੱਤਵਪੂਰਨ ਮੁੱਦਿਆਂ ਨਾਲ ਨਜਿੱਠਣ ਲਈ ਜਰਮਨੀ ਦੀ ਕੰਪਨੀ ਤੋਂ ਸਹਿਯੋਗ ਮੰਗਿਆ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਪੰਜਾਬ ਮੁੱਖ ਤੌਰ 'ਤੇ ਖੇਤੀ ਆਧਾਰਿਤ ਆਰਥਿਕਤਾ ਹੈ, ਜਿਸ ਦੀ ਬਹੁਗਿਣਤੀ ਆਬਾਦੀ ਖੇਤੀ 'ਤੇ ਨਿਰਭਰ ਹੈ। ਪੰਜਾਬ ਆਪਣੀਆਂ ਖੇਤੀ ਗਤੀਵਿਧੀਆਂ ਨੂੰ ਆਧੁਨਿਕ ਲੀਹਾਂ 'ਤੇ ਅਨੁਕੂਲ ਬਣਾਉਣਾ ਚਾਹੁੰਦਾ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਦੀ ਵੱਡੇ ਪੱਧਰ 'ਤੇ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।
ਭਗਵੰਤ ਮਾਨ ਨੇ ਬਿਆਵਾ ਕੰਪਨੀ ਨੂੰ ਡਿਜੀਟਾਈਜ਼ੇਸ਼ਨ ਰਾਹੀਂ ਪੰਜਾਬ ਦੇ ਮਸ਼ੀਨੀਕਰਨ ਅਤੇ ਖੇਤੀਬਾੜੀ ਵਿੱਚ ਮਦਦ ਕਰਨ ਲਈ ਟਿਕਾਊ ਖੇਤੀ ਕਾਰੋਬਾਰ ਲਈ ਹੱਲ ਮੁਹੱਈਆ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਪ੍ਰਮੁੱਖ ਖੇਤੀ ਕਾਰੋਬਾਰ ਅਤੇ ਸੇਵਾ ਪ੍ਰਦਾਤਾ ਬਿਆਵਾ ਪੰਜਾਬ ਦੇ ਉਦਯੋਗਿਕ ਵਾਤਾਵਰਣ ਢਾਂਚੇ ਨੂੰ ਮੁੱਲ ਲੜੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਮੁੱਖ ਮੰਤਰੀ ਨੇ ਨਿਵੇਸ਼ ਯੋਜਨਾਵਾਂ ਦੀ ਤਸਦੀਕ ਲਈ ਜਲਵਾਯੂ ਪਰਿਵਰਤਨ, ਸਿੰਚਾਈ, ਝਾੜ ਦੀ ਭਵਿੱਖਬਾਣੀ, ਫਸਲਾਂ ਦੀ ਪ੍ਰਗਤੀ ਦੇ ਵਿਸ਼ਲੇਸ਼ਣ, ਨਿਵੇਸ਼ ਯੋਜਨਾਵਾਂ ਨੂੰ ਪ੍ਰਮਾਣਿਤ ਕਰਨ ਲਈ ਜਲਵਾਯੂ ਤਬਦੀਲੀ ਦੇ ਮੁਲਾਂਕਣ ਅਤੇ ਖੇਤੀ ਉਤਪਾਦਨ 'ਤੇ ਇਸ ਦੇ ਪ੍ਰਭਾਵ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਬਿਆਵਾ ਕੰਪਨੀ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਰਾਜ ਦੇ ਉਦਯੋਗ ਪੱਖੀ ਲਾਭਾਂ ਜਿਵੇਂ ਕਿ ਰਾਜਨੀਤਿਕ ਸਥਿਰਤਾ, ਉਦਾਰਵਾਦੀ ਅਤੇ ਉਦਯੋਗ ਪੱਖੀ ਨੀਤੀਆਂ, ਸਵੱਛ ਅਤੇ ਸਿਹਤਮੰਦ ਵਾਤਾਵਰਣ ਦੇ ਨਾਲ-ਨਾਲ ਜੀਵਨ ਦੀ ਗੁਣਵੱਤਾ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਨੇ 23 ਅਤੇ 24 ਫਰਵਰੀ 2023 ਨੂੰ ਹੋਣ ਵਾਲੇ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਵਿੱਚ ਭਾਗ ਲੈਣ ਲਈ ਬਿਆਵਾ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੱਦਾ ਦਿੱਤਾ।