ਪੜਚੋਲ ਕਰੋ
ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਅੱਜ ਜਿੱਥੇ ਸਾਰਾ ਦੇਸ਼ ਦੀਵਾਲੀ ਮਨ੍ਹਾ ਰਿਹਾ ਹੈ,ਉੱਥੇ ਹੀ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਬੀਤੇ ਦਿਨ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਤਿੰਨ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ। ਦਸੂਹ ਨੇੜੇ ਬੀਤੀ ਰਾਤ ਕਰਜ਼ੇ ਤੋਂ ਤੰਗ ਪਿੰਡ ਠੱਕਰ ਦੇ ਨੌਜਵਾਨ ਕਿਸਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਾਹਿਬਜੀਤ ਸਿੰਘ ਪੁੱਤਰ ਜਸਵੀਰ ਸਿੰਘ ਪਿੰਡ ਠੱਕਰ ਦੀ ਮਾਤਾ ਕੁਲਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਲੜਕੇ ਦੇ ਸਿਰ 4 ਲੱਖ ਰੁਪਏ ਪੀ.ਐੱਨ.ਬੀ. ਬਰਾਂਚ (ਬਲੱਗਣ) ਕਾਲਜ ਰੋਡ ਦਸੂਹਾ ਦਾ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਹੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਦੀ 3 ਸਾਲਾਂ ਬੱਚੀ ਹੈ। ਰਾਮਾਂ ਮੰਡੀ ਦੇ ਰਾਮਾਂ ਥਾਣਾ ਅਧੀਨ ਪੈਂਦੇ ਪਿੰਡ ਮਲਕਾਣਾ ਵਿਖੇ ਇਕ ਨੌਜਵਾਨ ਕਿਸਾਨ ਅਦਾਲਤ ਦੇ ਕਰਜ਼ੇ ਸਬੰਧੀ ਨੋਟਿਸ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਵੱਲੋਂ ਜ਼ਹਿਰੀਲੀ ਵਸਤੂ ਨਿਗਲਣ ਉਪਰੰਤ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਰਾਮਾਂ ਮੰਡੀ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਸ ਦੀ ਮੌਤ ਹੋ ਗਈ। ਕਿਸਾਨ ਆਗੂ ਸਰੂਪ ਸਿੰਘ ਨੇ ਦੱਸਿਆ ਕਿ ਮਿ੍ਤਕ ਕਿਸਾਨ ਗੁਰਪ੍ਰੀਤ ਸਿੰਘ (26) ਪੁੱਤਰ ਹਰਦੇਵ ਸਿੰਘ ਦੇ ਕੋਲ 2 ਏਕੜ ਦੇ ਕਰੀਬ ਜ਼ਮੀਨ ਹੈ। ਉਨ੍ਹਾਂ ਨੇ ਦੱਸਿਆ ਕਿ ਮਿ੍ਤਕ ਕਿਸਾਨ ਦੀ ਰਾਮਾਂ ਮੰਡੀ ਦੇ ਆੜ੍ਹਤੀਏ ਦੇ ਨਾਲ ਆੜ੍ਹਤ ਸੀ ਅਤੇ ਜਿਸ ਨੇ ਉਸ ਤੋਂ ਧੋਖੇ ਨਾਲ ਅਸ਼ਟਾਮ ਭਰਵਾ ਲਿਆ ਸੀ, ਜਿਸ ਕਾਰਨ ਆੜ੍ਹਤੀਏ ਨੇ ਅਦਾਲਤ ਵਿਚ ਕਰਜ਼ਾ ਦਾ ਕੇਸ ਕੀਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਭੇਜੇ ਕਰਜ਼ੇ ਦੇ ਨੋਟਿਸ ਕਾਰਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਅਟਾਰੀ ਨੇੜੇ ਪੁਲਿਸ ਥਾਣਾ ਘਰਿੰਡਾ ਅਧੀਨ ਪੈਂਦੇ ਪਿੰਡ ਅਚਿੰਤ ਕੋਟ ਦੇ ਕਰਜ਼ਾਈ ਕਿਸਾਨ ਵਲੋਂ ਖ਼ੁਦਕਸ਼ੀ ਕਰਨ ਲੈਣ ਦੀ ਖ਼ਬਰ ਹੈ। ਕਿਸਾਨ ਦੀ ਪਤਨੀ ਸਿਮਰਜੀਤ ਕੌਰ ਨੇ ਦੱਸਿਆ ਕਿ ਦਵਿੰਦਰ ਸਿੰਘ (38) ਪੁੱਤਰ ਸਰਮੈਲ ਸਿੰਘ, ਜੋ ਸਾਢੇ ਅੱਠ ਲੱਖ ਰੁਪਏ ਦਾ ਕਰਜ਼ਾਈ ਸੀ ਅਤੇ ਆਪਣੇ ਹਿੱਸੇ ਆਉਂਦੀ ਚਾਰ ਏਕੜ ਜ਼ਮੀਨ ਵੇਚ ਚੁੱਕਾ ਸੀ | ਉਸਨੇ ਦੱਸਿਆ ਕਿ ਹੁਣ ਡੰਗਰ ਰੱਖ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਸਨੇ ਦੱਸਿਆ ਕਿ ਉਸਦਾ ਪਤੀ ਕਰਜ਼ੇ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਮੰਗਲਵਾਰ ਸ਼ਾਮ ਸਾਢੇ ਪੰਜ ਵਜੇ ਜਦੋਂ ਉਹ ਗਾਂ ਦਾ ਦੁੱਧ ਚੋਅ ਰਹੀ ਸੀ ਤਾਂ ਉਸਦੀ ਜੇਠਾਣੀ ਨੇ ਘਰ ਆ ਕੇ ਉਸਨੂੰ ਦੱਸਿਆ ਕਿ ਦਵਿੰਦਰ ਸਿੰਘ ਨੇ ਅੱਜ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਹੈ। ਹਸਪਤਾਲ ਲਿਜਾਂਦਿਆਂ ਰਸਤੇ ਵਿਚ ਉਸਦੀ ਮੌਤ ਹੋ ਗਈ। ਥਾਣਾ ਘਰਿੰਡਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















