ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕੀਤਾ ਵੱਡਾ ਐਲਾਨ, ਬੀਜੇਪੀ ਦੀਆਂ ਵਧਣਗੀਆਂ ਮੁਸ਼ਕਲਾਂ
ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਬੀਜੇਪੀ ਦੇ ਫਿਕਰ ਵਧਾ ਦਿੱਤੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਮਗਰੋਂ ਬੀਜੇਪੀ ਦੇ ਦੂਜੇ ਗੜ੍ਹ ਗੁਜਰਾਤ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕੇਂਦਰ ਦੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਛੇਤੀ ਹੀ ਗੁਜਰਾਤ ਦਾ ਦੌਰਾ ਕਰਨਗੇ।
ਗਾਜ਼ੀਪੁਰ: ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਬੀਜੇਪੀ ਦੇ ਫਿਕਰ ਵਧਾ ਦਿੱਤੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਮਗਰੋਂ ਬੀਜੇਪੀ ਦੇ ਦੂਜੇ ਗੜ੍ਹ ਗੁਜਰਾਤ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕੇਂਦਰ ਦੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਲਈ ਸਮਰਥਨ ਮੰਗਣ ਵਾਸਤੇ ਛੇਤੀ ਹੀ ਗੁਜਰਾਤ ਦਾ ਦੌਰਾ ਕਰਨਗੇ। ਉਨ੍ਹਾਂ ਇਹ ਐਲਾਨ ਦਿੱਲੀ-ਯੂਪੀ ਬਾਰਡਰ ਗਾਜ਼ੀਪੁਰ ’ਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਇੱਕ ਵਫਦ ਨਾਲ ਮੁਲਾਕਾਤ ਦੌਰਾਨ ਕੀਤਾ।
ਦੱਸ ਦੇਈਏ ਕਿ ਰਾਕੇਸ਼ ਟਿਕੈਤ ਬੀਤੇ ਨਵੰਬਰ ਮਹੀਨੇ ਤੋਂ ਜ਼ਿਆਦਾਤਰ ਗਾਜ਼ੀਪੁਰ ਬਾਰਡਰ ਉੱਤੇ ਹੀ ਧਰਨੇ ’ਤੇ ਬੈਠਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਨਵੇਂ ਕਾਨੂੰਨਾਂ ਮੁਤਾਬਕ ਕਿਸਾਨ ਆਪਣੀ ਖੇਤੀ ਉਪਜ ਦਾ ਕੋਈ ਹਿੱਸਾ ਨਹੀਂ ਲੈ ਸਕਣਗੇ ਕਿਉਂਕਿ ਨਵੇਂ ਕਾਨੂੰਨ ਸਿਰਫ਼ ਕਾਰਪੋਰੇਟ ਅਦਾਰੇ ਦਾ ਹੀ ਪੱਖ ਲੈਣਗੇ।
ਉਨ੍ਹਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਪਿੰਡ ਵਿੱਚ ਦੁੱਧ ਦੀ ਕੀਮਤ ਲਗਪਗ 20 ਤੋਂ 22 ਰੁਪਏ ਪ੍ਰਤੀ ਲਿਟਰ ਹੁੰਦੀ ਹੈ ਪਰ ਜਦੋਂ ਉਹ ਵੱਡੀਆਂ ਵਪਾਰਕ ਕੰਪਨੀਆਂ ਰਾਹੀਂ ਸ਼ਹਿਰਾਂ ’ਚ ਪੁੱਜਦਾ ਹੈ, ਤਾਂ ਉਸ ਦੀ ਕੀਮਤ 50 ਰੁਪਏ ਪ੍ਰਤੀ ਲਿਟਰ ਤੋਂ ਵੀ ਜ਼ਿਆਦਾ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਵਪਾਰਕ ਘਰਾਣੇ ਅਨਾਜ ਦਾ ਭੰਡਾਰ ਕਰਨ ਲਈ ਵੱਡੇ-ਵੱਡੇ ਗੁਦਾਮ ਬਣਾ ਰਹੇ ਹਨ ਤੇ ਬਾਜ਼ਾਰ ਵਿੱਚ ਅਨਾਜ ਦੀ ਕਿੱਲਤ ਹੋਣ ਉੱਤੇ ਉਹ ਉਸ ਨੂੰ ਆਪਣੀ ਮਨਮਰਜ਼ੀ ਦੀ ਕੀਮਤ ਉੱਤੇ ਵੇਚਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਦੇਸ਼ ਵਿੱਚ ਅਜਿਹੇ ਹਾਲਾਤ ਪੈਦਾ ਨਹੀਂ ਹੋਣ ਦੇਣਗੇ। ਕਿਸਾਨਾਂ ਨੂੰ ਸਿਰਫ਼ ਇਸੇ ਗੱਲ ਦੀ ਚਿੰਤਾ ਹੈ। ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿ ਇਸ ਦੇਸ਼ ਦੀ ਫ਼ਸਲ ਨੂੰ ਕਾਰਪੋਰੇਟ ਕੰਟਰੋਲ ਕਰੇ।
ਉਨ੍ਹਾਂ ਕਿਹਾ ਕਿ ਗਾਂਧੀ ਜੀ ਨੇ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਉਣ ਲਈ ਚਰਖਾ ਵਰਤਿਆ ਸੀ। ਅਸੀਂ ਹੁਣ ਉਸੇ ਚਰਖੇ ਦੀ ਵਰਤੋਂ ਕਰ ਕੇ ਕਾਰਪੋਰੇਟ ਅਦਾਰਿਆਂ ਨੂੰ ਭਜਾਵਾਂਗੇ। ਅਸੀਂ ਹਮਾਇਤ ਲੈਣ ਲਈ ਹੁਣ ਮਹਾਤਮਾ ਗਾਂਧੀ ਦੀ ਜੱਦੀ ਧਰਤੀ ਗੁਜਰਾਤ ਜਾਵਾਂਗੇ।