ਪੜਚੋਲ ਕਰੋ
ਚਿੱਟੀ ਮੱਖੀ ਦੇ ਟਾਕਰੇ 'ਚ ਭੂਰੀ ਮੱਖੀ, ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ

ਪ੍ਰਤੀਕਾਤਮਕ ਤਸਵੀਰ
ਮਾਨਸਾ: ਮਾਲਵੇ ਨੂੰ ਕਪਾਹ ਪੱਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਜਿਵੇਂ ਇੱਥੇ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਨਾਂ ਦੇ ਕੀਟ ਪ੍ਰਭਾਵਿਤ ਕਰਦੇ ਆ ਰਹੇ ਹਨ, ਇਸ ਤੋਂ ਕਿਸਾਨ ਕਾਫੀ ਨਿਰਾਸ਼ ਹਨ। ਇਨ੍ਹਾਂ ਕੀਟਾਂ ਕਾਰਨ ਜਿੱਥੇ ਨਰਮੇ ਦਾ ਝਾੜ ਪ੍ਰਭਾਵਿਤ ਹੋਇਆ, ਉੱਥੇ ਕਿਸਾਨਾਂ ਲਈ ਨਵੀਂ ਉਮੀਦ ਵੀ ਜਾਗੀ ਹੈ। ਇਹ ਨਵੀਂ ਆਸ ਹੈ ਨਰਮੇ ਦੇ ਫੁੱਲਾਂ ਤੋਂ ਸ਼ਹਿਦ ਤਿਆਰ ਕਰਨਾ। ਸੁਣਨ ਵਿੱਚ ਥੋੜ੍ਹਾ ਅਜੀਬ ਜਾਪਦਾ ਹੈ, ਪਰ ਇਹ ਸੱਚ ਹੈ। ਸ਼ਹਿਦ ਦਾ ਕਾਰੋਬਾਰ ਕਰਨ ਵਾਲੀਆਂ ਉੱਤਰੀ ਭਾਰਤ ਦੀਆਂ ਵੱਡੀਆਂ ਕੰਪਨੀਆਂ ਨੇ ਹੁਣ ਮਾਲਵਾ ਪੱਟੀ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹ ਕੰਪਨੀਆਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿਚਲੇ ਰੰਗ-ਬਰੰਗੇ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਨ ਦਾ ਕਾਰੋਬਾਰ ਕਰਦੀਆਂ ਸਨ, ਪਰ ਹੁਣ ਉਹ ਮਾਲਵਾ ਖੇਤਰ ਵਿੱਚ ਬੀ.ਟੀ. ਕਾਟਨ ਤੋਂ ਸ਼ਹਿਦ ਇਕੱਠਾ ਕਰਕੇ ਚੰਗਾ ਮੁਨਾਫ਼ਾ ਕਮਾ ਰਹੀਆਂ ਹਨ। ਇਸ ਖੇਤਰ ਵਿੱਚ ਜਦੋਂ ਨਰਮੇ ਦੀ ਪੁਟਾਈ ਮਗਰੋਂ ਕੰਪਨੀਆਂ ਵੱਲੋਂ ਖੇਤਾਂ ਅਤੇ ਸੜਕਾਂ ਕਿਨਾਰੇ ਰੱਖੇ ਮੱਖੀਆਂ ਦੇ ਬਕਸਿਆਂ ’ਚੋਂ ਕੱਢੇ ਸ਼ਹਿਦ ਦਾ ਲੇਖਾ-ਜੋਖਾ ਹੋਇਆ ਤਾਂ ਕਾਰੋਬਾਰੀਆਂ ਦੇ ਵਾਰੇ-ਨਿਆਰੇ ਹੋਣ ਦੀ ਜਾਣਕਾਰੀ ਮਿਲੀ। ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਕਿਸਾਨ ਸ਼ਹਿਦ ਲੈ ਕੇ ਕਸਬਿਆਂ ਤੇ ਸ਼ਹਿਰਾਂ ਵਿੱਚ ਮੰਡੀਕਰਨ ਕਰਨ ਲੱਗੇ ਹਨ। ਸ਼ਹਿਦ ਨੂੰ ਵਪਾਰਕ ਤੌਰ ’ਤੇ ਪੈਦਾ ਕਰਨ ਵਾਲੇ ਇੱਕ ਕੰਪਨੀ ਦੇ ਪ੍ਰਬੰਧਕ ਮੋਹਿਤ ਸ੍ਰੀਵਾਸਤਵਾ ਨੇ ਦੱਸਿਆ ਕਿ ਹੁਣ ਨਰਮੇ ਦੇ ਫੁੱਲਾਂ ਅਤੇ ਬੇਰੀਆਂ ਦੇ ਬੂਰ ’ਚੋਂ ਮੱਖੀਆਂ ਸ਼ਹਿਦ ਚੂਸਣ ਵਿੱਚ ਮਾਹਿਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਨਰਮੇ 'ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਵੀ ਹੁੰਦਾ ਹੈ, ਪਰ ਇਹ ਮੱਖੀਆਂ ਉਸ ਖੇਤ ਵਾਲੇ ਪਾਸੇ ਜਾਂਦੀਆਂ ਹੀ ਨਹੀਂ ਹਨ। ਉਨ੍ਹਾਂ ਦੱਸਿਆ ਕਿ ਇਹ ਮਧੂ-ਮੱਖੀਆਂ ਮਾਲਵਾ ਪੱਟੀ ਦੇ ਨਰਮੇ-ਕਪਾਹ ਤੋਂ ਇਲਾਵਾ ਪਸ਼ੂਆਂ ਦੇ ਚਾਰੇ, ਅਨਾਜ, ਦਾਲਾਂ, ਰੇਸ਼ੇਦਾਰ ਫ਼ਸਲਾਂ, ਸਬਜ਼ੀਆਂ, ਫ਼ਲਦਾਰ ਤੇ ਸਜਾਵਟੀ ਬੂਟਿਆਂ ਦਾ ਪਰਾਗ ਰਾਹੀਂ ਸ਼ਹਿਦ ਇਕੱਠਾ ਕਰਦੀਆਂ ਹਨ। ਖੇਤੀਬਾੜੀ ਵਿਭਾਗ ਦੇ ਸਾਬਕਾ ਜ਼ਿਲ੍ਹਾ ਮੁੱਖ ਅਫ਼ਸਰ ਡਾ. ਅਮਰਜੀਤ ਲਾਲ ਸ਼ਰਮਾ ਨੇ ਦੱਸਿਆ ਕਿ ਸ਼ਹਿਦ ਦੀ ਵਰਤੋਂ ਜ਼ਖ਼ਮਾਂ, ਸਰਦੀ-ਜ਼ੁਕਾਮ, ਖੰਘ ਅਤੇ ਗਲੇ ਦੇ ਰੋਗਾਂ, ਅੰਤੜੀਆਂ ਦੇ ਜ਼ਖ਼ਮਾਂ ਤੇ ਫੇਫੜਿਆਂ, ਖੂਨ ਸਾਫ ਕਰਨ, ਪਾਚਨ ਪ੍ਰਣਾਲੀ ਅਤੇ ਦੁਖਦੀਆਂ ਅੱਖਾਂ ਨੂੰ ਠੀਕ ਕਰਨ ਲਈ ਬਹੁਤ ਹੀ ਗੁਣਕਾਰੀ ਸਮਝੀ ਗਈ ਹੈ। ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਲਈ ਵੀ ਸ਼ਹਿਦ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਅੱਜ-ਕੱਲ੍ਹ ਸ਼ਹਿਦ ਦੀ ਵਰਤੋਂ ਖਾਣ-ਪੀਣ ਦੀਆਂ ਵਸਤਾਂ ’ਚ ਵੀ ਹੋਣ ਲੱਗ ਪਈ ਹੈ। ਇੱਕ ਹੋਰ ਕੰਪਨੀ ਦੇ ਪ੍ਰਬੰਧਕ ਕਿਸ਼ੋਰ ਯਾਦਵ ਨੇ ਦੱਸਿਆ ਕਿ ਕਿਸਾਨ ਕੋਲ ਸ਼ਹਿਦ ਨੂੰ ਭੰਡਾਰ ਕਰਨ ਦਾ ਪ੍ਰਬੰਧ ਨਹੀਂ ਹੈ ਅਤੇ ਉਹ ਸ਼ਹਿਦ ਇਕੱਠਾ ਕਰਕੇ ਉਸ ਨੂੰ ਤੁਰੰਤ ਵੇਚਣ-ਵੱਟਣ ਦੀ ਕਾਹਲ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ’ਚ ਸਰਕਾਰ ਸ਼ਹਿਦ ਦੇ ਉਤਪਾਦਨ ਨੂੰ ਸਹਾਇਕ ਧੰਦੇ ਦੀ ਥਾਂ ਸਿੱਧੇ ਧੰਦੇ ਵਜੋਂ ਅਪਣਾਉਣ ਲਈ ਜ਼ਰੂਰੀ ਕਦਮ ਉਠਾਏ। ਦਵਾਈ ਵਿਕਰੇਤਾ ਮੌਜੀ ਰਾਮ ਅਤੇ ਭੀਮ ਸੈਨ ਦਾ ਕਹਿਣਾ ਹੈ ਕਿ ਲੋਕ ਉਨ੍ਹਾਂ ਤੋਂ ਸ਼ਹਿਦ ਅਕਸਰ ਖਰੀਦਦੇ ਹਨ ਅਤੇ ਮਾਰਕਫੈੱਡ ਸਮੇਤ ਹੋਰ ਸਹਿਕਾਰੀ ਅਦਾਰੇ ਵੀ ਇਨ੍ਹਾਂ ਨੂੰ ਵੇਚਣ ਲੱਗ ਪਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















