ਜੱਟਾ ਤੇਰੀ ਜੂਨ ਬੁਰੀ...! ਕਿਸਾਨਾਂ ਨੂੰ ਪ੍ਰਤੀ ਏਕੜ 15 ਤੋਂ 20 ਹਜ਼ਾਰ ਰੁਪਏ ਦਾ ਨੁਕਸਾਨ, ਕਣਕ ਦਾ ਝਾੜ ਘਟਿਆ
ਖੇਤਾਂ 'ਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ। ਕਿਸਾਨਾਂ ਨੇ ਵਾਢੀ ਵੀ ਸ਼ੁਰੂ ਕਰ ਦਿੱਤੀ ਹੈ। ਸਾਰੇ ਖੇਤ ਸੁਨਹਿਰੀ ਰੰਗ ਦੀ ਕਣਕ ਨਾਲ ਭਰੇ ਪਏ ਹਨ ਪਰ ਕਿਸਾਨਾਂ ਦੇ ਚਿਹਰੇ 'ਤੇ ਕੋਈ ਖੁਸ਼ੀ ਨਹੀਂ ਹੈ।
ਸੰਗਰੂਰ: ਖੇਤਾਂ 'ਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੈ। ਕਿਸਾਨਾਂ ਨੇ ਵਾਢੀ ਵੀ ਸ਼ੁਰੂ ਕਰ ਦਿੱਤੀ ਹੈ। ਸਾਰੇ ਖੇਤ ਸੁਨਹਿਰੀ ਰੰਗ ਦੀ ਕਣਕ ਨਾਲ ਭਰੇ ਪਏ ਹਨ ਪਰ ਕਿਸਾਨਾਂ ਦੇ ਚਿਹਰੇ 'ਤੇ ਕੋਈ ਖੁਸ਼ੀ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਬਰਬਾਦ ਹੋਏ ਹਾਂ, ਸਾਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 15 ਤੋਂ 20 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਆਖ਼ਰ ਇਸ ਵਾਰ ਕਿਸਾਨ ਕਿਉਂ ਹੈ ਪ੍ਰੇਸ਼ਾਨ ਤੇ ਕਣਕ ਦੀ ਫਸਲ ਦਾ ਝਾੜ ਘੱਟ ਹੈ। ਪੜ੍ਹੋ ਸਾਡੀ ਖਾਸ ਗਰਾਊਂਡ ਰਿਪੋਰਟ।
ਖੇਤ ਸੁਨਹਿਰੀ ਰੰਗ ਦੇ ਹਨ, ਕਣਕ ਦੀ ਫ਼ਸਲ ਵਾਢੀ ਲਈ ਤਿਆਰ ਹੈ, ਖੇਤਾਂ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਹੋ ਰਹੀ ਹੈ, ਕੋਈ ਹੱਥਾਂ ਨਾਲ ਵਾਢੀ ਕਰ ਰਿਹਾ ਹੈ। ਕਿਸਾਨ ਆਪਣੀ ਫ਼ਸਲ ਵਿਕਣ ਦੀ ਉਡੀਕ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਗੁਜ਼ਾਰਾ ਇਨ੍ਹਾਂ ਖੇਤਾਂ ਤੋਂ ਚੱਲਦਾ ਹੈ।
ਬੇਸ਼ੱਕ ਤੁਹਾਨੂੰ ਫਸਲ ਤੇ ਇਸ ਦਾ ਰੰਗ ਵਧੀਆ ਲੱਗ ਰਿਹਾ ਹੋਵੇਗਾ ਪਰ ਕਿਸਾਨ ਪ੍ਰੇਸ਼ਾਨ ਹੈ, ਕਿਸਾਨ ਦਾ ਚਿਹਰਾ ਉਦਾਸ ਹੈ, ਉਹ ਪਹਿਲਾਂ ਵਾਂਗ ਖੁਸ਼ੀ ਨਹੀਂ ਹੈ। ਇਸ ਦੀ ਵੀ ਇੱਕ ਵਜ੍ਹਾ ਹੈ ਕਿ ਕਿਸਾਨ ਨੇ ਜੋ ਸੋਚਿਆ, ਉਸ ਹਿਸਾਬ ਨਾਲ ਫ਼ਸਲ ਨਹੀਂ ਹੋਈ। ਇਹ ਕੋਈ ਇੱਕ-ਦੋ ਕਿਸਾਨਾਂ ਦੀ ਗੱਲ ਨਹੀਂ ਬਲਕਿ ਪੂਰੇ ਪੰਜਾਬ 'ਚ ਅਜਿਹੇ ਹਾਲਾਤ ਹਨ।
ਸੰਗਰੂਰ ਦੇ ਪਿੰਡ ਭੁੱਲਰਹੇੜੀ ਦੇ ਕਿਸਾਨ ਅਮਰੀਕ ਸਿੰਘ ਨੇ ਖੇਤ ਵਿੱਚ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ ਤੇ ਆਪਣੇ ਟਰੈਕਟਰ 'ਤੇ ਫਸਲ ਨੂੰ ਮੰਡੀ ਵਿੱਚ ਲੈ ਜਾ ਰਹੇ ਹਨ ਪਰ ਇਹ ਕਿਸਾਨ ਆਪਣੀ ਕਣਕ ਦੀ ਫਸਲ ਤੋਂ ਖੁਸ਼ ਨਹੀਂ ਕਿਉਂਕਿ ਇਸ ਵਾਰ ਝਾੜ ਚੰਗਾ ਨਹੀਂ ਹੋਇਆ। ਅਮਰੀਕ ਸਿੰਘ ਨੇ 130 ਬਿੱਘੇ ਖੇਤ ਵਿੱਚ ਕਣਕ ਦੀ ਫ਼ਸਲ ਬੀਜੀ ਸੀ। ਉਸ ਹਿਸਾਬ ਨਾਲ ਇਸ ਵਾਰ ਉਨ੍ਹਾਂ ਦਾ ਲਗਪਗ 300000 ਰੁਪਏ ਦਾ ਨੁਕਸਾਨ ਹੋਇਆ ਹੈ, ਸਿੱਧੇ ਤੌਰ 'ਤੇ ਕਹੀਏ ਤਾਂ 300000 ਰੁਪਏ ਦੇ ਕਰੀਬ ਕਣਕ ਪਿਛਲੇ ਸਾਲ ਦੇ ਮੁਕਾਬਲੇ ਘਟੀ ਹੈ ਤੇ ਖਰਚਾ ਵੀ ਪਹਿਲਾਂ ਨਾਲੋਂ ਜ਼ਿਆਦਾ ਹੈ।
ਅਮਰੀਕ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਠੀਕ ਨਹੀਂ ਰਿਹਾ। ਪਹਿਲਾਂ ਜਦੋਂ ਕਣਕ ਦੀ ਬਿਜਾਈ ਕੀਤੀ ਗਈ ਤਾਂ ਮੀਂਹ ਪੈ ਗਿਆ ਤੇ ਜਦੋਂ ਪੱਕਣ ਦਾ ਸਮਾਂ ਆਇਆ ਤਾਂ ਮੌਸਮ ਬਹੁਤ ਗਰਮ ਹੋ ਗਿਆ ਤੇ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਗਈ ਤੇ ਦਾਣਾ ਗ੍ਰੋਥ ਨਾ ਕਰ ਸਕਿਆ। ਕਿਸਾਨ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਫ਼ਸਲ ਨੂੰ ਦੇਖ ਕੇ ਮਨ ਨਹੀਂ ਲੱਗਦਾ ਕਿਉਂਕਿ ਮੌਸਮ ਨੇ ਇਸ ਫ਼ਸਲ ਦਾ ਇੰਨਾ ਨੁਕਸਾਨ ਕੀਤਾ ਹੈ ਜਿਸ ਬਾਰੇ ਸੋਚ ਕੇ ਰੋਣਾ ਆਉਂਦਾ ਹੈ।
ਭੁਪਿੰਦਰ ਸਿੰਘ 200 ਬਿੱਘੇ ਤੋਂ ਜ਼ਿਆਦਾ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਕਰੀਬ 500000 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪਿਛਲੀ ਵਾਰ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਵੀ ਚੰਗੀ ਨਹੀਂ ਰਹੀ ਤੇ ਹੁਣ ਕਣਕ ਦਾ ਮੌਸਮ ਗਰਮ ਹੋ ਗਿਆ ਤੇ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਗਈ ਸੀ ਤੇ ਮੰਡੀ ਜਾਣ ਦਾ ਵੀ ਮਨ ਨਹੀਂ ਕਰਦਾ। ਕਣਕ ਦਾ ਦਾਣਾ ਬਹੁਤ ਕਮਜ਼ੋਰ ਨਜ਼ਰ ਆ ਰਿਹਾ ਹੈ।
ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਰੇਟ ਦੇ ਨਾਲ-ਨਾਲ ਬੋਨਸ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਜੇਕਰ ਅਜਿਹਾ ਨਾ ਹੋਇਆ ਤਾਂ ਕਿਸਾਨ ਹੋਰ ਵੀ ਕਰਜ਼ੇ ਹੇਠ ਦੱਬ ਜਾਣਗੇ।