CM ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਹੋਈ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦੱਸੇ ਇਹ ਫ਼ਾਇਦੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋਈ ਹੈ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋਈ ਹੈ। ਐਤਵਾਰ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿੱਚ ਸਤੌਜ ਪਿੰਡ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਪੰਜਾਬ ਦਾ ਪਾਣੀ ਬਚਾਉਣ ਦਾ ਸੰਕਲਪ ਲਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਿੰਡ ਸਤੌਜ ਆਏ ਸਨ ਤੇ ਉਨ੍ਹਾਂ ਕਿਸਾਨਾਂ ਨੂੰ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਸੀ।
ਆਪਣੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਸੀ, 'ਮੈਂ ਚਾਹੁੰਦਾ ਹਾਂ ਕਿ ਪੰਜਾਬ ਦਾ ਪਾਣੀ ਬਚਾਉਣ ਦੀ ਸ਼ੁਰੂਆਤ ਮੇਰੇ ਪਿੰਡ ਦੇ ਹੀ ਲੋਕ ਕਰਨ। ਇਸ ਨਾਲ ਪੂਰੇ ਪੰਜਾਬ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ, ਨਹੀਂ ਤਾਂ ਲੋਕ ਕਹਿਣਗੇ ਕਿ ਖ਼ੁਦ ਮੁੱਖ ਮੰਤਰੀ ਦੇ ਪਿੰਡ ਦੇ ਲੋਕ ਤਾਂ ਪਾਣੀ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਦੂਜੇ ਪਿੰਡਾਂ ਦੇ ਲੋਕ ਕਿਵੇਂ ਕਰਨਗੇ? ਜੇ ਮੇਰੇ ਪਿੰਡ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਤਾਂ ਪੂਰਾ ਪੰਜਾਬ ਪਾਣੀ ਬਚਾਉਣ ਲਈ ਇਕੱਠਾ ਹੋਵੇਗਾ ਤੇ ਇਸ ਮੁਹਿੰਮ ਨੂੰ ਅੱਗੇ ਵਧਾਏਗਾ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ (ਸੁੱਕੇ ਖੇਤ 'ਚ ਮਸ਼ੀਨ ਨਾਲ ਝੋਨੇ ਦੀ ਬਿਜਾਈ) ਕਰੇਗਾ, ਉਸ ਨੂੰ ਸਹਾਇਤਾ ਰਾਸ਼ੀ ਦੇ ਤੌਰ 'ਤੇ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਏਕੜ ਦੇਵੇਗੀ। ਜੇ ਕੋਈ ਕਿਸਾਨ ਝੋਨੇ ਦੀ ਬਿਜਾਈ ਨਾ ਕਰਕੇ ਮੂੰਗ ਦਾਲ ਦੀ ਫ਼ਸਲ ਬੀਜੇਗਾ ਜਾਂ ਬਰਸਾਤ ਦੇ ਮੌਸਮ ਵਿੱਚ ਬਾਸਮਤੀ ਝੋਨੇ ਦੀ ਖੇਤੀ ਕਰੇਗਾ, ਉਸ ਕਿਸਾਨ ਦੀ ਫ਼ਸਲ ਐਮਐਸਪੀ 'ਤੇ ਪੰਜਾਬ ਸਰਕਾਰ ਖ਼ੁਦ ਖਰੀਦੇਗੀ।
ਪੰਜਾਬ ਵਿੱਚ ਸਭ ਤੋਂ ਜ਼ਿਆਦਾ ਕਣਕ ਤੇ ਝੋਨੇ ਦੀ ਖੇਤੀ ਹੁੰਦੀ ਹੈ। ਆਮ ਤੌਰ 'ਤੇ ਕਿਸਾਨਾਂ ਵੱਲੋਂ ਪਹਿਲਾਂ ਆਪਣੇ ਖੇਤਾਂ ਵਿੱਚ ਪਾਣੀ ਛੱਡ ਕੇ ਅਤੇ ਕੱਦੂ ਕਰਕੇ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਬੇਹੱਦ ਥੱਲੇ ਚਲਾ ਗਿਆ ਹੈ। ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ 170 ਫੁੱਟ ਡੂੰਘਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਅਜਿਹੀਆਂ ਫ਼ਸਲਾਂ ਬੀਜਣ ਜਾਂ ਫ਼ਸਲਾਂ ਦੀ ਬਿਜਾਈ ਇਸ ਤਰ੍ਹਾਂ ਕੀਤੀ ਜਾਵੇ, ਜਿਸ ਨਾਲ ਪਾਣੀ ਦੀ ਖਪਤ ਘੱਟ ਤੋਂ ਘੱਟ ਹੋਵੇ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨਾਂ ਨੇ ਦੱਸੇ ਝੋਨੇ ਦੀ ਸਿੱਧੀ ਬਿਜਾਈ ਦੇ ਫ਼ਾਇਦੇ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਹਨ, ਜੋ ਸੁੱਕੇ ਖੇਤਾਂ ਵਿੱਚ ਚੱਲਦੀਆਂ ਹਨ। ਇਸ ਪ੍ਰਕਿਰਿਆ ਦੌਰਾਨ ਖੇਤ 'ਚ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਬਿਜਾਈ ਕਰਨ ਤੋਂ 21 ਦਿਨ ਬਾਅਦ ਖੇਤ ਵਿੱਚ ਪਾਣੀ ਛੱਡਣਾ ਪੈਂਦਾ ਹੈ। ਜਦੋਂ ਕਿ ਪਰੰਪਰਾਗਤ ਤਰੀਕੇ ਨਾਲ ਝੋਨਾ ਲਾਉਣ ਲਈ ਖੇਤ ਵਿੱਚ ਪਾਣੀ ਭਰ ਕੇ ਰੱਖਣਾ ਪੈਂਦਾ ਹੈ, ਜਿਸ ਨਾਲ ਪਾਣੀ ਦੀ ਬੇਹੱਦ ਜ਼ਿਆਦਾ ਵਰਤੋਂ ਹੁੰਦੀ ਹੈ। ਪਿੰਡ ਸਤੌਜ ਦੇ ਕਿਸਾਨਾਂ ਨੇ ਕਿਹਾ, ''ਇਹ ਸਾਡੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਮੁਹਿੰਮ ਦੀ ਸ਼ੁਰੂਆਤ ਹੋ ਰਹੀ ਹੈ, ਜਿਸ ਨਾਲ ਪੰਜਾਬ ਦਾ ਪਾਣੀ ਬਚੇਗਾ।
ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ 'ਤੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਾਂ, ਕਿਉਂਕਿ ਸਾਨੂੰ ਵੀ ਪਾਣੀ ਦੀ ਚਿੰਤਾ ਹੈ। ਪਾਣੀ ਬਚਾਉਣ ਦੀ ਸਾਡੀ ਵੀ ਇੱਛਾ ਹੈ। ਕਿਸਾਨਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਚੰਗਾ ਝਾੜ ਨਿਕਲਿਆ ਸੀ। ਇਹ ਅਫ਼ਵਾਹ ਹੈ ਕਿ ਸਿੱਧੀ ਬਿਜਾਈ ਨਾਲ ਝਾੜ 'ਤੇ ਅਸਰ ਪੈਂਦਾ ਹੈ। ਇਸ ਨਾਲ ਝਾੜ 'ਤੇ ਕੋਈ ਅਸਰ ਨਹੀਂ ਪੈਂਦਾ। ਸਗੋਂ ਨਵੀਂ ਤਕਨੀਕ ਨਾਲ ਬਿਜਾਈ ਕਰਨ 'ਤੇ ਪਾਣੀ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਠੇਕੇ 'ਤੇ ਜ਼ਮੀਨ ਦੇਣ ਵਾਲੇ ਲੋਕਾਂ ਨੇ ਵੀ ਐਲਾਨ ਕੀਤਾ ਕਿ ਜੇ ਕੋਈ ਕਿਸਾਨ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰੇਗਾ ਤਾਂ ਉਸ ਤੋਂ ਠੇਕੇ ਦੀ ਰਕਮ ਡੇਢ ਹਜ਼ਾਰ ਰੁਪਏ ਪ੍ਰਤੀ ਏਕੜ ਘੱਟ ਲਈ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ, ''ਸਾਡੀ ਤਾਂ ਜ਼ਿੰਦਗੀ ਨਿਕਲ ਗਈ ਪਰ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਪਾਣੀ ਨੂੰ ਲੈ ਕੇ ਸਾਡੇ ਤੋਂ ਸਵਾਲ ਜ਼ਰੂਰ ਪੁੱਛਣਗੇ। ਇਸ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਪਹਿਲ ਕੀਤੀ ਹੈ। ਪਾਣੀ ਬਚਾਉਣ ਲਈ ਪੰਜਾਬ ਸਰਕਾਰ ਅਤੇ ਕਿਸਾਨਾਂ ਦੀ ਇਹ ਚੰਗੀ ਪਹਿਲ ਹੈ। ਇਸ ਨਾਲ ਸਾਡਾ ਪਾਣੀ ਬਚੇਗਾ ਅਤੇ ਕਿਸਾਨੀ ਵੀ ਬਚੇਗੀ। ਇਸ ਮੁਹਿੰਮ 'ਚ ਸਰਕਾਰ ਦਾ ਸਾਥ ਦੇਣ ਲਈ ਮੈਂ ਆਪਣੇ ਪਿੰਡ ਦੇ ਸਾਰੇ ਲੋਕਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ।''