ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ!
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਦੋਵਾਂ ਸੂਬਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮਾਨਸੂਨ ਪਹੁੰਚਣ ਦੀ ਉਮੀਦ ਹੈ। ਇਸ ਨਾਲ ਝੋਨੇ ਦੀ ਲੁਆਈ ਵਿੱਚ ਵੱਡੀ ਰਾਹਤ ਮਿਲੇਗੀ।
ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਦੋਵਾਂ ਸੂਬਿਆਂ ਵਿੱਚ ਅਗਲੇ 48 ਘੰਟਿਆਂ ਵਿੱਚ ਮਾਨਸੂਨ ਪਹੁੰਚਣ ਦੀ ਉਮੀਦ ਹੈ। ਇਸ ਨਾਲ ਝੋਨੇ ਦੀ ਲੁਆਈ ਵਿੱਚ ਵੱਡੀ ਰਾਹਤ ਮਿਲੇਗੀ।
ਮੌਸਮ ਵਿਭਾਗ ਮੁਤਾਬਕ ਦੱਖਣੀ ਪੱਛਮੀ ਮਾਨਸੂਨ ਚੰਗੀ ਗਤੀ ਨਾਲ ਅੱਗੇ ਵਧ ਰਹੀ ਹੈ। ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਮਾਨਸੂਨ ਦੇ ਅਗਲੇ 48 ਘੰਟਿਆਂ ਵਿੱਚ ਦਿੱਲੀ, ਪੰਜਾਬ ਤੇ ਹਰਿਆਣਾ ਪੁੱਜਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ 18 ਜੂਨ ਤੱਕ ਪੰਜਾਬ ਵਿੱਚ ਝੱਖੜ ਝੁੱਲਦੇ ਰਹਿਣ ਤੇ ਮੀਂਹ ਵਰ੍ਹਨ ਦੀ ਸੰਭਾਵਨਾ ਜਤਾਈ ਹੈ। ਇਸ ਨੂੰ ਪ੍ਰੀ-ਮਾਨਸੂਨ ਕਿਹਾ ਜਾ ਰਿਹਾ ਸੀ। 13 ਜੂਨ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ 14 ਲਈ ਯੈਲੋ ਅਲਰਟ ਹੈ। 15 ਨੂੰ ਔਰੈਂਜ ਤੇ 16 ਨੂੰ ਯੈਲੋ ਅਲਰਟ ਹੋਵੇਗਾ। ਪਿਛਲੇ 48 ਘੰਟਿਆਂ ਤੋਂ ਰਾਜ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।
ਸ਼ਨਿੱਚਰਵਾਰ ਨੂੰ ਗੁਰਦਾਸਪੁਰ ਵਿਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤੀਂ ਤੂਫਾਨ ਦੇ ਨਾਲ ਹਲਕੀ ਬਾਰਸ਼ ਹੋਈ। ਮੁਕਤਸਰ ਵਿੱਚ ਗੜੇ ਪੈ ਗਏ ਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ। ਗੁਰਦਾਸਪੁਰ 28.8 ਮਿਲੀਮੀਟਰ, ਜਲੰਧਰ 16.5 ਮਿਲੀਮੀਟਰ, ਲੁਧਿਆਣਾ 11.8 ਮਿਲੀਮੀਟਰ, ਪਟਿਆਲਾ 12.4 ਮਿਲੀਮੀਟਰ, ਨਵਾਂਸ਼ਹਿਰ 7.8 ਮਿਲੀਮੀਟਰ, ਹੁਸ਼ਿਆਰਪੁਰ 5.6 ਮਿਲੀਮੀਟਰ, ਫਤਿਹਗੜ 4.8 ਮਿਲੀਮੀਟਰ, ਰੋਪੜ 3.5 ਮਿਲੀਮੀਟਰ ਸੰਗਰੂਰ 1.9 ਮਿਲੀਮੀਟਰ।
ਦੂਜੇ ਪਾਸੇ, ਉੱਤਰ-ਪੱਛਮ ਵੱਲ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਦੇਸ਼ ਦੇ ਕਈ ਰਾਜਾਂ ਵਿਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਓਡੀਸ਼ਾ ਤੇ ਪੱਛਮੀ ਬੰਗਾਲ ਦੇ ਗੰਗਾ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਅਗਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਛੱਤੀਸਗੜ੍ਹ ਸਣੇ ਕਈ ਰਾਜਾਂ ਵਿੱਚ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ, ਜੋ ਮੱਧ ਭਾਰਤ ਪਹੁੰਚ ਗਿਆ ਹੈ, ਦੇਸ਼ ਦੇ ਉੱਤਰੀ ਹਿੱਸਿਆਂ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਗਲੇ ਦੋ ਦਿਨਾਂ ਵਿੱਚ ਇਸ ਦੇ ਪੂਰੇ ਉੱਤਰੀ ਭਾਰਤ ਦੇ ਕਵਰ ਕਰਨ ਦੀ ਸੰਭਾਵਨਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :