ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਮਨੀਪੁਰ ਦੇ ਹਾਲਾਤ ਸੁਧਰਨ ਦੇ ਨਾਮ ਹੀ ਨਹੀਂ ਲੈ ਰਹੇ। ਇੱਕ ਵਾਰ ਹਾਲਾਤ ਬਿਗੜਦੇ ਹੋਏ ਨਜ਼ਰ ਆ ਰਹੇ ਨੇ ਜਿਸ ਕਰਕੇ ਮੁੜ ਤੋਂ 2 ਜ਼ਿਲਿਆਂ 'ਚ ਕਰਫਿਊ ਲਗਾ ਦਿੱਤਾ ਹੈ ਤੇ 7 ਜ਼ਿਲਿਆਂ 'ਚ ਇੰਟਰਨੈੱਟ ਵੀ ਬੈਨ ਕਰ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਪੂਰਾ..
Manipur Violence: ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਤਿੰਨ ਲਾਸ਼ਾਂ ਮਿਲਣ ਤੋਂ ਬਾਅਦ ਸੂਬੇ ਵਿੱਚ ਹਿੰਸਾ ਅਤੇ ਗੁੱਸਾ ਫੈਲ ਗਿਆ ਹੈ। ਸ਼ਨੀਵਾਰ (16 ਨਵੰਬਰ 2024) ਨੂੰ ਇੰਫਾਲ ਘਾਟੀ ਦੇ ਕਈ ਖੇਤਰਾਂ ਵਿੱਚ ਸੈਂਕੜੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਤਿੰਨਾਂ ਲਾਸ਼ਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਉਹੀ ਲੋਕ ਹਨ ਜੋ ਕੁਝ ਦਿਨ ਪਹਿਲਾਂ ਜਿਰੀਬਾਮ ਤੋਂ ਲਾਪਤਾ ਹੋ ਗਏ ਸਨ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਸ਼ਾਮਲ ਹਨ।
ਲਾਸ਼ਾਂ ਬਰਾਮਦ ਹੋਣ ਦੀ ਖਬਰ ਫੈਲਦੇ ਹੀ ਲੋਕ ਸੜਕਾਂ 'ਤੇ ਆ ਗਏ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਸਨ। ਪ੍ਰਦਰਸ਼ਨਕਾਰੀਆਂ ਨੇ ਇੰਫਾਲ ਪੱਛਮੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਇਸ ਦੌਰਾਨ ਸਥਾਨਕ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ ਅਤੇ ਇੰਫਾਲ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ।
ਵਿਰੋਧ ਪ੍ਰਦਰਸ਼ਨ ਅਤੇ ਕਰਫਿਊ ਦਾ ਐਲਾਨ ਕੀਤਾ
ਜਿਰੀਬਾਮ 'ਚ ਲਾਸ਼ ਮਿਲਣ ਤੋਂ ਬਾਅਦ ਤਣਾਅ ਵਧ ਗਿਆ ਹੈ ਅਤੇ ਮਣੀਪੁਰ ਦੀ ਰਾਜਧਾਨੀ ਇੰਫਾਲ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਹਿੰਸਾ ਤੋਂ ਬਾਅਦ ਰਾਜ ਸਰਕਾਰ ਨੇ ਸ਼ਨੀਵਾਰ (16 ਨਵੰਬਰ 2024) ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਹੁਕਮ ਦਿੱਤਾ ਹੈ। ਸਥਾਨਕ ਨਿਵਾਸੀਆਂ ਦਾ ਦੋਸ਼ ਹੈ ਕਿ ਅੱਤਵਾਦੀਆਂ ਨੇ ਇਨ੍ਹਾਂ ਲਾਪਤਾ ਲੋਕਾਂ ਨੂੰ ਭੱਜਦੇ ਹੋਣ ਅਗਵਾ ਕਰ ਲਿਆ ਸੀ। ਇਸ ਮਾਮਲੇ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਮੀਤੀ ਸੰਗਠਨਾਂ ਨੇ ਦਾਅਵਾ ਕੀਤਾ ਕਿ ਇਹ ਲੋਕ ਅੱਤਵਾਦੀਆਂ ਹੱਥੋਂ ਮਾਰੇ ਗਏ ਹਨ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇੰਟਰਨੈੱਟ ਸੇਵਾ ਪਾਬੰਦੀ
ਮਨੀਪੁਰ 'ਚ ਵਧਦੇ ਤਣਾਅ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕਈ ਜ਼ਿਲ੍ਹਿਆਂ 'ਚ ਇੰਟਰਨੈੱਟ ਅਤੇ ਮੋਬਾਈਲ ਡਾਟਾ ਸੇਵਾਵਾਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ਦੇ ਤਹਿਤ, 16 ਨਵੰਬਰ, 2024 ਤੋਂ ਪ੍ਰਭਾਵੀ, ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ ਅਤੇ ਹੋਰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ ਰਹਿਣਗੀਆਂ। ਇਹ ਕਦਮ ਸੂਬੇ ਵਿੱਚ ਅਫਵਾਹਾਂ ਅਤੇ ਭੜਕਾਊ ਸਮੱਗਰੀ ਫੈਲਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ, ਜਿਸ ਨਾਲ ਹਿੰਸਾ ਭੜਕ ਸਕਦੀ ਹੈ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਦਾ ਸਰਕਾਰ 'ਤੇ ਹਮਲਾ
ਕਾਂਗਰਸ ਪਾਰਟੀ ਨੇ ਮਣੀਪੁਰ 'ਚ ਵਧਦੇ ਤਣਾਅ 'ਤੇ ਚਿੰਤਾ ਜ਼ਾਹਰ ਕਰਦਿਆਂ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਇਸ ਹਿੰਸਾ ਪ੍ਰਤੀ ਨਾਂਹ-ਪੱਖੀ ਰਵੱਈਆ ਅਪਣਾ ਰਹੀ ਹੈ। ਕਾਂਗਰਸ ਨੇ ਟਵੀਟ ਕੀਤਾ ਕਿ ਮਨੀਪੁਰ 'ਚ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਅਤੇ ਇਸ ਦੌਰਾਨ ਪ੍ਰਧਾਨ ਮੰਤਰੀ ਵਿਦੇਸ਼ ਦੌਰੇ 'ਤੇ ਗਏ ਹੋਏ ਹਨ। ਪਾਰਟੀ ਨੇ ਮਨੀਪੁਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।