ਸਰਕਾਰੀ ਖਰੀਦ ਏਜੰਸੀਆਂ ਕਣਕ ਖਰੀਦਣ ਤੋਂ ਕਰ ਰਹੀਆਂ ਨਖ਼ਰੇ, ਅਡਾਨੀ ਸਾਇਲੋ ਪਲਾਂਟ ਕਰ ਰਿਹਾ ਧੜਾਧੜ ਖਰੀਦ, ਸਿੱਧੀ ਟਰਾਲੀ ਤੋਲ ਕੇ ਤੁਰੰਤ ਪੇਮੈਂਟ
ਸਰਕਾਰੀ ਖਰੀਦ ਏਜੰਸੀਆਂ ਕਣਕ ਖਰੀਦਣ ਤੋਂ ਨਖਰੇ ਕਰ ਰਹੀਆਂ ਪਰ ਅਡਾਨੀ ਸਾਇਲੋ ਪਲਾਂਟ ਵਿੱਚ ਫਸਲ ਧੜਾਧੜ ਵਿਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਕਣਕ ਦੀ ਕੋਈ ਸਾਫ-ਸਫਾਈ ਵੀ ਨਹੀਂ ਕੀਤੀ ਜਾਂਦੀ ਤੇ ਸਿੱਧੀ ਟਰਾਲੀ ਤੋਲ ਕੇ ਪੇਮੈਂਟ ਕਰ ਦਿੱਤੀ ਜਾਂਦੀ ਹੈ।
ਮੋਗਾ: ਸਰਕਾਰੀ ਖਰੀਦ ਏਜੰਸੀਆਂ ਕਣਕ ਖਰੀਦਣ ਤੋਂ ਨਖਰੇ ਕਰ ਰਹੀਆਂ ਪਰ ਅਡਾਨੀ ਸਾਇਲੋ ਪਲਾਂਟ ਵਿੱਚ ਫਸਲ ਧੜਾਧੜ ਵਿਕ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਕਣਕ ਦੀ ਕੋਈ ਸਾਫ-ਸਫਾਈ ਵੀ ਨਹੀਂ ਕੀਤੀ ਜਾਂਦੀ ਤੇ ਸਿੱਧੀ ਟਰਾਲੀ ਤੋਲ ਕੇ ਪੇਮੈਂਟ ਕਰ ਦਿੱਤੀ ਜਾਂਦੀ ਹੈ। ਇਸ ਲਈ ਮੋਗੀ ਸਥਿਤ ਅਡਾਨੀ ਸਾਇਲੋ ਪਲਾਂਟ ਬਾਹਰ ਕਣਕ ਦੀਆਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ।
ਦੱਸ ਦਈਏ ਕਿ ਫਿਰੋਜ਼ਪੁਰ ਰੋਡ ’ਤੇ ਸਥਿਤ ਆਧੁਨਿਕ ਅਡਾਨੀ ਸਾਇਲੋ ਪਲਾਂਟ ਕਿਸਾਨ ਅੰਦੋਲਨ ਦੌਰਾਨ ਤਕਰੀਬਨ ਸਾਲ ਭਰ ਬੰਦ ਰਿਹਾ। ਇੱਕ ਵੇਲੇ ਕੰਪਨੀ ਨੇ ਮੁਲਾਜ਼ਮਾਂ ਨੂੰ ਕੱਢ ਕੇ ਪਲਾਂਟ ਪੱਕੇ ਤੌਰ 'ਤੇ ਬੰਦ ਕਰਨ ਦਾ ਵੀ ਸੰਕੇਤ ਦਿੱਤਾ ਸੀ ਪਰ ਖੇਤੀ ਕਾਨੂੰਨ ਵਾਪਸ ਲੈਣ ਕਾਰਨ ਸਥਿਤੀ ਬਦਲ ਗਈ ਹੈ। ਹੁਣ ਕਣਕ ਵੇਚਣ ਲਈ ਇਹ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ।
ਕਿਸਾਨਾਂ ਵੱਲੋਂ ਇਸ ਪਲਾਂਟ ਨੂੰ ਤਰਜੀਹ ਦੇਣ ਦਾ ਮੁੱਖ ਕਾਰਨ ਇਹ ਹੈ ਕਿ ਇੱਥੇ ਬਾਰਦਾਨੇ ਦੀ ਲੋੜ ਨਹੀਂ ਪੈਂਦੀ, ਜਦਕਿ ਮੰਡੀਆਂ ਵਿੱਚ ਕਣਕ ਵੇਚਣ ਲਈ ਕਿਸਾਨਾਂ ਨੂੰ ਚਾਰ-ਪੰਜ ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਮੰਡੀਆਂ ਵਿੱਚ ਖਰੀਦ ਏਜੰਸੀਆਂ ਜ਼ਿਆਦਾ ਨਮੀ ਦੱਸ ਕੇ ਕਣਕ ਖਰੀਦਣ ਤੋਂ ਟਾਲਾ ਵੱਟ ਰਹੀਆਂ ਹਨ। ਕਿਸਾਨ ਟਰਾਲੀਆਂ ਵਿੱਚ ਖੁੱਲ੍ਹੀ ਕਣਕ ਭਰ ਕੇ ਸਾਇਲੋ ਵਿੱਚ ਲਿਆਉਂਦੇ ਹਨ।
ਇੱਥੇ ਕਰੀਬ ਡੇਢ ਕਿਲੋਮੀਟਰ ਤੱਕ ਕਣਕ ਦੀਆਂ ਭਰੀਆਂ ਟਰਾਲੀਆਂ ਦੀ ਕਤਾਰ ਲੱਗ ਹੋਈ ਹੈ। ਕਣਕ ਦੀ ਆਮਦ ਵਿੱਚ ਅਚਾਨਕ ਵਾਧਾ ਹੋਣ ਕਾਰਨ ਪਲਾਂਟ ਵਿੱਚ ਕਣਕ ਵੇਚਣ ਆਏ ਕਿਸਾਨਾਂ ਨੂੰ 12-12 ਘੰਟੇ ਧੁੱਪ ’ਚ ਖੜ੍ਹਨਾ ਪੈ ਰਿਹਾ ਹੈ, ਜਦਕਿ ਪਲਾਂਟ ਵਿੱਚ ਦਾਖ਼ਲ ਹੋਣ ’ਤੇ ਕਿਸਾਨ ਨੂੰ ਕਣਕ ਸਟੋਰ ਕਰਨ ਮਗਰੋਂ ਅੱਧੇ ਘੰਟੇ ਵਿੱਚ ਹੀ ਪੇਮੈਂਟ ਸਲਿੱਪ ਮਿਲ ਜਾਂਦੀ ਹੈ।
ਮੰਡੀਆਂ ਵਿੱਚ ਜਿੱਥੇ ਮਜ਼ਦੂਰਾਂ ਵੱਲੋਂ ਸਫ਼ਾਈ ਕਰਕੇ ਕਣਕ ਭਰੀ ਜਾਂਦੀ ਹੈ, ਉੱਥੇ ਹੀ ਸਾਇਲੋ ਵਿੱਚ ਕਣਕ ਦੀ ਭਰੀ ਟਰਾਲੀ ਨੂੰ ਤੋਲ ਕੇ ਉਤਾਰਿਆ ਜਾਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ, ਉਥੇ ਪ੍ਰਤੀ ਟਰਾਲੀ 3 ਤੋਂ 4 ਹਜ਼ਾਰ ਦਾ ਮੁਨਾਫ਼ਾ ਵੀ ਹੁੰਦਾ ਹੈ, ਕਿਉਂਕਿ ਅਡਾਨੀ ਗਰੁੱਪ ਦੇ ਸਾਇਲੋ ਗੋਦਾਮ ਵਿੱਚ ਸਟੋਰ ਕਰਨ ਲਈ ਭਾਰਤੀ ਖੁਰਾਕ ਨਿਗਮ (ਐਫਸੀਆਈ) ਵੱਲੋਂ ਕਿਸਾਨਾਂ ਤੋਂ ਸਿੱਧੀ ਕਣਕ ਖਰੀਦੀ ਜਾ ਰਹੀ ਹੈ।
ਅਡਾਨੀ ਸਾਇਲੋ ਪਲਾਂਟ ਦੇ ਮੈਨੇਜਰ ਅਮਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਸਾਇਲੋ ਪਲਾਂਟ ਵਿੱਚ ਹਰ ਰੋਜ਼ ਕਰੀਬ 1100 ਟਰਾਲੀਆਂ ਵਿੱਚੋਂ ਕਣਕ ਉਤਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਤੋਂ 72 ਘੰਟਿਆਂ ’ਚ ਕਣਕ ਦੀ ਅਦਾਇਗੀ ਕੀਤੀ ਜਾ ਰਹੀ ਹੈ।